ਐਡਮਿੰਟਨ: ਕੈਨੇਡਾ ਦੇ ਐਡਮਿੰਟਨ ਸਥਿਤ ਨਾਨਕਸਰ ਗੁਰਦੁਆਰਾ ਸਾਹਿਬ ਵਿੱਚ ਇੱਕ ਹਮਲੇ ਦੀ ਘਟਨਾ ਸਾਹਮਣੇ ਆਈ ਹੈ। ਘਟਨਾ ਵਿੱਚ ਹਮਲਾਵਰ ਵਲੋਂ ਚਾਕੂ ਨਾਲ ਦੋ ਜਣਿਆਂ ਨੂੰ ਜ਼ਖਮੀ ਕਰ ਦਿੱਤਾ। ਐਡਮਿੰਟਨ ਪੁਲੀਸ ਨੇ ਮਾਮਲੇ ਵਿੱਚ ਇੱਕ ਬਾਲਗ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਘਟਨਾ ਦੀ ਜਾਂਚ ਜਾਰੀ ਹੈ।
ਪੁਲੀਸ ਦੀ ਜਾਂਚ ਦੇ ਚਲਦਿਆਂ ਗੁਰਦੁਆਰਾ ਸਾਹਿਬ ਨੂੰ ਕੁਝ ਸਮੇਂ ਲਈ ਲੋਕਾਂ ਲਈ ਬੰਦ ਕਰ ਦਿੱਤਾ ਗਿਆ। ਪੁਲੀਸ ਨੇ ਹਾਲੇ ਤੱਕ ਇਹ ਸਪਸ਼ਟ ਨਹੀਂ ਕੀਤਾ ਕਿ ਹਮਲਾ ਕਿਸ ਮਕਸਦ ਨਾਲ ਕੀਤਾ ਗਿਆ ਸੀ।
ਸੇਵਾਦਾਰਾਂ ਨੇ ਹਮਲਾਵਰ ਨੂੰ ਅੱਗੇ ਜਾਣ ਤੋਂ ਰੋਕਿਆ
ਗੁਰਦੁਆਰੇ ਦੇ ਸੇਵਾਦਾਰ ਸ਼ੇਰ ਸਿੰਘ ਮੁਤਾਬਕ, ਸੇਵਾਦਾਰਾਂ ਨੇ ਹਮਲਾਵਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨੇੜੇ ਜਾਣ ਤੋਂ ਰੋਕ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਕਾਰਨ ਪਾਵਨ ਸਰੂਪ ਨੂੰ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਾਇਆ ਜਾ ਸਕਿਆ।
ਐਡਮਿੰਟਨ ਪੁਲੀਸ ਸਰਵਿਸ ਮੁਤਾਬਕ ਅਧਿਕਾਰੀ ਸਵੇਰੇ 5 ਵਜੇ ਤੋਂ ਥੋੜ੍ਹੀ ਦੇਰ ਬਾਅਦ ਮੌਕੇ ’ਤੇ ਪਹੁੰਚੇ ਅਤੇ ਇੱਕ ਬਾਲਗ ਨੂੰ ਹਿਰਾਸਤ ਵਿੱਚ ਲੈ ਲਿਆ। ਜ਼ਖ਼ਮੀਆਂ ਦੀ ਮਦਦ ਲਈ ਪੈਰਾ ਮੈਡੀਕਲ ਟੀਮ ਵੀ ਮੌਕੇ ’ਤੇ ਪਹੁੰਚੀ ਅਤੇ ਇਲਾਜ ਕੀਤਾ।
ਹਮਲੇ ਦਾ ਮਕਸਦ ਹਾਲੇ ਸਾਹਮਣੇ ਨਹੀਂ ਆਇਆ
ਪੁਲੀਸ ਨੇ ਹਮਲੇ ਦੇ ਸੰਭਾਵਿਤ ਕਾਰਨ ਬਾਰੇ ਹਾਲੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ। ਇਸ ਦੇ ਨਾਲ ਹੀ ਪੁਲੀਸ ਨੇ ਇਸ ਘਟਨਾ ਨੂੰ ਅਧਿਕਾਰਤ ਤੌਰ ’ਤੇ ‘ਹੇਟ ਕ੍ਰਾਈਮ’ ਵੀ ਐਲਾਨਿਆ ਨਹੀਂ ਹੈ।
ਵਰਲਡ ਸਿੱਖ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਦਾਨਿਸ਼ ਸਿੰਘ ਨੇ ਘਟਨਾ ’ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਸੰਗਠਨ ਕੈਨੇਡਾ ਵਿੱਚ ਸਿੱਖ ਵਿਰੋਧੀ ਨਫ਼ਰਤ ਵਧਣ ਬਾਰੇ ਲਗਾਤਾਰ ਚਿਤਾਵਨੀ ਦਿੰਦਾ ਆ ਰਿਹਾ ਹੈ। ਉਨ੍ਹਾਂ ਐਡਮਿੰਟਨ ਪੁਲੀਸ ਤੋਂ ਘਟਨਾ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਕੀਤੀ, ਤਾਂ ਜੋ ਇਹ ਪਤਾ ਲੱਗ ਸਕੇ ਕਿ ਹਮਲੇ ਵਿੱਚ ਨਫ਼ਰਤ ਨੇ ਕੋਈ ਭੂਮਿਕਾ ਨਿਭਾਈ ਸੀ ਜਾਂ ਨਹੀਂ।
ਅਲਬਰਟਾ ਵਿੱਚ ਸਿੱਖ ਧਾਰਮਿਕ ਸਥਾਨਾਂ ਦੀ ਸੁਰੱਖਿਆ ’ਤੇ ਚਿੰਤਾ
ਇਹ ਘਟਨਾ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਅਲਬਰਟਾ ਵਿੱਚ ਸਿੱਖ ਧਾਰਮਿਕ ਸਥਾਨਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵਧ ਰਹੀਆਂ ਹਨ। ਇਸ ਤੋਂ ਪਹਿਲਾਂ ਵੀਰਵਾਰ ਨੂੰ ਕੈਲਗਰੀ ਪੁਲੀਸ ਨੇ ਉੱਤਰ-ਪੂਰਬੀ ਕੈਲਗਰੀ ਦੇ ਦੋ ਸਿੱਖ ਗੁਰਦੁਆਰਿਆਂ ਨੂੰ ਮਿਲੀਆਂ ਧਮਕੀ ਭਰੀਆਂ ਕਾਲਾਂ ਦੀ ਜਾਂਚ ਦੀ ਪੁਸ਼ਟੀ ਕੀਤੀ ਸੀ। ਇਨ੍ਹਾਂ ਵਿੱਚ ਦਸਮੇਸ਼ ਕਲਚਰ ਸੈਂਟਰ ਨੂੰ ਮਿਲੀਆਂ ਧਮਕੀਆਂ ਵੀ ਸ਼ਾਮਲ ਸਨ।
ਨਾਨਕਸਰ ਗੁਰਦੁਆਰਾ ਗੁਰਸਿੱਖ ਟੈਂਪਲ ਐਡਮਿੰਟਨ ਦੇ 1410 ਹੌਰਸਹਿੱਲਜ਼ ਰੋਡ ’ਤੇ ਸਥਿਤ ਹੈ। ਮੌਜੂਦਾ ਗੁਰਦੁਆਰਾ ਕੰਪਲੈਕਸ 1996 ਵਿੱਚ ਇਸ ਥਾਂ ’ਤੇ ਖੋਲ੍ਹਿਆ ਗਿਆ ਸੀ ਅਤੇ ਲਗਭਗ 30 ਹਜ਼ਾਰ ਵਰਗ ਫੁੱਟ ਵਿੱਚ ਫੈਲਿਆ ਹੋਇਆ ਹੈ। ਪੁਲੀਸ ਵੱਲੋਂ ਮਾਮਲੇ ਸਬੰਧੀ ਹੋਰ ਵੇਰਵੇ ਜਾਰੀ ਕੀਤੇ ਜਾਣ ਦੀ ਉਮੀਦ ਹੈ।

