ਖਰੜ ਦੇ ਸਬ-ਡਵੀਜ਼ਨਲ ਹਸਪਤਾਲ ਵਿੱਚ ਸ਼ਨੀਵਾਰ ਸ਼ਾਮ ਇਲਾਜ ਕਰਵਾਉਣ ਆਏ ਇੱਕ ਵਿਅਕਤੀ ਵੱਲੋਂ ਡਿਊਟੀ ’ਤੇ ਤਾਇਨਾਤ ਮਹਿਲਾ ਮੈਡੀਕਲ ਅਫ਼ਸਰ ਨਾਲ ਕਥਿਤ ਤੌਰ ’ਤੇ ਹੱਥੋਪਾਈ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਮੁਲਜ਼ਮ ਨੇ ਡਾਕਟਰ ਦੇ ਵਾਲ ਫੜੇ, ਉਸ ਦੀ ਕਮੀਜ਼ ਪਾੜ ਦਿੱਤੀ ਅਤੇ ਹਸਪਤਾਲ ਦੀ ਸਰਕਾਰੀ ਜਾਇਦਾਦ ਦੀ ਭੰਨਤੋੜ ਕੀਤੀ। ਕਰੀਬ ਇੱਕ ਘੰਟਾ ਚੱਲੇ ਹੰਗਾਮੇ ਤੋਂ ਬਾਅਦ ਹਸਪਤਾਲ ਦੇ ਸਟਾਫ਼ ਨੇ ਉਸ ਨੂੰ ਕਾਬੂ ਕਰਕੇ ਪੁਲੀਸ ਹਵਾਲੇ ਕਰ ਦਿੱਤਾ।
ਪੁਲੀਸ ਨੇ ਮੁਲਜ਼ਮ ਦੀ ਪਛਾਣ ਰਣਜੀਤਪਾਲ ਸਿੰਘ ਵਾਸੀ ਹੀਰਾ ਸਿੰਘ ਨਗਰ, ਨੇੜੇ ਰਾਮ ਬਾਗ, ਖਰੜ ਵਜੋਂ ਕੀਤੀ ਹੈ। ਪੁਲੀਸ ਵੱਲੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਜਾਂਚ ਦੌਰਾਨ ਹੋਈ ਬਹਿਸ, ਫਿਰ ਹੱਥੋਪਾਈ ਦੇ ਦੋਸ਼
ਐਰੋਸਿਟੀ, ਮੁਹਾਲੀ ਦੀ ਵਸਨੀਕ ਡਾਕਟਰ ਹਰਮਨਪ੍ਰੀਤ ਕੌਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਸ਼ਨੀਵਾਰ ਰਾਤ ਕਰੀਬ 8 ਵਜੇ ਹਸਪਤਾਲ ਵਿੱਚ ਡਿਊਟੀ ’ਤੇ ਸੀ। ਇਸੇ ਦੌਰਾਨ ਉਕਤ ਵਿਅਕਤੀ ਇਲਾਜ ਕਰਵਾਉਣ ਲਈ ਉੱਥੇ ਪਹੁੰਚਿਆ।
ਸ਼ਿਕਾਇਤ ਮੁਤਾਬਕ, ਮਰੀਜ਼ ਦੀ ਜਾਂਚ ਦੌਰਾਨ ਕਿਸੇ ਗੱਲ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ। ਦੋਸ਼ ਹੈ ਕਿ ਇਸ ਤੋਂ ਬਾਅਦ ਵਿਅਕਤੀ ਨੇ ਡਾਕਟਰ ਦੇ ਵਾਲ ਫੜ ਲਏ ਅਤੇ ਉਸ ਦੀ ਕਮੀਜ਼ ਪਾੜ ਦਿੱਤੀ। ਜਦੋਂ ਹਸਪਤਾਲ ਦਾ ਹੋਰ ਸਟਾਫ਼ ਡਾਕਟਰ ਨੂੰ ਬਚਾਉਣ ਲਈ ਅੱਗੇ ਆਇਆ ਤਾਂ ਮੁਲਜ਼ਮ ਵੱਲੋਂ ਉਨ੍ਹਾਂ ਨਾਲ ਵੀ ਹੱਥੋਪਾਈ ਕੀਤੀ ਗਈ।
ਡਾਕਟਰ ਵੱਲੋਂ ਦਿੱਤੀ ਸ਼ਿਕਾਇਤ ਅਨੁਸਾਰ, ਗੁੱਸੇ ਵਿੱਚ ਆਏ ਵਿਅਕਤੀ ਨੇ ਹਸਪਤਾਲ ਵਿੱਚ ਪਏ ਸਾਮਾਨ ਅਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ। ਸਟਾਫ਼ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਉਸ ’ਤੇ ਕਾਬੂ ਪਾਇਆ ਅਤੇ ਪੁਲੀਸ ਨੂੰ ਸੂਚਿਤ ਕੀਤਾ।
ਕਈ ਧਾਰਾਵਾਂ ਤਹਿਤ ਮਾਮਲਾ ਦਰਜ
ਸਿਟੀ ਖਰੜ ਪੁਲੀਸ ਨੇ 24 ਅਕਤੂਬਰ ਨੂੰ ਮੁਲਜ਼ਮ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 115(2), 76, 132 ਅਤੇ 221 ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਤੋਂ ਇਲਾਵਾ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਨਾਲ ਸਬੰਧਤ ਕਾਨੂੰਨ ਦੀਆਂ ਧਾਰਾਵਾਂ 3 ਅਤੇ 4 ਵੀ ਲਗਾਈਆਂ ਗਈਆਂ ਹਨ।
ਪੁਲੀਸ ਦੀ ਕਾਰਵਾਈ ਮੁਤਾਬਕ, ਮੁਲਜ਼ਮ ’ਤੇ ਸੱਟ ਪਹੁੰਚਾਉਣ, ਮਹਿਲਾ ਦੀ ਬੇਪੱਤੀ ਕਰਨ ਦੇ ਇਰਾਦੇ ਨਾਲ ਜ਼ੋਰ ਵਰਤਣ, ਸਰਕਾਰੀ ਕਰਮਚਾਰੀ ’ਤੇ ਹਮਲਾ ਕਰਨ ਅਤੇ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਦੇ ਦੋਸ਼ ਹਨ।

