ਵਿਸ਼ਵ ਖ਼ੁਸ਼ੀ ਦਿਵਸ: ਹਰ ਹਾਲਤ ਵਿੱਚ ਖ਼ੁਸ਼ ਰਹਿਣ ਦੀ ਆਦਤ ਪਾਓ

TeamGlobalPunjab
5 Min Read

-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ

ਇਹ ਇੱਕ ਕੌੜਾ ਸੱਚ ਹੈ ਕਿ ਸੰਸਾਰ ਦਾ ਹਰੇਕ ਜੀਵ ਖ਼ੁਸ਼ ਰਹਿਣਾ ਚਾਹੁੰਦਾ ਹੈ ਪਰ ਉਸਦੇ ਹਾਲਾਤ, ਉਸਦਾ ਸੁਭਾਅ ਤੇ ਉਸਦੀ ਸੋਚ ਉਸਨੂੰ ਖ਼ੁਸ਼ ਰਹਿਣ ਨਹੀਂ ਦਿੰਦੇ ਹਨ। ਜੇਕਰ ਸੰਸਾਰ ਦਾ ਹਰ ਵਿਅਕਤੀ ਜੇਕਰ ‘ਆਪ ਖ਼ੁਸ਼ ਰਹੋ ਤੇ ਦੂਜਿਆਂ ਵਿੱਚ ਖ਼ੁਸ਼ੀਆਂ ਵੰਡੋ’ ਦੇ ਸਿਧਾਂਤ ‘ਤੇ ਅਮਲ ਕਰ ਲਏ ਤਾਂ ਸੰਸਾਰ ਦਾ ਮਣਾ ਮੂੰਹੀਂ ਦੁੱਖ-ਦਰਦ ਤੇ ਪ੍ਰੇਸ਼ਾਨੀਆਂ ਘੜੀ-ਪਲ ਵਿੱਚ ਕਾਫ਼ੂਰ ਹੋ ਸਕਦੀਆਂ ਹਨ। ਜਿਨ੍ਹਾ ਵਿਦਵਾਨਾਂ ਤੇ ਮਹਾਂਪੁਰਸ਼ਾਂ ਨੇ ਜ਼ਿੰਦਗੀ ਦੇ ਸੱਚ ਨੂੰ ਸਮਝਿਆ ਤੇ ਜਾਣਿਆ ਹੈ ਉਨ੍ਹਾਂ ਨੇ ਦੁੱਖ ਤੇ ਸੁੱਖ ਨੂੰ ਇੱਕ ਸਮਾਨ ਜਾਣ ਕੇ ਅਡੋਲ ਭਾਵ ਨਾਲ ਦੋਵਾਂ ਨੂੰ ਹੰਢਾਉਣ ਦਾ ਉਪਦੇਸ਼ ਦਿੱਤਾ ਹੈ। ਇਹ ਸੱਚ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਜੇਕਰ ਜ਼ਿੰਦਗੀ ‘ਚ ਚੰਗੇ ਜਾਂ ਸੁੱਖ ਭਰੇ ਦਿਨ ਨਹੀਂ ਰਹੇ ਤਾਂ ਮਾੜੇ ਤੇ ਦੁੱਖ ਭਰੇ ਦਿਨ ਵੀ ਸਦਾ ਨਹੀਂ ਰਹਿਣਗੇ। ਸੋ ਹਰ ਹਾਲਤ ਵਿੱਚ ਖ਼ੁਸ਼ ਰਹਿਣ ਵਾਲਾ ਤੇ ਹਰ ਦੁੱਖ-ਸੁੱਖ ਨੂੰ ਪਰਮਾਤਮਾ ਦਾ ਤੋਹਫ਼ਾ ਜਾਣ ਕੇ ਖਿੜੇ ਮੱਥੇ ਕਬੂਲ ਕਰਨ ਵਾਲਾ ਸ਼ਖ਼ਸ ਹੀ ਇਸ ਦੁਨੀਆ ਵਿੱਚ ਸਫ਼ਲ ਜੀਵਣ ਜੀਅ ਕੇ ਜਾਂਦਾ ਹੈ ਬਾਕੀ ਸਭ ਤਾਂ ਕੇਵਲ ਜੂਨ ਹੀ ਭੋਗਦੇ ਹਨ।

ਸੰਯੁਕਤ ਰਾਸ਼ਟਰ ਸੰਘ ਭਾਵ ਯੂ.ਐਨ.ਓ. ਵੱਲੋਂ 20 ਮਾਰਚ ਦਾ ਦਿਨ ‘ਵਿਸ਼ਵ ਖ਼ੁਸ਼ੀ ਦਿਵਸ’ ਵਜੋਂ ਮਨਾਉਣ ਦਾ ਫ਼ੈਸਲਾ 28 ਜੂਨ, ਸੰਨ 2012 ਨੂੰ ਕੀਤਾ ਗਿਆ ਸੀ ਤੇ ਉਸ ਫ਼ੈਸਲੇ ਅਨੁਸਾਰ ਹਰ ਸਾਲ ਇਸ ਦਿਨ ਨੂੰ ਦੁਨੀਆ ਭਰ ਵਿੱਚ ਪੂਰੇ ਜੋਸ਼ੋ-ਖ਼ਰੋਸ਼ ਨਾਲ ਮਨਾਇਆ ਜਾਂਦਾ ਹੈ। ਯੂ.ਐਨ.ਓ. ਮੰਨਦਾ ਹੈ ਕਿ ਖ਼ੁਸ਼ੀ ਤੇ ਅਨੰਦ ਹਾਸਿਲ ਕਰਨਾ ਹਰੇਕ ਧਰਤੀਵਾਸੀ ਦਾ ਮੂਲ ਸਰੋਕਾਰ ਹੈ ਜਿਸ ਵਾਸਤੇ ਮੂਲ ਲੋੜਾਂ ਦੀ ਪੂਰਤੀ ਦੇ ਨਾਲ ਨਾਲ ਗ਼ਰੀਬੀ, ਭੁੱਖਮਰੀ, ਬੇਰੁਜ਼ਗਾਰੀ, ਨਾਬਰਾਬਰੀ ਤੇ ਅੱਤਿਆਚਾਰ ਦਾ ਅੰਤ ਕੀਤਾ ਜਾਣਾ ਜ਼ਰੂਰੀ ਹੈ।

ਵਿਦਵਾਨਾਂ ਦਾ ਮਤ ਹੈ ਕਿ ਮਾਨਸਿਕ ਪੱਧਰ ‘ਤੇ ਖ਼ੁਸ਼ ਰਹਿਣ ਲਈ ਹਰੇਕ ਵਿਅਕਤੀ ਨੂੰ ਤਿੰਨ ਨੁਕਤੇ ਜ਼ਰੂਰ ਅਪਨਾਉਣੇ ਚਾਹੀਦੇ ਹਨ। ਇਹ ਤਿੰਨ ਨੁਕਤੇ ਹਨ- ਸ਼ਾਂਤ ਰਹੋ, ਸਿਆਣੇ ਬਣੋ ਤੇ ਦਿਆ ਵਿਖਾਓ। ਮਨ ਨੂੰ ਸ਼ਾਂਤ ਤੇ ਅਡੋਲ ਰੱਖਣ ਲਈ ਸਾਨੂੰ ਇਹ ਭਾਵਨਾ ਧਾਰਨ ਕਰ ਲੈਣੀ ਚਾਹੀਦੀ ਹੈ ਕਿ ਦੁਨੀਆ ਵਿੱਚ ਅਜਿਹਾ ਬਹੁਤ ਕੁਝ ਹੈ ਜੋ ਸਾਡੇ ਵੱਸ ਤੋਂ ਬਾਹਰ ਹੈ । ਸੋ ਬੇਕਾਰ ਵਿੱਚ ਚਿੰਤਾ,ਫ਼ਿਕਰ ਜਾਂ ਦੁੱਖ ਮਹਿਸੂਸ ਕਰਨ ਦੀ ਬਜਾਇ ਸ਼ਾਂਤ ਚਿੱਤ ਰਹਿ ਕੇ ਉਸਾਰੂ ਭਾਵਨਾ ਨਾਲ ਆਪਣਾ ਫ਼ਰਜ਼ ਅਦਾ ਕਰਦੇ ਰਹਿਣਾ ਚਾਹੀਦਾ ਹੈ। ਸਿਆਣੇ ਬਣਨ ਦਾ ਭਾਵ ਹੈ ਕਿ ਨਕਾਰਾਤਮਕ ਸੋਚ ਦੀ ਥਾਂ ਚੰਗੀ ਤੇ ਉਸਾਰੂ ਸੋਚ ਧਾਰਨ ਕਰ ਕੇ ਆਪਣੇ ਤੇ ਸਰਬੱਤ ਦੇ ਭਲੇ ਲਈ ਕਾਰਜਸ਼ੀਲ ਹੋ ਜਾਣਾ ਚਾਹੀਦਾ ਹੈ। ਸੱਚੀ ਖ਼ੁਸ਼ੀ ਹਾਸਿਲ ਕਰਨ ਲਈ ਲੋੜਵੰਦਾਂ ਦੀ ਯਥਾਸ਼ਕਤੀ ਅਨੁਸਾਰ ਮਦਦ ਕਰੋ,ਉਨ੍ਹਾ ਦੇ ਭਲੇ ਲਈ ਜੋ ਵੀ ਸੰਭਵ ਹੋਵੇ ਕਰ ਗੁਜ਼ਰੋ।

- Advertisement -

ਮਨੋਵਿਗਿਆਨੀਆਂ ਦਾ ਵਿਚਾਰ ਹੈ ਕਿ ਖ਼ੁਸ਼ੀ ਪਦਾਰਥਾਂ ‘ਚ ਨਹੀਂ ਵੱਸਦੀ ਹੈ ਸਗੋਂ ਇਹ ਇੱਕ ਮਨੋਵਸਥਾ ਹੈ ਭਾਵ ਮਨ ਦੀ ਸਥਿਤੀ ਹੈ। ਲੋਕ ਅਕਸਰ ਪੈਸਾ, ਪਦਾਰਥ, ਪਰਿਵਾਰ, ਪੁੱਤਰ ਜਾਂ ਦੁਨਿਆਵੀ ਸੁੱਖਾਂ ‘ਚੋਂ ਖ਼ੁਸ਼ੀ ਹਾਸਿਲ ਕਰਨ ਦੀ ਚਾਹਤ ਵਿੱਚ ਸਾਰੀ ਉਮਰ ਭੱਜ-ਨੱਸ ਕਰਦੇ ਰਹਿੰਦੇ ਹਨ ਤੇ ਜੀਵਨ ਦੇ ਅੰਤ ਵਿੱਚ ਇਸ ਸਿੱਟੇ ‘ਤੇ ਪੁੱਜਦੇ ਹਨ ਕਿ ਇਨ੍ਹਾ ਵਿੱਚੋਂ ਬਹੁਤੇ ਤਾਂ ਸੁੱਖਾਂ ਦੀ ਥਾਂ ਉਨ੍ਹਾ ਦੇ ਜੀਵਨ ਦੇ ਵੱਡੇ ਦੁੱਖਾਂ ਕਾਰਨ ਹੋ ਨਿਬੜੇ ਸਨ।

ਆਰਥਿਕ, ਸਮਾਜਿਕ, ਰਾਜਨੀਤਕ ਜਾਂ ਸੰਸਾਰਕ ਪੱਧਰ ‘ਤੇ ਸੰਪੰਨ ਹੋ ਜਾਣ ਦਾ ਇਹ ਮਤਲਬ ਹਰਗ਼ਿਜ਼ ਵੀ ਨਹੀਂ ਹੈ ਕਿ ਸਬੰਧਿਤ ਸ਼ਖ਼ਸ ਬੇਹੱਦ ਖ਼ੁਸ਼ ਹੋਵੇਗਾ। ਕਾਨਿਆ ਦੀ ਛੰਨ ਬਣਾ ਕੇ ਤੇ ਹੱਥ ‘ਤੇ ਰੱਖ ਕੇ ਰੋਟੀ ਖਾਣ ਵਾਲਾ ਗ਼ਰੀਬ ਵਿਅਕਤੀ ਸ਼ਾਇਦ ਮਹਿਲਾਂ ‘ਚ ਬੈਠ ਕੇ ਸੋਨੇ-ਚਾਂਦੀ ਦੇ ਬਰਤਨਾਂ ਵਿੱਚ ਛੱਤੀ ਪ੍ਰਕਾਰ ਦੇ ਭੋਜਨ ਖਾਣ ਵਾਲੇ ਧਨਾਢ ਨਾਲੋਂ ਵੱਧ ਸ਼ਾਂਤ,ਸੰਤੁਸ਼ਟ,ਮਾਨਸਿਕ ਤਲ ‘ਤੇ ਹੌਲਾ ਫੁੱਲ ਤੇ ਖ਼ੁਸ਼ ਹੋਵੇ ਅਤੇ ਚੈਨ ਦੀ ਨੀਂਦ ਸੌਂਦਾ ਹੋਵੇ। ਯਾਦ ਰੱਖੋ ਸੁੱਖ ਜਾਂ ਖ਼ੁਸ਼ੀ ਪਦਾਰਥ ਅੰਦਰ ਨਹੀਂ ਸਗੋਂ ਵਿਅਕਤੀ ਦੀ ਮਨੋ ਦਸ਼ਾ ਅੰਦਰ ਸਮਾਏ ਹੋਏ ਹਨ। ਬੜੀ ਹੀ ਵਚਿੱਤਰ ਬਾਤ ਹੈ ਕਿ ਲੋਕ ‘ਖ਼ਾਲੀ ਹੱਥੀਂ ਗਿਆ ਸਿਕੰਦਰ’ ਜਿਹੇ ਗੀਤ ਤਾਂ ਗਾਉਂਦੇ ਹਨ ਪਰ ਆਪ ਸਾਰੀ ਉਮਰ ਪੈਸਾ ਤੇ ਪਦਾਰਥ ਇਕੱਠੇ ਕਰਨ ਲਈ ਸਾਮ, ਦਾਮ, ਦੰਡ, ਭੇਦ ਭਾਵ ਹਰ ਹਰਬਾ ਵਰਤਦੇ ਹਨ। ਚੇਤੇ ਰੱਖੋ ਪਾਪ ਤੇ ਅਪਰਾਧ ਦੀ ਬੁਨਿਆਦ ‘ਤੇ ਟਿਕੀ ਜ਼ਿੰਦਗੀ ਵਿੱਚ ਸੁੱਖ ਤੇ ਖ਼ੁਸ਼ੀ ਦੀ ਕੋਈ ਥਾਂ ਨਹੀਂ ਹੁੰਦੀ ਹੈ।

ਅਖ਼ੀਰ ‘ਚ ਇਹ ਕਹਿਣਾ ਬਣਦਾ ਹੈ ਕਿ ਵਿਸ਼ਵ ਖ਼ੁਸ਼ੀ ਦਿਵਸ ਮੌਕੇ ਅੱਜ ਹਰੇਕ ਮਨੁੱਖ ਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਉਹ ਹਰ ਹਾਲਤ ਵਿੱਚ ਆਪ ਵੀ ਖ਼ੁਸ਼ ਰਹੇਗਾ ਤੇ ਦੂਜਿਆਂ ਦੀ ਖ਼ੁਸ਼ੀ ਲਈ ਵੀ ਕਾਰਜਸ਼ੀਲ ਤੇ ਸਮਰਪਿਤ ਰਹੇਗਾ। ਇਹ ਸੋਚ ਹੀ ਸੰਸਾਰ ਨੂੰ ਵੱਸਣ ਤੇ ਰੱਸਣ ਯੋਗ ਸਥਾਨ ਬਣਾ ਸਕਦੀ ਹੈ ਵਰਨਾ ਇਨਸਾਨ ਨੇ ਝੂਠੀ ਖ਼ੁਸ਼ੀ ਤੇ ਮਿੱਥਿਆ ਸੁੱਖ ਹਾਸਿਲ ਕਰਨ ਦੇ ਲਾਲਚਵੱਸ ਇਸ ਸੰਸਾਰ ਨੂੰ ਨਰਕ ਤੋਂ ਵੀ ਬਦਤਰ ਸਥਾਨ ਬਣਾਉਣ ‘ਚ ਕੋਈ ਕਸਰ ਨਹੀਂ ਛੱਡੀ ਹੈ।

ਮੋਬਾਇਲ: 97816-46008

Share this Article
Leave a comment