ਇਨਸਾਫ ਦੀ ਮੰਗ ਕਰ ਰਹੀ ਔਰਤ ਨੂੰ ਪੁਲਿਸ ਨੇ ਚੁੱਕਿਆ

TeamGlobalPunjab
2 Min Read

ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ ): ਪੰਜਾਬ ਪੁਲਿਸ ਦੇ ਇੱਕ ਆਈ ਜੀ ਉੱਤੇ ਰੇਪ ਦੇ ਇਲਜ਼ਾਮ ਲਗਾਉਣ ਵਾਲੀ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਇੱਕ ਪਿੰਡ ਦੀ ਔਰਤ ਨੂੰ ਅੱਜ ਪੰਜਾਬ ਪੁਲਿਸ ਹੈਡ ਕੁਆਰਟਰ ਦੇ ਸਾਹਮਣੇ ਤੋਂ ਚੰਡੀਗੜ੍ਹ ਪੁਲਿਸ ਨੇ ਰਾਊਂਡ ਅੱਪ ਕਰ ਲਿਆ।

ਇਸ ਮੌਕੇ ਹਾਈ ਵੋਲਟੇਜ਼ ਡਰਾਮਾ ਵੀ ਹੋਇਆ ਕਿਉਂਕਿ ਮਹਿਲਾ ਪੁਲਿਸ ਇਸ ਔਰਤ ਨੂੰ ਧੱਕੇ ਨੂੰ ਚੁੱਕ ਕੇ ਗੱਡੀ ਵਿੱਚ ਸੁੱਟਣਾ ਚਾਹੁੰਦੀ ਸੀ ਪਰ ਉਹ ਇਹ ਮੰਗ ਕਰ ਰਹੀ ਸੀ ਕਿ ਦੋਸ਼ੀ ਪੁਲਿਸ ਅਧਿਕਾਰੀ ਖਿਲਾਫ ਰੇਪ ਦਾ ਪਰਚਾ ਦਰਜ ਕੀਤਾ ਜਾਵੇ ਕਿਉਂਕਿ ਪ੍ਰਧਾਨ ਮੰਤਰੀ ਦੇ ਦਫਤਰ ਤੋਂ ਪਰਚਾ ਦਰਜ ਕਰਨ ਲਈ ਆਦੇਸ਼ ਜਾਰੀ ਹੋਏ ਹਨ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਸ ਨਾਲ ਜੋ ਵਧੀਕੀ ਹੋਈ ਹੈ ਉਸ ਮਾਮਲੇ ਦੀ ਜਾਂਚ ਸੀ. ਬੀ. ਆਈ. ਤੋਂ ਕਰਵਾਈ ਜਾਵੇ।

ਉਸ ਨੇ ਇਹ ਧਮਕੀ ਵੀ ਦਿੱਤੀ ਕਿ ਜੇਕਰ ਉਸ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਪੰਜਾਬ ਪੁਲਿਸ ਮੁਖੀ ਦੇ ਦਫ਼ਤਰ ਦੇ ਸਾਹਮਣੇ ਖੁਦਕੁਸ਼ੀ ਕਰ ਲਵੇਗੀ ।ਪੀੜਤ ਔਰਤ ਨੇ ਕਾਲੇ ਕੱਪੜੇ ਪਾ ਕੇ ਆਪਣੇ ਕਮੀਜ਼ ਦੇ ਉੱਪਰ ਉਸ ਪੁਲਿਸ ਅਧਿਕਾਰੀ ਦੀ ਫੋਟੋ ਵੀ ਲਗਾਈ ਗਈ ਸੀ ਜਿਸ ਉੱਤੇ ਉਹ ਰੇਪ ਦੇ ਇਲਜ਼ਾਮ ਲਗਾ ਰਹੀ ਹੈ।ਇਨਸਾਫ ਦੀ ਮੰਗ ਨੂੰ ਲੈ ਕੇ ਉਹ ਪਹਿਲਾਂ ਲਗਾਤਾਰ ਅੱਠ ਸਾਲ ਜੰਤਰ ਮੰਤਰ ਦਿੱਲੀ ਵਿੱਚ ਧਰਨਾ ਵੀ ਦੇ ਚੁੱਕੀ ਹੈ ਪਰ ਹੁਣ ਲੌਕਡਾਊਨ ਦੇ ਕਾਰਨ ਉਹ ਪੰਜਾਬ ਆ ਕੇ ਇਨਸਾਫ ਦੀ ਮੰਗ ਕਰਨ ਲੱਗੀ ਹੈ।

- Advertisement -

ਉਸ ਨੇ ਦੱਸਿਆ ਕਿ 2010 ਵਿੱਚ ਜਦੋਂ ਸਬੰਧਿਤ ਆਈਜੀ ਸੰਗਰੂਰ ਦੇ ਐਸਐਸਪੀ ਸਨ ਤਾਂ ਉਹ ਕਿਸੇ ਜਾਂਚ ਦੇ ਸਿਲਸਿਲੇ ਵਿੱਚ ਉਨ੍ਹਾਂ ਨੂੰ ਮਿਲੀ ਸੀ ਪਰ ਉਸ ਨੇ ਉਸ ਨਾਲ ਬਲਾਤਕਾਰ ਕੀਤਾ ਅਤੇ ਵਾਰ ਵਾਰ ਨਾਜਾਇਜ਼ ਸਬੰਧ ਬਣਾਉਣ ਲਈ ਦਬਾਅ ਵੀ ਬਣਾਉਂਦਾ ਰਿਹਾ। ਇਸ ਔਰਤ ਦਾ ਕਹਿਣਾ ਹੈ ਕਿ ਉਹ ਇਨਸਾਫ ਦੀ ਮੰਗ ਨੂੰ ਲੈ ਕੇ ਥੱਕ ਹਾਰ ਗਈ ਹੈ। ਪਰ ਉਹ ਹੁਣ ਇੱਕ ਹੋਰ ਕੋਸ਼ਿਸ਼ ਕਰ ਰਹੀ ਹੈ ਕਿ ਪੰਜਾਬ ਪੁਲਿਸ ਮੁਖੀ ਉਸ ਨੂੰ ਇਨਸਾਫ਼ ਦੇ ਦੇਵੇ ਅਤੇ ਉਸ ਦੇ ਹੋਏ ਸਰੀਰਕ ਸ਼ੋਸ਼ਣ ਬਾਰੇ ਪਰਚਾ ਦਰਜ ਕਰਵਾ ਦੇਵੇ। ਉਨ੍ਹਾਂ ਦੋਸ਼ ਲਗਾਇਆ ਕਿ ਖੰਨਾ ਪੁਲਿਸ ਮਾਮਲੇ ਦਾ ਪਰਚਾ ਦਰਜ ਕਰਨ ਦੀ ਬਜਾਏ ਉਸ ਨੂੰ ਜਾਂਚ ਦੇ ਬਹਾਨੇ ਦਫ਼ਤਰਾਂ ਵਿੱਚ ਵਾਰ ਵਾਰ ਬੁਲਾ ਰਹੀ ਹੈ। ਜੋ ਕਾਨੂੰਨ ਦੇ ਉਲਟ ਹੈ।

Share this Article
Leave a comment