ਯੂਟਿਊਬ ਦੇਖ ਕੇ ਸੱਸ ਤੇ ਪਤੀ ਨੇ ਮਿਲ ਕੇ ਘਰੇ ਹੀ ਕੀਤੀ ਆਪਣੀ ਵੋਹਟੀ ਦੀ ਡਿਲੀਵਰੀ, ਫਿਰ ਉਹੀ ਹੋਇਆ ਜਿਸ ਦਾ ਡਰ ਸੀ

Global Team
3 Min Read

ਨਿਊਜ਼ ਡੈਸਕ: ਤਕਨਾਲੋਜੀ ਅਤੇ ਇੰਟਰਨੈੱਟ ਦੇ ਇਸ ਦੌਰ ਵਿੱਚ ਜਾਣਕਾਰੀ ਹਾਸਲ ਕਰਨਾ ਪਹਿਲਾਂ ਨਾਲੋਂ ਆਸਾਨ ਹੋ ਗਿਆ ਹੈ, ਪਰ ਬਿਨਾਂ ਮਾਹਰਾਂ ਦੀ ਸਲਾਹ ਦੇ ਗੰਭੀਰ ਮੈਡੀਕਲ ਪ੍ਰਕਿਰਿਆ ਅਪਣਾਉਣ ਦੇ ਨਤੀਜੇ ਕਿੰਨੇ ਖਤਰਨਾਕ ਹੋ ਸਕਦੇ ਹਨ, ਇਸ ਦੀ ਇੱਕ ਘਟਨਾ ਤਮਿਲਨਾਡੂ ਦੇ ਤਿਰੁਪੁਰ ਜ਼ਿਲ੍ਹੇ ਤੋਂ ਸਾਹਮਣੇ ਆਈ ਹੈ। ਇੱਥੇ ਯੂਟਿਊਬ ਵੀਡੀਓ ਦੇਖ ਕੇ ਘਰ ਵਿੱਚ ਡਿਲੀਵਰੀ ਕਰਵਾਉਣ ਦੀ ਕੋਸ਼ਿਸ਼ ਦੌਰਾਨ 32 ਸਾਲਾ ਮਹਿਲਾ ਦੀ ਮੌਤ ਹੋ ਗਈ।

ਘਰ ਵਿੱਚ ਹੀ ਕਰਵਾਈ ਗਈ ਡਿਲੀਵਰੀ 

ਮ੍ਰਿਤਕ ਮਹਿਲਾ ਦੀ ਪਛਾਣ ਸ਼ਸ਼ਿਕਲਾ ਵਜੋਂ ਹੋਈ ਹੈ, ਜੋ ਤਿਰੁਪੁਰ ਜ਼ਿਲ੍ਹੇ ਦੇ ਇੱਕ ਪਿੰਡ ਦੀ ਰਹਿਣ ਵਾਲੀ ਸੀ। ਪੁਲਿਸ ਮੁਤਾਬਕ 24 ਜੂਨ ਦੀ ਸਵੇਰ ਉਸ ਨੂੰ ਦਰਦ ਸ਼ੁਰੂ ਹੋਇਆ। ਇਸ ਤੋਂ ਬਾਅਦ ਉਸ ਦੇ ਪਤੀ ਕੋਲੰਦਚਾਮੀ ਅਤੇ ਸੱਸ ਨੇ ਘਰ ਵਿੱਚ ਹੀ ਡਿਲੀਵਰੀ ਕਰਵਾਉਣ ਦਾ ਫੈਸਲਾ ਕੀਤਾ।

ਦੱਸਿਆ ਗਿਆ ਕਿ ਦੋਵਾਂ ਨੇ ਇੰਟਰਨੈੱਟ ਅਤੇ ਯੂਟਿਊਬ ‘ਤੇ ਕੁਦਰਤੀ ਜਣੇਪੇ ਨਾਲ ਜੁੜੀਆਂ ਵੀਡੀਓਜ਼ ਦੇਖ ਕੇ ਡਿਲੀਵਰੀ ਵਿੱਚ ਮਦਦ ਕੀਤੀ।

ਬੱਚੀ ਦੇ ਜਨਮ ਤੋਂ ਬਾਅਦ ਵਿਗੜੀ ਹਾਲਤ

ਘਰ ਵਿੱਚ ਹੋਈ ਡਿਲੀਵਰੀ ਦੌਰਾਨ ਸ਼ਸ਼ਿਕਲਾ ਨੇ ਇੱਕ ਬੱਚੀ ਨੂੰ ਜਨਮ ਦਿੱਤਾ। ਸ਼ੁਰੂ ਵਿੱਚ ਸਭ ਕੁਝ ਨੋਰਮਲ ਲੱਗ ਰਿਹਾ ਸੀ, ਪਰ ਜਣੇਪੇ ਤੋਂ ਬਾਅਦ ਪਲੇਸੈਂਟਾ ਸਰੀਰ ਤੋਂ ਬਾਹਰ ਨਹੀਂ ਨਿਕਲਿਆ। ਇਸ ਕਾਰਨ ਉਸ ਨੂੰ ਡਿਲੀਵਰੀ ਤੋਂ ਬਾਅਦ ਬਹੁਤ ਜ਼ਿਆਦਾ ਖੂਨ ਵਹਿਣ ਦੀ ਗੰਭੀਰ ਸਮੱਸਿਆ ਹੋ ਗਈ।

ਹਾਲਤ ਵਿਗੜਣ ‘ਤੇ ਪਰਿਵਾਰ ਪਹਿਲਾਂ ਉਸ ਨੂੰ ਪੇਰੁੰਦੁਰਈ ਦੇ ਸਰਕਾਰੀ ਈਰੋਡ ਮੈਡੀਕਲ ਕਾਲਜ ਹਸਪਤਾਲ ਲੈ ਕੇ ਗਿਆ। ਬਾਅਦ ਵਿੱਚ 25 ਜੂਨ ਨੂੰ ਉਸ ਨੂੰ ਕੋਇਮਬਤੂਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਕਈ ਦਿਨ ਇਲਾਜ ਚੱਲਣ ਦੇ ਬਾਵਜੂਦ ਉਸ ਦੀ ਹਾਲਤ ਵਿੱਚ ਸੁਧਾਰ ਨਹੀਂ ਆਇਆ ਅਤੇ 28 ਜੂਨ ਦੀ ਸਵੇਰ ਉਸ ਦੀ ਮੌਤ ਹੋ ਗਈ।

ਪਹਿਲਾਂ ਤੋਂ ਘਰ ਵਿੱਚ ਡਿਲੀਵਰੀ ਦੀ ਬਣਾਈ ਸੀ ਯੋਜਨਾ

ਜਾਂਚ ਦੌਰਾਨ ਸਾਹਮਣੇ ਆਇਆ ਕਿ ਸ਼ਸ਼ਿਕਲਾ ਅਤੇ ਉਸ ਦੇ ਪਤੀ ਨੇ ਪਹਿਲਾਂ ਹੀ ਘਰ ਵਿੱਚ ਕੁਦਰਤੀ ਤਰੀਕੇ ਨਾਲ ਪ੍ਰਸਵ ਕਰਵਾਉਣ ਦੀ ਯੋਜਨਾ ਬਣਾਈ ਹੋਈ ਸੀ।

ਪਰਿਵਾਰ ਮੁਤਾਬਕ 2020 ਵਿੱਚ ਪਹਿਲੀ ਬੇਟੀ ਦੇ ਜਨਮ ਵੇਲੇ ਸ਼ਸ਼ਿਕਲਾ ਦਾ ਸੀ-ਸੈਕਸ਼ਨ ਹੋਇਆ ਸੀ, ਜਿਸ ਤੋਂ ਬਾਅਦ ਉਸ ਨੂੰ ਲੰਬੇ ਸਮੇਂ ਤੱਕ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਅਤੇ ਮਾਨਸਿਕ ਤਣਾਅ ਦਾ ਸਾਹਮਣਾ ਕਰਨਾ ਪਿਆ ਸੀ। ਇਸੇ ਤਜਰਬੇ ਕਾਰਨ ਦੂਜੇ ਬੱਚੇ ਲਈ ਹਸਪਤਾਲ ਦੀ ਥਾਂ ਘਰ ਵਿੱਚ ਜਣੇਪਾ ਕਰਵਾਉਣ ਦਾ ਫੈਸਲਾ ਕੀਤਾ ਗਿਆ।

ਪਤੀ ਖ਼ਿਲਾਫ਼ ਮਾਮਲਾ ਦਰਜ

ਇਸ ਮਾਮਲੇ ਵਿੱਚ ਕੁੰਨਥੁਰ ਦੇ ਬਲਾਕ ਮੈਡੀਕਲ ਅਧਿਕਾਰੀ ਦੀ ਸ਼ਿਕਾਇਤ ਤੋਂ ਬਾਅਦ ਉਥੁਕੁਲੀ ਪੁਲਿਸ ਨੇ ਕੋਲੰਦਚਾਮੀ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 105 ਤਹਿਤ ਮਾਮਲਾ ਦਰਜ ਕੀਤਾ ਹੈ। ਇਹ ਧਾਰਾ ਗੈਰ-ਇਰਾਦਤਨ ਹੱਤਿਆ ਨਾਲ ਸੰਬੰਧਿਤ ਹੈ। ਹਾਲਾਂਕਿ ਮ੍ਰਿਤਕਾ ਦੇ ਪਰਿਵਾਰ ਨੇ ਖੁਦ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ।

Share This Article
Leave a Comment