ਐਂਤਕੀ ਜਨਰਲ ਹਾਊਸ ਤੋਂ ਪਹਿਲਾਂ ਫੱਟੇਗਾ ਉਮੀਦਵਾਰੀ ਦਾ ਲਿਫ਼ਾਫਾ ?

Rajneet Kaur
4 Min Read

ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ

ਸ਼੍ਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ‘ਚ ਪ੍ਰਧਾਨਗੀ ਦੀ ਹੋਣ ਜਾ ਰਹੀ ਚੋਣ ਲਈ ਸ਼੍ਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠਲੇ ਅਕਾਲੀ ਦਲ ਨਾਲ ਲਕੀਰ ਖਿੱਚ ਦਿਤੀ ਹੈ। ਜਾਣਕਾਰ ਸੂਤਰਾਂ ਅਨੁਸਾਰ ਬੀਬੀ ਜਗੀਰ ਕੌਰ 9 ਨਵੰਬਰ ਨੂੰ ਹੋਣ ਜਾ ਰਹੇ ਜਨਰਲ ਹਾਊਸ ‘ਚ ਪ੍ਰਧਾਨਗੀ ਦੇ ਉਮੀਦਵਾਰ ਹੋਣਗੇ। ਹਾਲਾਂਕਿ ਸ਼੍ਰੋਮਣੀ ਅਕਾਲੀਦਲ ਵਲੋਂ ਬੀਬੀ ਜਗੀਰ ਕੌਰ ਨੂੰ ਪ੍ਰਧਾਨਗੀ ਦੀ ਚੋਣ ਤੋਂ ਪਾਸੇ ਰੱਖਣ ਲਈ ਗੱਲਬਾਤ ਕਰਨ ਦੀਆਂ ਸਰਗਰਮੀਆਂ ਜ਼ਰੂਰ ਚਲ ਰਹੀਆਂ ਹਨ ਪਰ ਇਸ ਮਾਮਲੇ ‘ਚ ਸਹਿਮਤੀ ਬਣਦੀ ਨਜ਼ਰ ਨਹੀਂ ਆ ਰਹੀ।ਬੇਸ਼ੱਕ ਅਕਾਲੀਦਲ ਨੇ ਰਸਮੀ ਤੋਰ ‘ਤੇ ਅਜੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ ਪਰ ਸਮਝਿਆ ਜਾਂਦਾ ਹੈ ਕਿ ਕਮੇਟੀ ਦੇ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੀ ਆ ਰਹੀ ਚੋਣ ਲਈ ਪ੍ਰਧਾਨਗੀ ਦੇ ਉਮੀਦਵਾਰ ਹੋਣਗੇ। ਬੀਬੀ ਜਗੀਰ ਕੌਰ ਅਤੇ ਅਕਾਲੀਦਲ ਵਲੋਂ ਸ਼੍ਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨਾਲ ਆਪੋ-ਆਪਣੀ ਹਮਾਇਤ ‘ਚ ਸਪੰਰਕ ਮੁਹਿੰਮ ਪੂਰੇ ਜੋਰਾਂ ਨਾਲ ਚਲ ਰਹੀ ਹੈ।ਸੁਖਬੀਰ ਬਾਦਲ ਵਲੋਂ ਉਨ੍ਹਾਂ ਮੈਂਬਰਾਂ ਨਾਲ ਸਪੰਰਕ ਕੀਤਾ ਜਾ ਰਿਹਾ ਹੈ ਜਿੰਨ੍ਹਾਂ ਬਾਰੇ ਸ਼ੱਕ ਹੈ ਕਿ ਉਹ ਬੀਬੀ ਜਗੀਰ ਕੌਰ ਦੇ ਧੜੇ ਨਾਲ ਜਾ ਸਕਦੇ ਹਨ । ਪਾਰਟੀ ਪ੍ਰਧਾਨ ਨੇ ਚੰਡੀਗੜ੍ਹ ਹੈਡਕੁਆਟਰ ‘ਤੇ ਇਕ ਦਿਨ ਪਹਿਲਾਂ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਬੀਬੀ ਜਗੀਰ ਕੌਰ ਵਲੋਂ ਚੋਣ ਮੈਦਾਨ ‘ਚ ਡੱਟੇ ਹੋਣ ਦੀ ਸੂਰਤ ‘ਚ ਪੈਦਾ ਹੋਈ ਸਥਿਤੀ ਦੇ ਟਾਕਰੇ ਬਾਰੇ ਹੀ ਵਿਚਾਰ ਵਟਾਂਦਰਾ ਕੀਤਾ ਹੈ।ਸਮਝਿਆ ਜਾਂਦਾ ਹੈ ਕਿ ਅਕਾਲੀ ਦਲ ਅੰਦਰ ਬੀਬੀ ਜਗੀਰ ਕੌਰ ਵਲੋਂ ਦਿਤੀ ਗਈ ਚੁਣੌਤੀ ਕਾਰਨ ਕਾਫੀ ਪ੍ਰੇਸ਼ਨੀ ਨਜ਼ਰ ਆ ਰਹੀ ਹੈ।ਵੋਟਾਂ ਪੈਣ ਵਾਲੇ ਦਿਨ ਕਿਸਦੀ ਜਿਤ ਹੋਵੇਗੀ ਜਾਂ ਕਿਸਦੀ ਹਾਰ ਹੋਵੇਗੀ ਇਸਦਾ ਪਤਾ ਤਾਂ ਵੋਟਾਂ ਦੇ ਭੁਗਤਾਨ ਤੋਂ ਹੀ ਲੱਗੇਗਾ ਪਰ ਇਹ ਜ਼ਰੂਰ ਹੈ ਕਿ ਅਕਾਲੀਦਲ ਦੇ ਅੰਦਰੋਂ ਹੀ ਮਿਲੀ ਚੁਣੌਤੀ ਲੀਡਰਸ਼ਿਪ ਲਈ ਭੱਵਿਖ ਦੀਆਂ ਨਵੀਆਂ ਮੁਸ਼ੀਕਲਾਂ ਖੜ੍ਹੀਆਂ ਕਰ ਸਕਦੀ ਹੈ।ਹਾਲਾਂਕਿ ਅਕਾਲੀਦਲ ਦੇ ਆਗੂ ਇਹ ਦਾਅਵਾ ਕਰਦੇ ਹਨ ਕਿ ਬੀਬੀ ਜਗੀਰ ਕੌਰ ਪ੍ਰਧਾਨਗੀ ਦੇ ਅਹੁੱਦੇ ਲਈ ਕੋਈ ਚੁਣੌਤੀ ਨਹੀਂ ਹੈ।ਪਾਰਟੀ ਦੇ ਕਈ ਸੀਨੀਅਰ ਆਗੂ ਗੈਰ ਰਸਮੀ ਗੱਲਬਾਤ ‘ਚ ਇਹ ਮੰਨਦੇ ਹਨ ਕਿ ਜੇਕਰ ਇਸ ਮੁਸ਼ੀਕਲ ਦਾ ਹਲ ਨਾ ਕੱਢਿਆ ਗਿਆ ਤਾਂ ਸ਼੍ਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਅੰਦਰ ਵੀ ਧੱੜੇਬੰਦੀ ਹੋਰ ਤਿੱਖੀ ਹੋ ਜਾਵੇਗੀ ਅਤੇ ਭੱਵਿਖ ‘ਚ ਇਸਦੇ ਨਤੀਜੇ ਅਕਾਲੀਦਲ ਲਈ ਚੰਗੇ ਸਾਬਿਤ ਨਹੀਂ ਹੋਣਗੇ।

ਦੂਜੇ ਪਾਸੇ ਬੀਬੀ ਜਗੀਰ ਕੌਰ ਦੇ ਹਮਾਇਤੀਆਂ ਦਾ ਕਹਿਣਾ ਹੈ ਕਿ ਬੀਬੀ ਜਗੀਰ ਕੌਰ ਵੀ ਅਕਾਲੀਦਲ ਦੇ ਸੀਨੀਅਰ ਆਗੂ ਹਨ ਤਾਂ ਸੁਖਬੀਰ ਸਿੰਘ ਬਾਦਲ ਬੀਬੀ ਜਗੀਰ ਕੌਰ ਦਾ ਵਿਰੋਧ ਕਿਉਂ ਕਰ ਰਹੇ ਹਨ।ਇਹ ਵੀ ਕਿਹਾ ਜਾ ਰਿਹਾ ਹੈ ਕਿ ਪਿਛਲੇ ਦਿਨਾਂ ‘ਚ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਹਟਾਉਣ ਲਈ ਜਿਹੜੀਆਂ ਮੀਟਿੰਗਾਂ ਹੋਈਆਂ ਸਨ ਬੀਬੀ ਜਗੀਰ ਕੌਰ ਵੀ ਉਨ੍ਹਾਂ ਮੀਟਿੰਗਾਂ ‘ਚ ਸ਼ਾਮਿਲ ਹੋਏ ਸਨ।ਇਸ ਕਰਕੇ ਸੁਖਬੀਰ ਬਾਦਲ ਬੀਬੀ ਜਗੀਰ ਕੌਰ ਨਾਲ ਨਰਾਜ਼ ਹਨ।ਬੀਬੀ ਜਗੀਰ ਕੌਰ ਦੇ ਧੱੜੇ ਦੇ ਹਮਾਇਤੀਆਂ ਦਾ ਕਹਿਣਾ ਹੈ ਕਿ ਉਹ ਜੇਕਰ ਲਿਫ਼ਾਫਾ ਕਲਚਰ ਖ਼ਤਮ ਕਰਨ ਦੀ ਗੱਲ ਕਰ ਰਹੇ ਹਨ ਤਾਂ ਇਸ ‘ਚ ਕਿਹੜੀ ਗਲਤ ਗੱਲ ਹੈ ।ਇਸ ਮਾਮਲੇ ਨੂੰ ਲੈ ਕੇ ਲੋਕਾਂ ‘ਚ ਬਣੀ ਧਾਰਨਾ ਜੇਕਰ ਟੁਟੇਗੀ ਤਾਂ ਇਹ ਗੱਲ ਅਕਾਲੀਦਲ ਦੇ ਹੱਕ ‘ਚ ਹੀ ਜਾਵੇਗੀ।ਬੀਬੀ ਜਗੀਰ ਕੌਰ ਨੇ ਆਪ ਵੀ ਕਿਹਾ ਹੈ ਕਿ ਉਹ ਚਾਰ ਵਾਰ ਸ਼੍ਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣ ਚੁੱਕੇ ਹਨ ਪਰ ਉਨ੍ਹਾਂ ਨੂੰ ਮੀਟਿੰਗ ਵਾਲੇ ਦਿਨ ਹੀ ਪਤਾ ਲਗਦਾ ਸੀ ਕਿ ਉਹ ਉਮੀਦਵਾਰ ਹਨ। ਹੁਣ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਬੀਬੀ ਜਗੀਰ ਕੌਰ ਵਲੋਂ ਬਣੇ ਦਬਾਅ ਕਾਰਨ ਕੀ ਇਸ ਵਾਰ ਉਮੀਦਵਾਰੀ ਦਾ ਲਿਫ਼ਾਫਾ ਜਨਰਲ ਹਾਊਸ ਤੋਂ ਕੁਝ ਦਿਨ ਪਹਿਲਾਂ ਹੀ ਫੱਟ ਜਾਵੇਗਾ?

Share this Article
Leave a comment