ਕੀ ਕਿਸਾਨ ਉਪਰ ਵਰ੍ਹਦੀਆਂ ਰਹਿਣਗੀਆਂ ਲਾਠੀਆਂ ?

TeamGlobalPunjab
5 Min Read

-ਅਵਤਾਰ ਸਿੰਘ;

ਹਰਿਆਣਾ ਦੇ ਮੁੱਖ ਮਨੋਹਰ ਲਾਲ ਖੱਟਰ ਦੇ ਖਿਲਾਫ ਦਿੱਲੀ ਦੇ ਬਾਰਡਰਾਂ ਉਪਰ ਧਰਨੇ ‘ਤੇ ਬੈਠੇ ਕਿਸਾਨਾਂ ਦਾ ਗੁੱਸਾ ਕਰਨਾਲ ਵਿੱਚ ਵਾਪਰੀ ਘਟਨਾ ਤੋਂ ਬਾਅਦ ਕਾਫੀ ਪ੍ਰਚੰਡ ਹੋ ਗਿਆ ਕਿਉਂਕਿ ਇਸ ਵਿੱਚ ਪੁਲਿਸ ਦੇ ਲਾਠੀਚਾਰਜ ਤੋਂ ਬਾਅਦ ਇਕ ਕਿਸਾਨ ਦੀ ਮੌਤ ਵੀ ਹੋ ਗਈ ਸੀ। ਕਿਸਾਨਾਂ ਨੇ ਇਸ ਦੇ ਰੋਸ ਵਿੱਚ ਆਵਾਜਾਈ ਠੱਪ ਵੀ ਕਰ ਦਿੱਤੀ ਸੀ। ਇਸ ਨੂੰ ਠੰਢਾ ਕਰਨ ਲਈ ਹਰਿਆਣਾ ਸਰਕਾਰ ਨੂੰ ਇਕ ਅਧਿਕਾਰੀ ਦਾ ਤਬਾਦਲਾ ਵੀ ਕਰਨਾ ਪਿਆ।

ਮੀਡੀਆ ਰਿਪੋਰਟਾਂ ਅਨੁਸਾਰ ਇਨ੍ਹਾਂ ਖ਼ਬਰਾਂ ਦੀ ਅਜੇ ਸਿਆਹੀ ਵੀ ਨਹੀਂ ਸੁੱਕੀ ਸੀ ਕਿ ਵੀਰਵਾਰ ਨੂੰ ਪੰਜਾਬ ਦੇ ਮੋਗਾ ਵਿੱਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਉਪਰ ਪੰਜਾਬ ਪੁਲਿਸ ਨੇ ਲਾਠੀਆਂ ਵਰ੍ਹਾ ਦਿੱਤੀਆਂ। ਇਸ ਦੌਰਾਨ ਕਈ ਕਿਸਾਨ ਜ਼ਖਮੀ ਹੋ ਗਏ ਤੇ ਕਈਆਂ ਦੀਆਂ ਪੱਗਾਂ ਲੱਥ ਗਈਆਂ। ਇਥੇ ਵੀ ਕਰਨਾਲ ਵਰਗੀ ਘਟਨਾ ਦੁਹਰਾਈ ਗਈ। ਇਹ ਕਿਸਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਜਾ ਰਹੀ ਰੈਲ਼ੀ ਦਾ ਵਿਰੋਧ ਕਰ ਰਹੇ ਸਨ।

ਇਸ ਦੇ ਪ੍ਰਤੀਕਰਮ ’ਤੇ ਪੁਲੀਸ ਵੱਲੋਂ ਲਾਠੀਚਾਰਜ ਕਰਨ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਉਨ੍ਹਾਂ ਨੂੰ ਪੰਜਾਬ ਸਰਕਾਰ ਵਲੋਂ ਦਿੱਤੇ ਗਏ ਸਰਕਾਰੀ ਗੰਨਮੈਨ ਵਾਪਸ ਕਰ ਦਿੱਤੇ ਹਨ। ਹਾਲਾਂਕਿ ਰੁਲਦੂ ਸਿੰਘ ਮਾਨਸਾ ਪਹਿਲਾਂ ਵੀ ਗੰਨਮੈਨ ਲੈਣ ਲਈ ਸਹਿਮਤ ਨਹੀਂ ਸਨ। ਪੁਲੀਸ ਦੇ ਜ਼ੋਰ ਦੇਣ ‘ਤੇ ਉਨ੍ਹਾਂ ਲਿਖਤੀ ਤੌਰ ‘ਤੇ ਗੰਨਮੈਨ ਲੈਣ ਤੋਂ ਇਨਕਾਰ ਵੀ ਕਰ ਦਿੱਤਾ ਸੀ ਪਰ ਕਿਸਾਨ ਆਗੂਆਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਲਈ ਸਰਕਾਰ ਤੋਂ ਆਈਆਂ ਹਦਾਇਤਾਂ ‘ਤੇ ਪੁਲੀਸ ਅਧਿਕਾਰੀਆਂ ਵਲੋਂ ਸੁਰੱਖਿਆ ਲੈਣ ਲਈ ਅਪੀਲ ਕਰਨ ਅਤੇ ਜਥੇਬੰਦੀ ਦੇ ਕੁਝ ਆਗੂਆਂ ਵਲੋਂ ਵੀ ਇਹ ਗੱਲ ਮੰਨ ਲੈਣ ‘ਤੇ ਅਖੀਰ ਉਨ੍ਹਾਂ ਗੰਨਮੈਨ ਲੈਣ ਲਈ ਰਾਜ਼ੀ ਹੋ ਗਏ ਸੀ। ਕਿਸਾਨ ਆਗੂ ਦਾ ਕਹਿਣਾ ਹੈ ਕਿ ਮੋਗੇ ਵਿੱਚ ਕਿਸਾਨਾਂ ਉਤੇ ਕੀਤੇ ਗਏ ਜ਼ੁਲਮ ਤੋਂ ਪਤਾ ਲੱਗ ਗਿਆ ਕਿ ਸਾਰੀਆਂ ਰਾਜਭਾਗ ਦਾ ਅਨੰਦ ਮਾਣ ਰਹੀਆਂ ਸਾਰੀਆਂ ਪਾਰਟੀਆਂ ਦੀ ਸੋਚ ਤੇ ਕੰਮ ਇਕੋ ਜਿਹੇ ਹਨ। ਕਿਸਾਨ ਆਗੂ ਨੇ ਮੋਗਾ ਕਾਂਡ ਤੋਂ ਬਾਅਦ ਐੱਸਐੱਸਪੀ ਮਾਨਸਾ ਨਾਲ ਮੁਲਾਕਾਤ ਕਰਕੇ ਮੌਕੇ ‘ਤੇ ਹੀ ਸਰਕਾਰੀ ਗੰਨਮੈਨ ਵਾਪਸ ਕਰ ਦਿੱਤੇ।

- Advertisement -

ਮੀਡੀਆ ਰਿਪੋਰਟਾਂ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਮੋਗਾ ਅਨਾਜ ਮੰਡੀ ’ਚ ਰੈਲੀ ਦਾ ਵਿਰੋਧ ਕਰਨ ਜਾ ਰਹੇ ਕਿਸਾਨਾਂ ਉੱਤੇ ਪੁਲੀਸ ਨੇ ਲਾਠੀਚਾਰਜ ਕੀਤਾ। ਕਿਸਾਨਾਂ ਨੂੰ ਜਦੋਂ ਜ਼ਿਲ੍ਹਾ ਸਕੱਤਰੇਤ ਨੇੜੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲੀਸ ਤੇ ਕਿਸਾਨਾਂ ਵਿਚਕਾਰ ਝੜਪ ਹੋ ਗਈ। ਕਿਸਾਨਾਂ ਦੀਆਂ ਪੱਗਾਂ ਲੱਥ ਗਈਆਂ। ਗੁੱਸੇ ਵਿਚ ਆਏ ਕਿਸਾਨਾਂ ਨੇ ਚੱਕਾ ਜਾਮ ਕਰਕੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਹਾਲਾਤ ਇਥੋਂ ਤਕ ਤਣਾਅ ਵਾਲੇ ਬਣ ਗਏ ਅਤੇ ਐੱਸਪੀ ਜਗਤਪ੍ਰੀਤ ਸਿੰਘ ਨੇ ਖੁਦ ਵੀ ਲਾਠੀ ਫੜ ਲਈ। ਇਸ ਤੋਂ ਬਾਅਦ ਪੁਲੀਸ ਨੇ 200 ਤੋਂ ਵੱਧ ਕਿਸਾਨਾਂ ਵਿਰੁੱਧ ਕੇਸ ਦਰਜ ਕਰ ਲਿਆ।

ਇਸ ਦੌਰਾਨ ਕਿਸਾਨਾਂ, ਔਰਤਾਂ ਅਤੇ ਨੌਜਵਾਨ ਕੁਝ ਮੁੱਦਿਆਂ ਬਾਰੇ ਸੁਖਬੀਰ ਬਾਦਲ ਤੋਂ ਸਵਾਲ ਪੁੱਛਣਾ ਚਾਹੁੰਦੇ ਸਨ। ਪੁਲੀਸ ਨੇ ਉਨ੍ਹਾਂ ਉਪਰ ਪਾਣੀ ਦੀਆਂ ਬੁਛਾੜਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਪਥਰਾਅ ’ਚ 5 ਕਿਸਾਨ ਅਤੇ ਇੱਕ ਡੀਐੱਸਪੀ ਸਣੇ ਤਿੰਨ ਪੁਲੀਸ ਮੁਲਾਜ਼ਮ ਵੀ ਜ਼ਖ਼ਮੀ ਹੋਏ। ਥਾਣਾ ਸਿਟੀ ’ਚ 200 ਤੋਂ ਜ਼ਿਆਦਾ ਕਿਸਾਨਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ। ਮੀਡੀਆ ਰਿਪੋਰਟ ਅਨੁਸਾਰ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਚਮਕੌਰ ਸਿੰਘ ਰੋਡੇ ਤੇ ਸੁਬਾਈ ਆਗੂ ਕਰਮਜੀਤ ਮਾਣੂੰਕੇ ਨੂੰ ਮੁੱਖ ਮੁਲਜ਼ਮ ਗਰਦਾਨਿਆ ਗਿਆ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਬਲਦੇਵ ਸਿੰਘ ਜੀਰਾ, ਜ਼ਿਲ੍ਹਾ ਪ੍ਰਧਾਨ ਟਹਿਲ ਸਿੰਘ, ਕਾਲੀ ਸਿੰਘ ਪਿੰਡ ਰੋਡੇ, ਨਿਰਮਲ ਸਿੰਘ ਰਾਜੇਆਣਾ, ਬਲਕਾਰ ਸਿੰਘ ਉਰਫ਼ ਮਨੀ ਪਿੰਡ ਵੈਰੋਕੇ, ਮੋਹਨ ਲਾਲ ਸਿੰਘ ਰੋਡੇ, ਰੰਡੇ, ਜਸਮੇਲ ਸਿੰਘ ਉਰਫ ਗੋਰਾ ਪਿੰਡ ਰਾਜੇਆਣਾ, ਪਲਵਿੰਦਰ ਸਿੰਘ ਪਿੰਡ ਬਘੇਲੇਵਾਲਾ, ਜਤਿੰਦਰ ਸਿੰਘ ਪਿੰਡ ਡਰੋਲੀ ਭਾਈ, ਰਾਜਦੀਪ ਸਿੰਘ ਪਿੰਡ ਮੰਗੇਵਾਲਾ, ਮਨਦੀਪ ਸਿੰਘ ਪਿੰਡ ਗੱਜਣਵਾਲਾ, ਦਲਬੀਰ ਸਿੰਘ ਪਿੰਡ ਜੈਮਲਵਾਲਾ, ਰੇਸ਼ਮ ਸਿੰਘ ਪਿੰਡ ਮੰਗਵਾਲਾ, ਲਖਵੀਰ ਸਿੰਘ ਪਿੰਡ ਹਰੀਏਵਾਲਾ ਖ਼ਿਲਾਫ਼ ਵੀ ਕੇਸ ਕੀਤਾ ਗਿਆ ਹੈ। ਪਰ ਕਿਸਾਨ ਜਥੇਬੰਦੀਆਂ ਦੇ ਦਬਾਅ ਤੋਂ ਬਾਅਦ ਹਿਰਾਸਤ ਵਿੱਚ ਲਏ ਕਿਸਾਨ ਆਗੂਆਂ ਨੂੰ ਪੁਲਿਸ ਨੇ ਰਿਹਾਅ ਕਰ ਦਿੱਤਾ।

ਕਿਸਾਨਾਂ ਨਾਲ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਤੋਂ ਬਾਅਦ ਇਹੋ ਗੱਲ ਸਾਹਮਣੇ ਆਉਂਦੀ ਕਿ ਕੋਈ ਵੀ ਕਿਸਾਨਾਂ ਦਾ ਮਸਲਾ ਹੱਲ ਕਰਨ ਕਰਵਾਉਣ ਦੇ ਪੱਖ ਵਿੱਚ ਨਹੀਂ ਲੱਗਦਾ। ਸ਼ੁਕਰਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਕਿਸਾਨਾਂ ਬਾਰੇ ਕੋਈ ਹਾਅਦਾ ਨਾਅਰਾ ਨਹੀਂ ਮਾਰਿਆ ਗਿਆ। ਕੀ ਕਿਸਾਨ ਉਪਰ ਵਰ੍ਹਦੀਆਂ ਰਹਿਣਗੀਆਂ ਲਾਠੀਆਂ ? ਹੁਣ ਸਵਾਲ ਇਹ ਪੈਦਾ ਹੁੰਦਾ ਕਿ ਕਿਸਾਨਾਂ ਦਾ ਮਸਲਾ ਕੌਣ ਹੱਲ ਕਰੇਗਾ ?

Share this Article
Leave a comment