ਨਿਯਮਤ ਰੂਪ ’ਚ ਯੋਗ ਤੇ ਦ੍ਰਿੜਤਾ ਤੇ ਹੌਸਲੇ ਨਾਲ ਕੋਰੋਨਾ ਮਹਾਮਾਰੀ ਤੋਂ ਮੁਕਤੀ ਮਿਲ ਸਕਦੀ – ਡਾ. ਭਾਰਤੀ

TeamGlobalPunjab
2 Min Read

ਅੰਮ੍ਰਿਤਸਰ – ਡਾ. ਭਾਰਤੀ ਧਵਨ ਸਿਹਤ ਵਿਭਾਗ ’ਚ ਡਿਪਟੀ ਮੈਡੀਕਲ ਕਮਿਸ਼ਨਰ ਵਜੋਂ ਡਿਊਟੀ ਨਿਭਾ ਰਹੀ ਹੈ। ਕੋਰੋਨਾ ਦੇ ਸ਼ੁਰੂਆਤੀ ਕਾਲ ’ਚ ਡਾ. ਭਾਰਤੀ ਧਵਨ ਨੂੰ ਸਰਕਾਰੀ ਮੈਡੀਕਲ ਕਾਲਜ ਸਥਿਤ ਨਸ਼ਾ-ਮੁਕਤੀ ਤੇ ਮੁੜ ਵਸੇਬਾ ਕੇਂਦਰ ’ਚ ਬਣਾਏ ਗਏ ਕੁਆਰੰਟਾਈਨ ਸੈਂਟਰ ’ਚ ਭੇਜਿਆ ਗਿਆ। ਇੱਥੇ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਦੇਖਭਾਲ ਕਰਨ ਤੋਂ ਇਲਾਵਾ ਉਹ ਸੈਟੇਲਾਈਟ ਹਸਪਤਾਲ ਰਣਜੀਤ ਐਵੀਨਿਊ ’ਚ ਓਪੀਡੀ ’ਚ ਆਮ ਮਰੀਜ਼ਾਂ ਦੀ ਵੀ ਜਾਂਚ ਕਰਦੀ ਰਹੀ।

ਕੋਰੋਨਾ ਕਾਲ ’ਚ ਡਾ. ਭਾਰਤੀ ਨੇ ਇਸ ਵੱਡੀ ਜ਼ਿੰਮੇਵਾਰੀ ਨੂੰ ਨਾ ਸਿਰਫ਼ ਇਮਾਨਦਾਰੀ ਨਾਲ ਨਿਭਾਇਆ ਸਗੋਂ ਵਾਇਰਸ ਨਾਲ ਪ੍ਰਭਾਵਿਤ ਮਰੀਜ਼ਾਂ ’ਚ ਰਹਿ ਕੇ ਖ਼ੁਦ ਵੀ ਇਸ ਵਾਇਰਸ ਦੀ ਸ਼ਿਕਾਰ ਹੋ ਗਈ। 10 ਅਗਸਤ 2020 ਨੂੰ ਡਾ. ਭਾਰਤੀ ਨੂੰ ਕੋਰੋਨਾ ਦੇ ਲੱਛਣ ਮਹਿਸੂਸ ਹੋਏ। ਟੈਸਟ ਕਰਵਾਇਆ ਤਾਂ ਰਿਪੋਰਟ ਪਾਜ਼ੇਟਿਵ ਆਈ ਪਰ ਉਸ ਨੇ ਹੌਸਲਾ ਨਾ ਛੱਡਿਆ। ਨਿਯਮਾਂ ਅਨੁਸਾਰ ਖ਼ੁਦ ਨੂੰ ਇਕਾਂਤਵਾਸ ਕਰ ਲਿਆ।

ਡਾ. ਭਾਰਤੀ ਅਨੁਸਾਰ ਦ੍ਰਿੜਤਾ ਤੇ ਹੌਸਲੇ ਨਾਲ ਉਹ ਜਲਦ ਹੀ ਕੋਰੋਨਾ ਮਹਾਮਾਰੀ ਤੋਂ ਮੁਕਤ ਹੋ ਗਈ। ਪਹਿਲੇ ਦਿਨ ਇਕੱਲਤਾ ਮਹਿਸੂਸ ਹੋਈ ਕਿਉਂਕਿ ਮੈਂ ਹਮੇਸ਼ਾ ਮਰੀਜ਼ਾਂ ’ਚ ਰਹਿੰਦੀ ਸੀ। ਫਿਰ ਉਸ ਨੇ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ, ਗੀਤ ਸੁਣੇ ਤੇ ਗਾਏ ਵੀ। ਡਾ. ਭਾਰਤੀ ਦਾ ਕਹਿਣਾ ਹੈ ਕਿ ਇਕਾਂਤਵਾਸ ਦੌਰਾਨ ਮੈਂ ਨਿਯਮਤ ਰੂਪ ’ਚ ਯੋਗ ਕੀਤਾ। ਖੁਰਾਕ ’ਚ ਸੰਤੁਲਿਤ ਭੋਜਨ, ਤਰਲ ਪਦਾਰਥ, ਫਲ, ਹਰੀਆਂ ਸਬਜ਼ੀਆਂ, ਦੁੱਧ ਦਹੀਂ, ਮਲਟੀ ਵਿਟਾਮਿਨ ਦਾ ਸੇਵਨ ਲਗਾਤਾਰ ਕੀਤਾ। ਡਾ. ਭਾਰਤੀ ਨੇ ਦੱਸਿਆ ਕਿ ਇਕਾਂਤਵਾਸ ਖ਼ਤਮ ਹੋਣ ’ਤੇ ਮੈਂ ਦੁਬਾਰਾ ਕੁਆਰੰਟਾਈਨ ਸੈਂਟਰ ਪਹੁੰਚੀ। ਵਾਪਸ ਆਉਣ ’ਤੇ ਸਾਰਿਆਂ ਨੇ ਮੇਰਾ ਸਵਾਗਤ ਕੀਤਾ।

Share This Article
Leave a Comment