ਕਾਠਮਾਂਡੂ: ਦੁਨੀਆ ਦੇ ਸਭ ਤੋਂ ਛੋਟੇ ਵਿਅਕਤੀ ਦਾ ਖਿਤਾਬ ਜਿੱਤਣ ਵਾਲੇ ਨੇਪਾਲ ਦੇ ਖਗੇਂਦਰ ਥਾਪਾ ਮਗਰ ਦਾ 27 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ ਹੈ। ਖਗੇਂਦਰ ਦੇ ਪਰਿਵਾਰਕ ਮੈਂਬਰਾਂ ਨੇ ਇਹ ਜਾਣਕਾਰੀ ਸ਼ੁੱਕਰਵਾਰ ਨੂੰ ਦਿੱਤੀ ਕਿ ਨੇਪਾਲ ਦੇ ਇੱਕ ਨਿਜੀ ਹਸਪਤਾਲ ‘ਚ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਦੁਨੀਆ ਦੇ ਸਭ ਤੋਂ ਛੋਟੇ ਵਿਅਕਤੀ ਖਗੇਂਦਰ ਥਾਪਾ ਦਾ ਨਾਮ ਗਿੰਨੀਜ਼ ਵਰਲਡ ਰਿਕਾਰਡ ਬੁੱਕ ‘ਚ ਵੀ ਦਰਜ ਹੈ।
2010 ‘ਚ ਖਗੇਂਦਰ ਥਾਪਾ ਨੂੰ 18 ਸਾਲ ਦੀ ਉਮਰ ‘ਚ ਦੁਨੀਆ ਦੇ ਸਭ ਤੋਂ ਛੋਟਾ ਵਿਅਕਤੀ ਐਲਾਨਿਆ ਗਿਆ ਸੀ। ਖਗੇਂਦਰ ਦੀ ਲੰਬਾਈ 67.08 ਸੈਟੀਮੀਟਰ (2 ਫੁੱਟ 2.41 ਇੰਚ) ਸੀ, ਪਰ ਨੇਪਾਲ ਦੇ ਹੀ ਇੱਕ ਵਿਅਕਤੀ ਚੰਦਰ ਬਹਾਦਰ ਡਾਂਗੀ ਦੇ ਕਾਰਨ ਉਹ ਇਹ ਖਿਤਾਬ ਗੁਆ ਬੈਠਾ ਸੀ। ਚੰਦਰ ਬਹਾਦਰ ਡਾਂਗੀ ਦੀ ਲੰਬਾਈ 54.6 ਸੈਟੀਮੀਟਰ ਸੀ। ਉਸ ਨੂੰ ਦੁਨੀਆ ਦਾ ਸਭ ਤੋਂ ਛੋਟਾ ਮੋਬਾਈਲ ਆਦਮੀ ਕਿਹਾ ਜਾਂਦਾ ਸੀ। 2015 ‘ਚ ਚੰਦਰ ਬਹਾਦੁਰ ਦੀ ਮੌਤ ਤੋਂ ਬਾਅਦ ਖਗੇਂਦਰ ਥਾਮਾ ਫਿਰ ਤੋਂ ਦੁਨੀਆ ਦੇ ਸਭ ਤੋਂ ਛੋਟੇ ਵਿਅਕਤੀ ਬਣ ਗਏ ਸਨ।
ਮਿਲੀ ਜਾਣਕਾਰੀ ਅਨੁਸਾਰ ਖਗੇਂਦਰ ਨੂੰ ਕਾਠਮਾਂਡੂ ਤੋਂ 200 ਕਿਲੋਮੀਟਰ ਦੂਰ ਪੋਖਰਾ ਦੇ ਇੱਕ ਹਸਪਤਾਲ ‘ਚ ਨਮੂਨੀਆ ਕਾਰਨ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ ਪਰ ਇਸ ਵਾਰ ਖਗੇਂਦਰ ਦਾ ਦਿਲ ਵੀ ਬਹੁਤ ਪ੍ਰਭਾਵਿਤ ਹੋਇਆ ਜਿਸ ਕਾਰਨ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
https://www.instagram.com/p/B7bv1QTBWA4/
ਖਗੇਂਦਰ ਥਾਪਾ ਦਾ ਜਨਮ 1992 ‘ਚ ਨੇਪਾਲ ਦੇ ਜ਼ਿਲ੍ਹਾ ਬਾਗਲੁੰਗ ‘ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਅਨੁਸਾਰ ਜਨਮ ਸਮੇਂ ਖਗੇਂਦਰ ਇੰਨਾ ਛੋਟਾ ਸੀ ਕਿ ਉਹ ਆਰਾਮ ਨਾਲ ਹੱਥ ਦੀ ਹਥੇਲੀ ‘ਤੇ ਆ ਸਕਦਾ ਸੀ। ਖਗੇਂਦਰ ਨੇ ਆਪਣੀ 27 ਸਾਲ ਦੀ ਉਮਰ ‘ਚ ਲਗਭਗ ਇੱਕ ਦਰਜਨ ਤੋਂ ਵੱਧ ਦੇਸ਼ਾਂ ਦੀ ਸੈਰ ਕੀਤੀ ਹੈ। ਗਿੰਨੀਜ਼ ਵਰਲਡ ਰਿਕਾਰਡ ਦੇ ਮੁੱਖ ਸੰਪਾਦਕ ਕਰੈਗ ਗਲੇਂਡੇ ਨੇ ਖਗੇਂਦਰ ਥਾਮਾ ਦੀ ਮੌਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।