ਅੰਮ੍ਰਿਤਸਰ: ਗਣਤੰਤਰ ਦਿਹਾੜੇ ’ਤੇ ਅੰਮ੍ਰਿਤਸਰ ਤੋਂ ਬੁਰੀ ਖ਼ਬਰ ਆਈ ਹੈ। ਕਸਬਾ ਵੱਲਾ ਕਿਸਾਨਾਂ ਦੇ ਹੱਕ ‘ਚ ਰੋਸ ਮਾਰਚ ਕਰ ਰਹੀਆਂ ਔਰਤਾਂ ‘ਤੇ ਪਾਣੀ ਨਾਲ ਭਰਿਆ ਟੈਂਕਰ ਚੜ੍ਹ ਗਿਆ। ਇਸ ਹਾਦਸੇ ‘ਚ ਦੋ ਔਰਤਾਂ ਦੀ ਮੌਤ ਹੋ ਗਈ ਜਦਕਿ ਪੰਜ ਗੰਭੀਰ ਰੂਪ ’ਚ ਜ਼ਖ਼ਮੀ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਮ੍ਰਿਤਕਾਂ ਦੀ ਪਛਾਣ 65 ਸਾਲਾ ਨਿੰਦਰ ਕੌਰ ਅਤੇ 58 ਸਾਲਾ ਸਿਮਰਜੀਤ ਕੌਰ ਵਜੋਂ ਹੋਈ ਹੈ ਜਦਕਿ ਨਿਰਮਲ ਕੌਰ ਨਿੰਮੋ, ਦਰਸ਼ਨ ਕੌਰ, ਬਲਵਿੰਦਰ ਕੌਰ, ਨਰਿੰਦਰ ਕੌਰ ਅਤੇ ਕੁਲਜੀਤ ਕੌਰ ਜ਼ਖ਼ਮੀ ਦੱਸੀਆਂ ਜਾ ਰਹੀਆਂ ਹਨ। ਥਾਣਾ ਮੁਖੀ ਇੰਸਪੈਕਟਰ ਸੰਜੀਵ ਕੁਮਾਰ ਮੌਕੇ ’ਤੇ ਪਹੁੰਚੇ ਅਤੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਵਾਟਰ ਟੈਂਕਰ ਚਾਲਕ ਗੁਰਲਾਲ ਸਿੰਘ ਨੂੰ ਹਿਰਾਸਤ ’ਚ ਲੈ ਲਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਇਹ ਸਾਰੀਆਂ ਔਰਤਾਂ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲਾ ਦੀ ਪ੍ਰਧਾਨ ਬੀਬੀ ਕੇਵਲਬੀਰ ਕੌਰ ਦੀ ਅਗਵਾਈ ’ਚ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ’ਚ ਜਾਰੀ ਕਿਸਾਨਾਂ ਦੇ ਰੋਸ ਪ੍ਰਦਰਸ਼ਨ ਦੀ ਹਮਾਇਤ ’ਚ ਦਿੱਤੇ ਜਾ ਰਹੇ ਧਰਨੇ ’ਚ ਸ਼ਾਮਲ ਹੋਣ ਲਈ ਵੱਲਾ ਚੌਕ ਜਾ ਰਹੀਆਂ ਸਨ। ਜਥਾ ਜਦੋਂ ਐਲੀਮੈਂਟਰੀ ਸਕੂਲ ਵੱਲਾ ਦੇ ਸਾਹਮਣੇ ਪਹੁੰਚਿਆ ਤਾਂ ਪਿੱਛੇ ਤੋਂ ਆ ਰਹੇ ਵਾਟਰ ਟੈਂਕਰ ਦੇ ਚਾਲਕ ਨੇ ਲਾਪਰਵਾਹੀ ਨਾਲ ਵਾਹਨ ਜਥੇ ’ਤੇ ਚੜ੍ਹਾ ਦਿੱਤਾ।