ਕੰਬਲ ਜਾਂ ਰਜਾਈ ਅੰਦਰ ਮੂੰਹ ਕਰਕੇ ਸੌਣ ਨਾਲ ਸਿਹਤ ਨੂੰ ਹੁੰਦੇ ਨੇ ਕਈ ਵੱਡੇ ਨੁਕਸਾਨ

Global Team
3 Min Read

ਹੈਲਥ ਡੈਸਕ: ਸਰਦੀ ਦੇ ਮੌਸਮ ‘ਚ ਕੜਾਕੇ ਦੀ ਠੰਢ ਵਿਚ ਲੋਕ ਅਕਸਰ ਕੰਬਲ ਜਾਂ ਰਜਾਈ ਦੇ ਵਿਚ ਮੂੰਹ ਦੇ ਕੇ ਸੌਂਦੇ ਹਨ। ਪਰ ਇਹ ਆਦਤ ਤੁਹਾਡੇ ਲਈ ਨੁਕਸਾਨਦਾਇਕ ਸਾਬਤ ਹੋ ਸਕਦੀ ਹੈ। ਰਜਾਈ ਦੇ ਅੰਦਰ ਅਪਣਾ ਚਿਹਰਾ ਢੱਕ ਕੇ ਸੌਣ ਨਾਲ ਤੁਹਾਡੀ ਸਿਹਤ ’ਤੇ ਬਹੁਤ ਬੁਰਾ ਪ੍ਰਭਾਵ ਪੈ ਸਕਦਾ ਹੈ।

ਸਰਦੀਆਂ ਵਿਚ, ਜਦੋਂ ਤੁਸੀਂ ਰਜਾਈ ਨਾਲ ਅਪਣਾ ਮੂੰਹ ਢੱਕ ਕੇ ਸੌਂਦੇ ਹੋ, ਤਾਂ ਆਕਸੀਜਨ ਰਜਾਈ ਦੇ ਅੰਦਰ ਨਹੀਂ ਆ ਸਕਦੀ ਅਤੇ ਨਾ ਹੀ ਰਜਾਈ ਵਿਚੋਂ ਅਸ਼ੁਧ ਹਵਾ ਬਾਹਰ ਜਾ ਸਕਦੀ ਹੈ। ਅਸ਼ੁਧ ਹਵਾ ਦਾ ਸਾਹ ਲੈਣ ਨਾਲ ਤੁਹਾਡੀ ਚਮੜੀ ਦਾ ਰੰਗ ਫਿੱਕਾ ਪੈ ਸਕਦਾ ਹੈ। ਇਸ ਤੋਂ ਇਲਾਵਾ ਇਸ ਨਾਲ ਝੁਰੜੀਆਂ ਵੀ ਪੈ ਸਕਦੀਆਂ ਹਨ। ਇਸ ਤੋਂ ਇਲਾਵਾ ਸਰਦੀਆਂ ’ਚ ਮੂੰਹ ਢੱਕ ਕੇ ਸੌਣ ਨਾਲ ਵੀ ਵਿਅਕਤੀ ਦੇ ਸਰੀਰ ’ਚ ਖ਼ੂਨ ਦਾ ਸੰਚਾਰ ਸਹੀ ਢੰਗ ਨਾਲ ਨਹੀਂ ਹੁੰਦਾ ਹੈ ਜਿਸ ਕਾਰਨ ਚਿਹਰੇ ’ਤੇ ਮੁਹਾਂਸੇ ਦੀ ਸਮੱਸਿਆ ਵੀ ਹੋ ਸਕਦੀ ਹੈ।

ਰਜਾਈ ਨਾਲ ਚਿਹਰਾ ਢੱਕ ਕੇ ਸੌਣ ਦੇ ਨਤੀਜੇ ਤੁਹਾਡੇ ਫੇਫੜਿਆਂ ਨੂੰ ਭੁਗਤਣੇ ਪੈ ਸਕਦੇ ਹਨ। ਅਸਲ ’ਚ ਰਜਾਈ ਦੇ ਅੰਦਰ ਮੂੰਹ ਢੱਕ ਕੇ ਸੌਣ ਨਾਲ ਫੇਫੜਿਆਂ ’ਚ ਹਵਾ ਦਾ ਸੰਚਾਰ ਠੀਕ ਤਰ੍ਹਾਂ ਨਾਲ ਨਹੀਂ ਹੁੰਦਾ ਜਿਸ ਕਾਰਨ ਇਹ ਸੁੰਗੜਨ ਲਗਦੇ ਹਨ। ਇਸ ਨਾਲ ਅਸਥਮਾ, ਡਿਮੈਂਸ਼ੀਆ ਜਾਂ ਸਿਰ ਦਰਦ ਦੀ ਸਮੱਸਿਆ ਵਧ ਸਕਦੀ ਹੈ। ਇਸ ਨਾਲ ਹੀ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਹੀ ਅਸਥਮਾ ਦੀ ਸਮੱਸਿਆ ਹੈ, ਉਨ੍ਹਾਂ ਨੂੰ ਗ਼ਲਤੀ ਨਾਲ ਵੀ ਅਪਣਾ ਚਿਹਰਾ ਰਜਾਈ ਦੇ ਹੇਠਾਂ ਢੱਕ ਕੇ ਨਹੀਂ ਸੌਣਾ ਚਾਹੀਦਾ।

ਅਜਿਹੇ ਲੋਕਾਂ ਲਈ ਦਿਲ ਦੇ ਦੌਰੇ ਦਾ ਖ਼ਤਰਾ ਵੱਧ ਸਕਦਾ ਹੈ। ਦਰਅਸਲ ਰਜਾਈ ਦੇ ਅੰਦਰ ਚਿਹਰਾ ਢੱਕ ਕੇ ਸੌਣ ਨਾਲ ਸਰੀਰ ਨੂੰ ਸਹੀ ਆਕਸੀਜਨ ਨਹੀਂ ਮਿਲਦੀ ਜਿਸ ਦਾ ਸਿੱਧਾ ਅਸਰ ਦਿਲ ’ਤੇ ਪੈਂਦਾ ਹੈ। ਅਜਿਹੀ ਸਥਿਤੀ ’ਚ ਦਿਲ ਦੇ ਦੌਰੇ ਦੇ ਨਾਲ-ਨਾਲ ਦਮ ਘੁਟਣ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਤੋਂ ਇਲਾਵਾ ਰਜਾਈ ਦੇ ਅੰਦਰ ਮੂੰਹ ਢੱਕ ਕੇ ਸੌਣ ਨਾਲ ਵੀ ਚੱਕਰ ਆਉਣ ਜਾਂ ਜੀਅ ਕੱਚਾ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।

ਇਸ ਨਾਲ ਬਲੱਡ ਸਰਕੂਲੇਸ਼ਨ ਪ੍ਰਭਾਵਤ ਹੁੰਦਾ ਹੈ। ਦਰਅਸਲ, ਜਦੋਂ ਕੋਈ ਵਿਅਕਤੀ ਰਜਾਈ ਨਾਲ ਪੂਰੀ ਤਰ੍ਹਾਂ ਢੱਕ ਕੇ ਸੌਂਦਾ ਹੈ, ਤਾਂ ਉਸ ਦੇ ਅੰਦਰ ਆਕਸੀਜਨ ਦੀ ਲੋੜੀਂਦੀ ਮਾਤਰਾ ਨਹੀਂ ਪਹੁੰਚਦੀ ਜਿਸ ਕਾਰਨ ਸਰੀਰ ਅੰਦਰ ਮੌਜੂਦ ਆਕਸੀਜਨ ਦੀ ਵਰਤੋਂ ਵਾਰ-ਵਾਰ ਕਰਦਾ ਹੈ। ਹੌਲੀ-ਹੌਲੀ ਜਦੋਂ ਰਜਾਈ ਦੇ ਅੰਦਰ ਆਕਸੀਜਨ ਦੀ ਮਾਤਰਾ ਘੱਟਣ ਲਗਦੀ ਹੈ ਤਾਂ ਇਸ ਦਾ ਸਿੱਧਾ ਅਸਰ ਖ਼ੂਨ ਸੰਚਾਰ ’ਤੇ ਪੈਂਦਾ ਹੈ ਜਿਸ ਕਾਰਨ ਸਰੀਰ ਦੇ ਹਰ ਹਿੱਸੇ ’ਚ ਖ਼ੂਨ ਦੀ ਸਹੀ ਮਾਤਰਾ ਨਹੀਂ ਪਹੁੰਚ ਪਾਉਂਦੀ।

Share This Article
Leave a Comment