ਪਠਾਨਕੋਟ: ਪਠਾਨਕੋਟ ਦੇ ਸਿਵਲ ਹਸਪਤਾਲ ‘ਚ ਇੱਕ ਮਹਿਲਾ ਵੱਲੋਂ ਫਰਸ਼ ‘ਤੇ ਹੀ ਬੱਚੇ ਨੂੰ ਜਨਮ ਦੇਣ ਦਾ ਮਾਮਲਾ ਹੁਣ ਤੁਲ ਫੜਦਾ ਹੋਇਆ ਨਜ਼ਰ ਆ ਰਿਹਾ ਹੈ। ਜਿੱਥੇ ਇੱਕ ਪਾਸੇ ਵਿਰੋਧੀ ਪਾਰਟੀਆਂ ਸਰਕਾਰ ਨੂੰ ‘ਤੇ ਲੈ ਰਹੀਆਂ ਹਨ ਤਾਂ ਦੂਜੇ ਪਾਸੇ ਭਾਜਪਾ ਸੂਬਾ ਪ੍ਰਧਾਨ ਅਸਵਨੀ ਸ਼ਰਮਾ ਨੇ ਪੀੜਤ ਪਰਿਵਾਰ ਤੋਂ ਮੁਆਫੀ ਮੰਗੀ ਹੈ।
ਬੀਤੇ ਦਿਨੀਂ ਇੱਕ ਔਰਤ ਨੇ ਸਿਵਲ ਹਸਪਤਾਲ ਦੇ ਫਰਸ਼ ‘ਤੇ ਹੀ ਬੱਚੇ ਨੂੰ ਜਨਮ ਦੇ ਦਿੱਤਾ ਸੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆਂ ਸਨ। ਇਸ ਤੋਂ ਬਾਅਦ ਵਿਰੋਧੀਆਂ ਨੇ ਪੰਜਾਬ ਸਰਕਾਰ ‘ਤੇ ਵੀ ਸਵਾਲ ਚੁੱਕੇ ਸਨ। ਹਾਲ ਹੀ ‘ਚ ਭਾਜਪਾ ਵਰਕਰਾਂ ਨੇ ਸਿਵਲ ਹਸਪਤਾਲ ਦੇ ਬਾਹਰ ਸਿਹਤ ਮੰਤਰੀ ਦਾ ਪੁਤਲਾ ਫੂਕਿਆ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਅਤੇ ਪਠਾਨਕੋਟ ਤੋਂ ਵਿਧਾਇਕ ਅਸ਼ਵਨੀ ਸ਼ਰਮਾ ਪੀੜਤ ਔਰਤ ਦਾ ਹਾਲ-ਚਾਲ ਪੁੱਛਣ ਲਈ ਉਨ੍ਹਾਂ ਦੇ ਘਰ ਪਹੁੰਚੇ। ਇਸ ਮੌਕੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਉਹ ਵਿਧਾਇਕ ਹੋਣ ਦੇ ਨਾਤੇ ਸ਼ਰਮਿੰਦਾ ਹਨ ਕਿ ਉਨ੍ਹਾਂ ਸ਼ਹਿਰ ਦੇ ਸਰਕਾਰੀ ਹਸਪਤਾਲ ਵਿੱਚ ਅਜਿਹੀ ਘਟਨਾ ਵਾਪਰੀ ਹੈ। ਇਸ ਮੌਕੇ ਉਨ੍ਹਾਂ ਪੰਜਾਬ ਦੀ ‘ਆਪ’ ਸਰਕਾਰ ਨੂੰ ਵੀ ਘੇਰਦਿਆਂ ਕਿਹਾ ਕਿ ਸੂਬਾ ਸਰਕਾਰ ਵਧੀਆ ਸਿਹਤ ਸੇਵਾਵਾਂ ਦੇਣ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰਦੀ ਹੈ ਪਰ ਅਸਲ ਵਿੱਚ ਅਜਿਹਾ ਕੁਝ ਵੀ ਨਹੀਂ ਹੈ
ਉੱਥੇ ਹੀ ਪੀੜਤ ਔਰਤ ਦੇ ਪਤੀ ਨੇ ਦੱਸਿਆ ਕਿ ਬੀਤੀ ਰਾਤ ਸਿਹਤ ਵਿਭਾਗ ਦੇ ਕੁਝ ਮੁਲਾਜ਼ਮ ਉਸ ਦੇ ਘਰ ਆਏ ਸਨ ਅਤੇ ਔਰਤ ਦੇ ਟੈਸਟ ਕਰਵਾਉਣ ਦੀ ਗੱਲ ਕਰ ਰਹੇ ਸਨ। ਉਨ੍ਹਾਂ ਸਰਕਾਰ ਦੀ ਸਿਹਤ ਵਿਵਸਥਾ ‘ਤੇ ਕਈ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਜਦੋਂ ਔਰਤ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਕਿਸੇ ਨੇ ਉਸ ਦੀ ਸੰਭਾਲ ਨਹੀਂ ਕੀਤੀ ਅਤੇ ਹੁਣ ਸਰਕਾਰੀ ਹਸਪਤਾਲ ਦੇ ਮੁਲਾਜ਼ਮ ਘਰ ਆ ਕੇ ਮਰੀਜ਼ ਦਾ ਹਾਲ-ਚਾਲ ਪੁੱਛ ਰਹੇ ਹਨ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.