ਵਿਸ਼ਵ ਇੰਟਰਨੈੱਟ ਦਿਵਸ: ਰੋਜ਼ਾਨਾ ਜੀਵਨ ਦੀ ਲੋੜ ਬਣਦਾ ਜਾ ਰਿਹਾ ਹੈ ਇੰਟਰਨੈੱਟ

TeamGlobalPunjab
4 Min Read

-ਪਰਮਜੀਤ ਸਿੰਘ ਨਿੱਕੇ ਘੁੰਮਣ;

ਆਧੁਨਿਕ ਕਾਲ ਅੰਦਰ ਮੋਬਾਇਲ ਫ਼ੋਨ ਅਤੇ ਇੰਟਰਨੈੱਟ ਹਰ ਗ਼ਰੀਬ ਜਾਂ ਅਮੀਰ ਪਰਿਵਾਰ ਦਾ ਹਿੱਸਾ ਤੇ ਇੱਕ ਰੋਜ਼ਾਨਾ ਦੀ ਲੋੜ ਬਣ ਚੁੱਕੇ ਹਨ। ਕਰੋਨਾ ਵਾਇਰਸ ਦੇ ਫੈਲਾਓ ਨੇ ਵਿਦਿਆਰਥੀਆਂ ਦੀ ਪੜ੍ਹਾਈ ਲਈ ਮੋਬਾਇਲ ਫ਼ੋਨ ਅਤੇ ਇੰਟਰਨੈੱਟ ਨੂੰ ਅਤਿ ਜ਼ਰੂਰੀ ਬਣਾ ਕੇ ਇਨ੍ਹਾ ਦੋਵਾਂ ਦੀ ਖ਼ਰੀਦ ਅਤੇ ਵਰਤੋਂ ਵਿੱਚ ਭਾਰੀ ਵਾਧਾ ਕਰ ਦਿੱਤਾ ਹੈ। ਸੂਚਨਾ ਅਤੇ ਤਕਨੀਕ ਦੇ ਘੋੜੇ ‘ਤੇ ਸਵਾਰ ਇਸ ਯੁਗ ਵਿੱਚ ਇੰਟਰਨੈੱਟ ਕੇਵਲ ਗਿਆਨ ਭਰਪੂਰ ਜਾਂ ਦਿਲਚਸਪ ਜਾਣਕਾਰੀਆਂ ਹਾਸਿਲ ਕਰਨ ਦਾ ਹੀ ਸਰੋਤ ਨਹੀਂ ਰਹਿ ਗਿਆ ਹੈ ਸਗੋਂ ਮਨੋਰੰਜਨ ਅਤੇ ਖ਼ਰੀਦਦਾਰੀ ਜਾਂ ਵਪਾਰ ਆਦਿ ਕਰਨ ਦਾ ਬੇਹਤਰੀਨ ਸਾਧਨ ਵੀ ਬਣ ਗਿਆ ਹੈ। ਮੋਬਾਇਲ ਫ਼ੋਨ ਅਤੇ ਇੰਟਰਨੈੱਟ ਦੀ ਜੋੜੀ ਨੇ ਸਮਾਜ ਦੇ ਹਰੇਕ ਉਮਰ ਵਰਗ ਦੇ ਲੋਕਾਂ ਨੂੰ ਉਨ੍ਹਾ ਦੀਆਂ ਵੱਖ ਵੱਖ ਲੋੜਾਂ ਦੇ ਮੱਦੇਨਜ਼ਰ ਆਪਣੀ ਗ੍ਰਿਫ਼ਤ ਵਿੱਚ ਲੈ ਲਿਆ ਹੈ ਤੇ ਕੰਪਿਊਟਰ ਉਤੇ ਇੰਟਰਨੈੱਟ ਦੀ ਵਰਤੋਂ ਨੇ ਮੀਡੀਆ ਜਗਤ,ਵਪਾਰ ਜਗਤ ਅਤੇ ਸੁਰੱਖਿਆ ਤੰਤਰ ਵਿੱਚ ਕ੍ਰਾਂਤੀ ਹੀ ਲੈ ਆਂਦੀ ਹੈ।

ਬੜੀ ਦਿਲਚਸਪ ਗੱਲ ਹੈ ਕਿ ‘ਇੰਟਰ ਨੈਸ਼ਨਲ ਨੈੱਟਵਰਕ’ ਭਾਵ ‘ਇੰਟਰਨੈੱਟ’ ਨੂੰ ਪਹਿਲਾਂ ‘ਅਰਪਾਨੈੱਟ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਜਿਸਦਾ ਭਾਵ ਸੀ ‘ਐਡਵਾਂਸਡ ਰਿਸਰਚ ਪ੍ਰਾਜੈਕਟ ਏਜੰਸੀ ਨੈੱਟਵਰਕ’। ਸੰਨ 1969 ਵਿੱਚ ਜਦੋਂ ਮਨੁੱਖ ਨੇ ਪਹਿਲੀ ਵਾਰ ਚੰਨ ‘ਤੇ ਕਦਮ ਰੱਖਿਆ ਸੀ ਤਾਂ ਇਸ ਇਤਿਹਾਸਕ ਘਟਨਾ ਦੇ ਚੰਦ ਮਹੀਨਿਆਂ ਬਾਅਦ 29 ਅਕਤੂਬਰ,ਸੰਨ 1969 ਨੂੰ ਅਮਰੀਕਾ ਦੇ ਕੈਲੀਫ਼ੋਰਨੀਆ ਵਿਖੇ ਵੱਸਦੇ ਪ੍ਰੋ.ਲਿਊਨਾਰਦ ਕਲੇਨਰੌਕ ਦੇ ਇੱਕ ਹੋਣਹਾਰ ਵਿਦਿਆਰਥੀ ਚਾਰਲੇ ਕਲਾਈਨ ਜੋ ਕਿ ਇੱਕ ਕੰਪਿਊਟਰ ਪ੍ਰੋਗਰਾਮਰ ਸੀ , ਨੇ ਵਿਸ਼ਵ ਦਾ ਸਭ ਤੋਂ ਪਹਿਲਾ ‘ ਮੈਸੇਜ’ ਇੱਕ ਕੰਪਿਊਟਰ ਤੋਂ ਦੂਜੇ ਕੰਪਿਊਟਰ ਤੱਕ ਭੇਜ ਕੇ ਇੰਟਰਨੈੱਟ ਦੀ ਸ਼ੁਰੂਆਤ ਕੀਤੀ ਸੀ। ਉਸਨੇ ਇਹ ਸੰਦੇਸ਼ ਇੱਕ ਘਰ ਦੇ ਕੰਪਿਊਟਰ ਤੋਂ ‘ਸਟੈਨਫ਼ੋਰਡ ਰਿਸਰਚ ਇੰਸਟੀਚਿਊਟ’ ਵਿੱਚ ਪਏ ਇੱਕ ਕੰਪਿਊਟਰ ਨੂੰ ਭੇਜਿਆ ਸੀ ਤੇ ਸਫ਼ਲ ਰਿਹਾ ਸੀ। ਉਸਨੇ ਸ਼ਬਦ ‘ਲੌਗਇਨ’ ਲਿਖ ਕੇ ਭੇਜਿਆ ਸੀ ਜੋ ਕਿ ਉਸ ਵੇਲੇ ਉੱਚ ਤਕਨੀਕ ਮੌਜੂਦ ਨਾ ਹੋਣ ਕਰਕੇ ਪੂਰੀ ਤਰ੍ਹਾਂ ਤਾਂ ਮੰਜ਼ਿਲ ‘ਤੇ ਨਹੀਂ ਪੁੱਜ ਸਕਿਆ ਸੀ ਪਰ ਅੱਖਰ ‘ ਐਲ’ ਅਤੇ ‘ਓ’ ਜ਼ਰੂਰ ਆਪਣੀ ਮੰਜ਼ਿਲ ਤੱਕ ਪੁੱਜਣ ਵਿੱਚ ਕਾਮਯਾਬ ਰਹੇ ਸਨ ਤੇ ਇੰਟਰਨੈੱਟ ਦੇ ਜਨਮ ਲਈ ਇਹ ਇੱਕ ਅਤਿ ਮਹੱਤਵਪੂਰਨ ਘਟਨਾ ਸੀ।

ਉਪਰੋਕਤ 29 ਅਕਤੂਬਰ,1969 ਨੂੰ ਯਾਦਗਾਰੀ ਬਣਾਉਣ ਹਿੱਤ ਸੰਨ 2005 ਵਿੱਚ ਪਹਿਲੀ ਵਾਰ ਇਸ ਦਿਨ ਨੂੰ ‘ ਕੌਮਾਂਤਰੀ ਇੰਟਰਨੈੱਟ ਦਿਵਸ ’ ਵਜੋਂ ਮਨਾਏ ਜਾਣ ਦੀ ਅਰੰਭਤਾ ਕੀਤੀ ਗਈ ਸੀ ਤੇ ਉਪਰੰਤ ਇਹ ਦਿਵਸ ਹਰ ਸਾਲ ਇਸੇ ਦਿਨ ਦੁਨੀਆਂ ਭਰ ਵਿੱਚ ਮਨਾਇਆ ਜਾਂਦਾ ਹੈ। ਅੱਜ ਹਾਲਾਤ ਇਹ ਹਨ ਕਿ ਅਸੀਂ ਬਿਨਾ ਇੰਟਰਨੈੱਟ ਇੱਕ ਵੀ ਦਿਨ ਬਿਤਾਉਣ ਬਾਰੇ ਸੋਚ ਵੀ ਨਹੀਂ ਸਕਦੇ ਹਾਂ। ਸਾਡੇ ਮੁਲਕ ਦੇ ਜਿਨ੍ਹਾ ਹਿੱਸਿਆਂ ਵਿੱਚ ਕਿਸੇ ਕਾਰਨ ਇੰਟਰਨੈੱਟ ‘ਤੇ ਪਾਬੰਦੀ ਲਗਾ ਦਿੱਤੀ ਜਾਂਦੀ ਹੈ, ਉਸ ਖਿੱਤੇ ਦੇ ਲੋਕ ਬੇਚੈਨ ਹੋ ਉਠਦੇ ਹਨ ਤੇ ਰੋਸ ਪ੍ਰਗਟਾਵੇ ਲਈ ਸੜ੍ਹਕਾਂ ‘ਤੇ ਉਤਰ ਆਉਂਦੇ ਹਨ। ਪ੍ਰਾਪਤ ਅੰਕੜਿਆਂ ਅਨੁਸਾਰ ਜਨਵਰੀ, 2021 ਵਿੱਚ ਦੁਨੀਆਂ ਭਰ ਵਿੱਚ ਇੰਟਰਨੈੱਟ ਉਪਭੋਗਤਾਵਾਂ ਦੀ ਸੰਖਿਆ 4.66 ਬਿਲੀਅਨ ਸੀ ਜੋ ਕਿ ਦੁਨੀਆਂ ਦੀ ਕੁੱਲ ਆਬਾਦੀ ਦਾ 60 ਫ਼ੀਸਦੀ ਦੇ ਕਰੀਬ ਬਣਦਾ ਸੀ ਤੇ ਦਿਲਚਸਪ ਗੱਲ ਇਹ ਸੀ ਕਿ ਉਕਤ ਉਪਭੋਗਤਾਵਾਂ ਵਿੱਚੋਂ 4.32 ਬਿਲੀਅਨ ਉਪਭੋਗਤਾ ਇੰਟਰਨੈੱਟ ਦੀ ਵਰਤੋਂ ਮੋਬਾਇਲ ਫ਼ੋਨ ‘ਤੇ ਕਰਦੇ ਸਨ। ਇੰਟਰਨੈੱਟ ਦੀ ਵਰਤੋਂ ਵਿੱਚ ਮਹਾਂਸ਼ਕਤੀ ਚੀਨ 988,990,000 ਉਪਭੋਗਤਾਵਾਂ ਨਾਲ ਪਹਿਲੇ ਸਥਾਨ ‘ਤੇ ਆਉਂਦਾ ਹੈ ਜੋ ਕਿ ਚੀਨ ਦੀ ਕੁੱਲ ਆਬਾਦੀ ਦਾ 69 ਫ਼ੀਸਦੀ ਬਣਦਾ ਹੈ ਜਦੋਂ ਕਿ ਭਾਰਤ ਵਿੱਚ ਇੰਟਰਨੈੱਟ ਦੇ 825,300,000 ਉਪਭੋਗਤਾ ਹਨ ਜੋ ਕਿ ਕੁੱਲ ਭਾਰਤੀ ਜਨਸੰਖਿਆ ਦਾ 61 ਫ਼ੀਸਦੀ ਹਨ। ਦੁਨੀਆਂ ਭਰ ਵਿੱਚ ਅਮਰੀਕਾ ਇਕਲੌਤਾ ਅਜਿਹਾ ਮੁਲਕ ਹੈ ਜਿਸਦੀ 95 ਫ਼ੀਸਦੀ ਆਬਾਦੀ ਇੰਟਰਨੈੱਟ ਦੀ ਵਰਤੋਂ ਕਰਦੀ ਹੈ ਤੇ ਅਰਟੇਰੀਆ ਨਾਮਕ ਮੁਲਕ ਦੁਨੀਆਂ ਦਾ ਇਕਲੌਤਾ ਅਜਿਹਾ ਮੁਲਕ ਹੈ ਜਿਸਦੀ ਕੇਵਲ 1.9 ਫ਼ੀਸਦੀ ਆਬਾਦੀ ਇੰਟਰਨੈੱਟ ਦਾ ਇਸਤੇਮਾਲ ਕਰਦੀ ਹੈ। ਇਸ ਮੁਲਕ ਵਿੱਚ ਕੁੱਲ ਇੰਟਰਨੈੱਟ ਉਪਭੋਗਤਾ ਕੇਵਲ 66 ਹਜ਼ਾਰ ਦੇ ਕਰੀਬ ਹਨ ਜਦੋਂ ਕਿ ਅਮਰੀਕਾ ਵਿੱਚ ਇੰਟਰਨੈੱਟ ਉਪਭੋਗਤਾਵਾਂ ਦਾ ਅੰਕੜਾ 327,096,265 ਹੈ।

ਸੰਪਰਕ: 97816-46008

Share This Article
Leave a Comment