ਨਵੀਂ ਦਿੱਲੀ- ਬੀਜੇਪੀ ਇੱਕ ਵਾਰ ਫਿਰ ਉੱਤਰ ਪ੍ਰਦੇਸ਼ ਵਿੱਚ ਵੱਡੀ ਜਿੱਤ ਦੇ ਨਾਲ ਸੱਤਾ ਵਿੱਚ ਵਾਪਸ ਪਰਤੀ ਹੈ। ਚੋਣਾਂ ‘ਚ ਜਿੱਤ ਤੋਂ ਬਾਅਦ ਯੋਗੀ ਆਦਿੱਤਿਆਨਾਥ ਅੱਜ ਦਿੱਲੀ ਦੇ ਦੌਰੇ ‘ਤੇ ਆਏ ਸੀ। ਇੱਥੇ ਉਨ੍ਹਾਂ ਨੇ ਭਾਜਪਾ ਦੇ ਚੋਟੀ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ। ਇਸ ਦੇ ਨਾਲ ਹੀ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਲਈ 7-ਲੋਕ ਕਲਿਆਣ ਮਾਰਗ ਪਹੁੰਚੇ। ਯੋਗੀ ਆਦਿਤਿਆਨਾਥ ਦੀ ਪੀਐਮ ਮੋਦੀ ਨਾਲ ਗੱਲਬਾਤ ਲੰਬੇ ਸਮੇਂ ਤੱਕ ਚੱਲੀ। ਮੰਨਿਆ ਜਾ ਰਿਹਾ ਹੈ ਕਿ ਯੂਪੀ ‘ਚ ਭਾਜਪਾ ਦੀ ਸਰਕਾਰ ਬਣਨ ਦੇ ਨਾਲ ਹੀ ਨਵੀਂ ਕੈਬਨਿਟ ‘ਤੇ ਵੀ ਚਰਚਾ ਹੋਈ ਹੈ।
ਜਾਣਕਾਰੀ ਮੁਤਾਬਕ ਆਪਣੇ ਨਿਰਧਾਰਤ ਦੌਰੇ ‘ਤੇ ਦਿੱਲੀ ਪਹੁੰਚੇ ਯੋਗੀ ਆਦਿਤਿਆਨਾਥ ਨੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨਾਲ ਸ਼ਿਸ਼ਟਾਚਾਰ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਉਹ ਭਾਜਪਾ ਦੇ ਕੌਮੀ ਜਨਰਲ ਸਕੱਤਰ ਬੀਐੱਲ ਸੰਤੋਸ਼ ਦੇ ਘਰ ਪੁੱਜੇ ਸਨ। ਉਨ੍ਹਾਂ ਨੇ ਭਾਜਪਾ ਦੇ ਕਈ ਹੋਰ ਨੇਤਾਵਾਂ ਨਾਲ ਵੀ ਵੱਖਰੇ ਤੌਰ ‘ਤੇ ਮੁਲਾਕਾਤ ਕੀਤੀ। ਇਸ ਤੋਂ ਬਾਅਦ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਲਈ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ‘ਤੇ ਪਹੁੰਚੇ। ਇਸ ਮੀਟਿੰਗ ‘ਤੇ ਯੂਪੀ ਦੀ ਖਾਸ ਨਜ਼ਰ ਹੈ।
ਯੂਪੀ ਵਿੱਚ ਜਿੱਤ ਤੋਂ ਬਾਅਦ ਯੋਗੀ ਆਦਿਤਿਆਨਾਥ ਪਹਿਲੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਪਹੁੰਚੇ ਹਨ। ਇਸ ਮੀਟਿੰਗ ਦੌਰਾਨ ਉੱਤਰ ਪ੍ਰਦੇਸ਼ ਵਿੱਚ ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਅਹਿਮ ਚਰਚਾ ਹੋ ਸਕਦੀ ਹੈ। ਸਹੁੰ ਚੁੱਕਣ ਤੋਂ ਪਹਿਲਾਂ ਯੋਗੀ ਆਦਿੱਤਿਆਨਾਥ ਦੀ ਪ੍ਰਧਾਨ ਮੰਤਰੀ ਨਾਲ ਇਹ ਮੁਲਾਕਾਤ ਕਈ ਮਾਇਨਿਆਂ ਤੋਂ ਖਾਸ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਅਤੇ ਯੋਗੀ ਦੀ ਇਸ ਮੁਲਾਕਾਤ ਤੋਂ ਬਾਅਦ ਹੀ ਯੂਪੀ ‘ਚ ਕੈਬਨਿਟ ਦੇ ਚਿਹਰਿਆਂ ‘ਤੇ ਤਸਵੀਰ ਸਾਫ ਹੋ ਸਕਦੀਆਂ ਹਨ। ਉਹ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਵੀ ਮੁਲਾਕਾਤ ਕਰਨਗੇ।
ਦਿੱਲੀ ਪਹੁੰਚਣ ਤੋਂ ਬਾਅਦ ਯੋਗੀ ਆਦਿੱਤਿਆਨਾਥ ਬੀਐੱਲ ਸੰਤੋਸ਼ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਪਹੁੰਚੇ। ਉੱਥੇ ਦੋਵਾਂ ਵਿਚਾਲੇ ਕਰੀਬ ਡੇਢ ਘੰਟੇ ਤੱਕ ਗੱਲਬਾਤ ਹੋਈ। ਇਸ ਮੌਕੇ ਅਸਾਮ ਦੇ ਸਾਬਕਾ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਵੀ ਮੌਜੂਦ ਸਨ। ਬੀਐੱਲ ਸੰਤੋਸ਼ ਨੇ ਯੂਪੀ ਦੀ ਇਤਿਹਾਸਕ ਜਿੱਤ ‘ਤੇ ਯੋਗੀ ਨੂੰ ਵਧਾਈ ਦਿੱਤੀ। ਯੋਗੀ ਨੇ ਆਪਣੇ ਟਵਿੱਟਰ ਹੈਂਡਲ ‘ਤੇ ਲਿਖਿਆ, ”ਅੱਜ ਨਵੀਂ ਦਿੱਲੀ ‘ਚ ਭਾਜਪਾ ਪਰਿਵਾਰ ਦੇ ਸੀਨੀਅਰ ਮੈਂਬਰ, ਹੁਨਰਮੰਦ ਆਯੋਜਕ, ਮਾਨਯੋਗ ਰਾਸ਼ਟਰੀ ਜਨਰਲ ਸਕੱਤਰ (ਸੰਗਠਨ) ਬੀਐੱਲ ਸੰਤੋਸ਼ ਅਤੇ ਮਾਨਯੋਗ ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਜੀ ਨਾਲ ਸ਼ਿਸ਼ਟਾਚਾਰ ਮੁਲਾਕਾਤ ਹੋਈ। ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਦੋਵਾਂ ਦਾ ਬਹੁਤ ਬਹੁਤ ਧੰਨਵਾਦ!
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.