ਖਰੜ: ਮਨਜਿੰਦਰ ਸਿੰਘ ਸਿਰਸਾ ਦੇ ਭਾਜਪਾ ਵਿਚ ਸ਼ਾਮਲ ਹੋਣ ਪਿੱਛੋਂ ਅਕਾਲੀ ਦਲ ਦੀ ਭਾਜਪਾ ਨਾਲ ਸਾਂਝ ਦਾ ਪਰਦਾਫਾਸ਼ ਕਰਦਿਆਂ ਰਾਜਾ ਵੜਿੰਗ ਨੇ ਅੱਜ ਕਿਹਾ ਕਿ ਜੇਕਰ ਬਿਕਰਮ ਮਜੀਠੀਆ ਵੀ ਉਹੀ ਰਾਹ ਫੜਦਿਆਂ ਭਾਜਪਾ ਵਿਚ ਸ਼ਾਮਲ ਹੋ ਜਾਂਦੇ ਹਨ ਤਾਂ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ।
ਰਾਜਾ ਵੜਿੰਗ ਨੇ ਅਕਾਲੀ ਆਗੂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਿਸੇ ਵੀ ਸਮੇਂ ਮਜੀਠੀਆ ਦੀ ਭਾਜਪਾ ਵਿੱਚ ਸ਼ਾਮਲ ਹੋਣ ਦੀ ਖਬਰ ਆ ਸਕਦੀ ਹੈ । ਸਿਰਸਾ ਦੀ ਬਰਖਾਸਤਗੀ ‘ਤੇ ਅਕਾਲੀਆਂ ਵਲੋਂ ਹੁਣ ਝੂਠੇ ਹੰਝੂ ਵਹਾਉਣਾ ਇੱਕ ਸ਼ਰਮਨਾਕ ਗੱਲ ਹੈ ਜਿਸ ਤੋਂ ਪੰਜਾਬ ਦੇ ਲੋਕ ਭਲੀਭਾਂਤ ਜਾਣੂ ਹਨ।
ਅੱਜ ਸਵੇਰੇ ਇੱਥੇ ਮਾਡਰਨ ਬੱਸ ਸਟੈਂਡ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰਾਂਸਪੋਰਟ ਮੰਤਰੀ ਨੇ ‘ਆਪ’ ਦੇ ਢਕਵੰਜਾਂ ‘ਤੇ ਪ੍ਰਤੀਕਿਰਿਆ ਪ੍ਰਗਟਾਉਂਦਿਆਂ ਕਿਹਾ ਕਿ ਸਮੁੱਚੀ ਵਿਰੋਧੀ ਧਿਰ ਬੁਰੀ ਤਰਾਂ ਬੁਖ਼ਲਾਈ ਹੋਈ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ‘ਤੇ ਨਿਸ਼ਾਨਾ ਸਾਧਦੇ ਹੋਏ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਸਿਸੋਦੀਆ ਵਰਗੇ ਆਗੂ ਸਕੂਲ ‘ਚ ਟਾਇਲਟ ਦਾ ਨਿਰੀਖਣ ਕਰਨ ਜਹੇ ਦਿਖਾਵੇ ਕਰਨ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਾਟੋ-ਧਾੜ ਹੋ ਗਿਆ ਹੈ ਅਤੇ ਤੁਸੀਂ ਦੇਖੋਗੇ ਕਿ ਉਹ ਵੀ ਪੰਜਾਬ ਵਿੱਚ ਕੇਜਰੀਵਾਲ ਦੇ ਝਾੜੂ ਵਾਂਗ ਖਿੱਲਰ ਜਾਵੇਗਾ।
ਲੋਕਾਂ ਨੂੰ 2022 ਵਿੱਚ ਪੰਜਾਬ ਦੀ ਸੇਵਾ ਕਰਦੇ ਰਹਿਣ ਲਈ ਕਾਂਗਰਸ ਨੂੰ ਮੁੜ ਸੱਤਾ ਸੌਂਪਣ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਸਾਡੇ ਮੁੱਖ ਮੰਤਰੀ ਦੇ ਦੋ ਮਹੀਨਿਆਂ ਵਿੱਚ ਕੀਤੇ ਕੰਮਾਂ ਦਾ ਜ਼ਿਕਰ ਕਰ ਰਹੀ ਹੈ ,ਪਰ ਸਾਰੀਆਂ ਵਿਰੋਧੀ ਪਾਰਟੀਆਂ ਚਿੰਤਤ ਹਨ ਕਿਉਂਕਿ ਚਰਨਜੀਤ ਸਿੰਘ ਚੰਨੀ ਨੇ ਉਨਾਂ ਕੋਲ ਕਾਂਗਰਸ ਵਿਰੋਧ ਕਰਨ ਲਈ ਕੋਈ ਵੀ ਮੁੱਦਾ ਬਾਕੀ ਨਹੀਂ ਛੱਡਿਆ। ਉਨਾਂ ਕਿਹਾ ਕਿ ਆਮ ਆਦਮੀ ਲਈ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਵਿੱਚ ਕਟੌਤੀ ਹੋਵੇ ਜਾਂ ਬਿਜਲੀ ਦੇ ਖਰਚੇ ਘਟਾਉਣ ਅਤੇ ਪੀਪੀਏਜ਼ ‘ਤੇ ਸਖਤ ਕਾਰਵਾਈ ਹੋਵੇ, ਮੁੱਖ ਮੰਤਰੀ ਨੇ ਸਾਰੇ ਪੰਜਾਬੀਆਂ ਨੂੰ ਰਾਹਤ ਦੇਣ ਦਾ ਸੰਕਲਪ ਪੇਸ਼ ਕੀਤਾ ਹੈ।
- Advertisement -
ਉਨਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਨੇ ਬਾਦਲਾਂ ਵਰਗੇ ਟੈਕਸ ਅਪਰਾਧੀਆਂ ਨੂੰ ਕਾਬੂ ਕਰਨ ਦੀ ਖੁੱਲ ਦਿੱਤੀ ਹੈ ਤਾਂ ਜੋ ਸੂਬਾ ਸਰਕਾਰ ਦੇ ਮਾਲੀਏ ਵਿੱਚ ਵਾਧੇ ਨੂੰ ਯਕੀਨੀ ਬਣਾਇਆ ਜਾ ਸਕੇ। ਮੰਤਰੀ ਨੇ ਕਿਹਾ ਕਿ ਉਨਾਂ ਦਾ ਉਦੇਸ਼ ਵਿਭਾਗ ਦੇ ਪ੍ਰਤੀ ਦਿਨ ਮਾਲੀਏ ਨੂੰ 1.05 ਕਰੋੜ ਤੋਂ ਵਧਾ ਕੇ 1.50 ਕਰੋੜ(ਪ੍ਰਤੀ ਦਿਨ) ਕਰਨਾ ਹੈ।
ਉਹਨਾਂ ਕਿਹਾ ਕਿ ਵਿਭਾਗ ਨੇ ਬਾਦਲਾਂ ਦੀ 70 ਬੱਸਾਂ ਸਮੇਤ 400 ਬੱਸਾਂ ਨੂੰ ਜ਼ਬਤ ਕੀਤਾ ਹੈ, ਜਿਨਾਂ ਨੇ ਰਾਜ ਨੂੰ ਬੁਰੀ ਤਰਾਂ ਲੁੱਟਿਆ ਹੈ। ਉਨਾਂ ਕਿਹਾ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀਂ ਜਾਵੇਗਾ।