ਦੁਨੀਆ ਦੀ ਸਭ ਤੋਂ ਵੱਡੀ ਕਿਤਾਬ ਜਿਸ ਦਾ ਪੇਜ ਪਲਟਣ ਲਈ ਪੈਂਦੀ ਹੈ 6 ਵਿਅਕਤੀਆਂ ਦੀ ਲੋੜ੍ਹ

TeamGlobalPunjab
2 Min Read

ਸਿਨਪੇਤਰੀ : ਤੁਸੀਂ ਬਹੁਤ ਤਰ੍ਹਾਂ ਦੀਆਂ ਕਿਤਾਬਾਂ ਦੇਖੀਆਂ ਹੋਣਗੀਆਂ ਪਰ ਕੀ ਤੁਸੀਂ ਕਦੇ ਅਜਿਹੀ ਕਿਤਾਬ ਦੇਖੀ ਹੈ ਜਿਸ ਦੇ ਇੱਕ ਪੇਜ਼ ਨੂੰ ਪਲਟਣ ਲੱਗਿਆ 6 ਲੋਕਾਂ ਦੀ ਮਦਦ ਦੀ ਲੋੜ੍ਹ ਪੈਂਦੀ ਹੈ। ਉੱਤਰੀ ਹੰਗਰੀ ਦੇ ਇੱਕ ਛੋਟੇ ਜਿਹੇ ਪਿੰਡ ਸਿਨਪੇਤਰੀ ਦੇ ਰਹਿਣ ਵਾਲੇ ਬੇਲਾ ਵਰਗਾ ਨਾਮੀ ਵਿਅਕਤੀ ਨੇ ਆਪਣੇ ਹੱਥਾਂ ਨਾਲ ਇੱਕ ਕਿਤਾਬ ਬਣਾਈ ਹੈ। ਬੇਲਾ ਵਰਗਾ ਦਾ ਦਾਅਵਾ ਹੈ ਕਿ ਉਸ ਦੀ ਇਹ ਕਿਤਾਬ ਦੁਨੀਆ ਦੀ ਸਭ ਤੋਂ ਵੱਡੀ ਕਿਤਾਬ ਹੈ।

71 ਸਾਲਾ ਬੇਲਾ ਵਰਗਾ ਨੇ ਇਸ ਕਿਤਾਬ ਨੂੰ ਬਣਾਉਣ ਲਈ ਰਵਾਇਤੀ ਕਿਤਾਬ ਬਾਈਡਿੰਗ ਤਕਨੀਕ ਦੀ ਵਰਤੋਂ ਕੀਤੀ ਹੈ। ਕਿਤਾਬ ਦਾ ਕੁੱਲ ਵਜ਼ਨ 1420 ਕਿਲੋਗ੍ਰਾਮ ਹੈ। ਇਸ ਦੀ ਲੰਬਾਈ 4.18 ਮੀਟਰ ਤੇ ਚੌੜਾਈ 3.77 ਮੀਟਰ ਹੈ। ਕਿਤਾਬ ‘ਚ ਕੁੱਲ 346 ਪੇਜ਼ ਹਨ। ਬੇਲਾ ਨੇ ਕਿਤਾਬ ‘ਚ ਇਲਾਕੇ ਦੇ ਵਾਤਾਵਰਨ, ਗੁਫਾਵਾਂ ਤੇ ਪ੍ਰਦੇਸ਼ ਦੇ ਬਾਰੇ ‘ਚ ਜਾਣਕਾਰੀ ਨੂੰ ਇਕੱਤਰ ਕੀਤਾ ਹੈ।

ਬੇਲਾ ਦਾ ਕਹਿਣ ਹੈ ਕਿ ਕਿਤਾਬ ਦਾ ਆਕਾਰ ਹੀ ਨਹੀਂ ਬਲਕਿ ਇਸ ਕਿਤਾਬ ਨੂੰ ਬਣਾਉਣ ਲਈ ਇਸਤੇਮਾਲ ਕੀਤੀ ਗਈ ਤਕਨੀਕ ਵੀ ਲੋਕਾਂ ਲਈ ਖਿੱਚ ਦਾ ਕੇਂਦਰ ਹੈ। ਇਹ ਕਿਤਾਬ ਖੇਤਰ ਬਾਰੇ ਜਾਣਕਾਰੀ ਦੇਣ ਵਾਲੀਆਂ ਬਾਕੀ ਕਿਤਾਬਾਂ ਤੋਂ ਵੱਖਰੀ ਹੈ। ਉਸ ਨੇ ਦੱਸਿਆ ਕਿ ਕਿਤਾਬ ਦੇ ਨਿਰਮਾਣ ਲਈ ਲੱਕੜ ਦੀ ਟੇਬਲ ਤੇ ਅਰਜਨਟੀਨਾ ਤੋਂ ਮੰਗਵਾਏ ਗਏ ਗਾਂ ਦੇ ਚਮੜੇ ਦਾ ਇਸਤੇਮਾਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਕਿਤਾਬ ਦਾ ਇੱਕ ਪੇਜ ਪਲਟਣ ਲਈ 6 ਲੋਕਾਂ ਦੀ ਮਦਦ ਲਈ ਜਾਂਦੀ ਹੈ।

ਬੇਲਾ ਨੇ ਇਸ ਕਿਤਾਬ ਦੀ ਇੱਕ ਛੋਟੀ ਜਿਹੀ ਕਾਪੀ ਵੀ ਤਿਆਰ ਕੀਤੀ ਹੈ, ਤਾਂ ਕਿ ਉਹ ਕਿਤਾਬ ਦਾ ਨਾਮ ਗਿੰਨੀਜ਼ ਵਰਲਡ ਰਿਕਾਰਡ ਬੁੱਕ ‘ਚ ਦਰਜ ਕਰਵਾ ਸਕਣ ਜਿਸ ਦਾ ਵਜ਼ਨ 11 ਕਿਲੋਗ੍ਰਾਮ ਹੈ। ਉਸ ਦਾ ਕਹਿਣਾ ਹੈ ਕਿ ਕਿਤਾਬ ਦੀ ਸਫਾਈ ਲਈ ਯਾਕ ਦੀ ਪੂਛ ਦੀ ਵਰਤੋਂ ਕੀਤੀ ਜਾਂਦੀ ਹੈ। ਉਸ ਨੂੰ ਇਹ ਯਾਕ ਪੂਛ ਭੂਟਾਨ ਦੇ ਪ੍ਰਧਾਨ ਮੰਤਰੀ ਨੇ ਇੱਕ ਵਿਸ਼ੇਸ਼ ਤੋਹਫੇ ਵਜੋਂ ਦਿੱਤੀ ਸੀ। ਭੂਟਾਨ ‘ਚ ਬੋਧ ਭਿਖਸ਼ੂ ਪਵਿੱਤਰ ਕਿਤਾਬਾਂ ਦੀ ਸਫਾਈ ਲਈ ਯਾਕ ਦੀ ਪੂਛ ਦੀ ਵਰਤੋਂ ਕਰਦੇ ਹਨ ਜੋ ਕਿ ਧੂੜ-ਮਿੱਟੀ ਨੂੰ ਹਟਾਉਣ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ।

Share this Article
Leave a comment