ਨਿਊਜ਼ ਡੈਸਕ: ਪਿਛਲੇ ਕਈ ਦਿਨਾਂ ਤੋਂ ਬਾਲੀਵੁੱਡ ਗਾਇਕ ਤੇ ਰੈਪਰ ਹਨੀ ਸਿੰਘ ਸੁਰਖੀਆਂ ਵਿੱਚ ਹਨ। ਉਨ੍ਹਾਂ ਦੀ ਪਤਨੀ ਸ਼ਾਲਿਨੀ ਨੇ ਪਰਿਵਾਰ ਸਣੇ ਹਨੀ ਸਿੰਘ ‘ਤੇ ਕਈ ਗੰਭੀਰ ਦੋਸ਼ ਲਗਾਏ ਹਨ। ਹੁਣ ਇਸ ਮਾਮਲੇ ‘ਚ ਹਨੀ ਸਿੰਘ ਦਾ ਵੀ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਪਤਨੀ ਦੇ ਦੋਸ਼ਾਂ ਨੂੰ ਗ਼ਲਤ ਕਰਾਰ ਦਿੰਦਿਆ ਇੱਕ ਬਿਆਨ ਜਾਰੀ ਕੀਤਾ ਹੈ।
ਹਨੀ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਆਪਣਾ ਇੱਕ ਬਿਆਨ ਜਾਰੀ ਕੀਤਾ ਹੈ। ਇਸ ਸਟੇਟਮੈਂਟ ਵਿੱਚ ਉਨ੍ਹਾਂ ਨੇ ਲਿਖਿਆ, ਮੇਰੀ ਪਤਨੀ ਸ਼ਾਲਿਨੀ ਸਿੰਘ ਵੱਲੋਂ ਲਗਾਏ ਗਏ ਸਾਰੇ ਦੋਸ਼ ਪੂਰੀ ਤਰ੍ਹਾਂ ਝੂਠੇ ਹਨ। ਮੈਂ ਇਨ੍ਹਾਂ ਦੋਸ਼ਾਂ ਤੋਂ ਬਹੁਤ ਦੁਖੀ ਹਾਂ, ਮੈਂ ਅੱਜ ਤੋਂ ਪਹਿਲਾਂ ਕਦੇ ਵੀ ਜਨਤਕ ਬਿਆਨ ਜਾਰੀ ਨਹੀਂ ਕੀਤਾ। ਮੇਰੇ ਲਿਰਿਕਸ ਤੋਂ ਲੈ ਕੇ ਮੇਰੀ ਸਿਹਤ ਤੱਕ ਪਹਿਲਾਂ ਕਈ ਵਾਰ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਹੋਈਆਂ ਹਨ, ਪਰ ਮੈਂ ਕਦੇ ਵੀ ਕਿਸੇ ਵੀ ਮਾਮਲੇ ‘ਤੇ ਕੋਈ ਟਿੱਪਣੀ ਨਹੀਂ ਕੀਤੀ ਪਰ ਇਸ ਵਾਰ ਮੈਂ ਬਿਆਨ ਦੇਣਾ ਇਸ ਲਈ ਜ਼ਰੂਰੀ ਸਮਝਿਆ, ਕਿਉਂਕਿ ਇਨ੍ਹਾਂ ਦੋਸ਼ਾਂ ਚ ਮੇਰੇ ਨਾਲ-ਨਾਲ ਮੇਰੇ ਪਰਿਵਾਰ ਵਾਲਿਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਮੇਰੀ ਪਤਨੀ ਵੱਲੋਂ ਲਗਾਏ ਸਾਰੇ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਹਨ।’
View this post on Instagram
ਹਨੀ ਸਿੰਘ ਨੇ ਇਸ ਤੋਂ ਅੱਗੇ ਲਿਖਿਆ,’ ਮੈਂ ਇਸ ਇੰਡਸਟਰੀ ਨਾਲ ਪਿਛਲੇ 15 ਸਾਲ ਤੋਂ ਜੁੜਿਆ ਹੋਇਆ ਹਾਂ। ਇਸ ਇੰਡਸਟਰੀ ਨਾਲ ਜੁੜੇ ਕਈ ਆਰਟਿਸਟ, ਮਿਊਜੀਸ਼ੀਅਨਜ਼ ਮੇਰੇ ਖਾਸ ਦੋਸਤ ਹਨ। ਇਨ੍ਹਾਂ ਸਭ ਨੂੰ ਪਤਾ ਹੈ ਕਿ ਮੇਰਾ ਰਿਸ਼ਤਾ ਪਤਨੀ ਨਾਲ ਕਿਵੇਂ ਦਾ ਰਿਹਾ ਹੈ। ਮੈਂ ਸ਼ਾਲਿਨੀ ਵੱਲੋਂ ਲਗਾਏ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਕਰਦਾ ਹਾਂ। ਹੁਣ ਇਸ ਮਾਮਲੇ ‘ਤੇ ਇਸ ਤੋਂ ਜ਼ਿਆਦਾ ਮੈਂ ਹੋਰ ਕੁਝ ਨਹੀਂ ਕਹਾਂਗਾ। ਮਾਮਲਾ ਕੋਰਟ ਵਿੱਚ ਹੈ ਅਤੇ ਮੈਨੂੰ ਕਾਨੂੰਨ ਤੇ ਪੂਰਾ ਵਿਸ਼ਵਾਸ ਹੈ। ਸੱਚ ਜਲਦੀ ਲੋਕਾਂ ਦੇ ਸਾਹਮਣੇ ਆ ਜਾਵੇਗਾ।’
ਇਸ ਤੋਂ ਇਲਾਵਾ ਹਨੀ ਸਿੰਘ ਨੇ ਆਪਣੇ ਫੈਨਸ ਨੂੰ ਅਪੀਲ ਕਰਦੇ ਹੋਏ ਕਿਹਾ, ‘ਮੈਂ ਆਪਣੇ ਸਾਰੇ ਫੈਨਜ਼ ਨੂੰ ਕਹਿਣਾ ਚਾਹੁੰਦਾ ਹਾਂ ਕਿ ਬਿਨ੍ਹਾ ਕੁਝ ਜਾਣੇ ਮਾਮਲੇ ਦੇ ਨਤੀਜੇ ‘ਤੇ ਨਾਂ ਪਹੁੰਚੋ। ਮੈਨੂੰ ਯਕੀਨ ਹੈ ਕਿ ਇਨਸਾਫ਼ ਜ਼ਰੂਰ ਹੋਵੇਗਾ ਤੇ ਸੱਚ ਦੀ ਜਿੱਤ ਹੋਵੇਗੀ।’