-ਅਵਤਾਰ ਸਿੰਘ
ਪੰਜਾਬ ਵਿੱਚ ਹਰ ਸਰਕਾਰ ਆਪਣੇ ਕਾਰਜਕਾਲ ਦੌਰਾਨ ਵਿਕਾਸ ਕਰਵਾਉਣ ਦੇ ਦਮਗਜੇ ਮਾਰਦੀ ਰਹਿੰਦੀ ਹੈ। ਪਰ ਇਹ ਹਕੀਕਤ ਤੋਂ ਬਹੁਤ ਦੂਰ ਹੁੰਦਾ ਹੈ। ਪਿੰਡਾਂ ਸ਼ਹਿਰਾਂ ਅਤੇ ਕਸਬਿਆਂ ਵਿੱਚ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਲੋਕ ਇਨ੍ਹਾਂ ਮੁਸ਼ਕਲਾਂ ਨਾਲ ਦੋ ਚਾਰ ਹੁੰਦੇ ਆਮ ਦੇਖੇ ਜਾਂਦੇ ਹਨ। ਕਿਧਰੇ ਪੀਣ ਵਾਲੇ ਪਾਣੀ ਦੀ ਦਿੱਕਤ ਹੈ ਤੇ ਕਿਧਰੇ ਬਿਜਲੀ ਦੀ। ਕਈ ਪਿੰਡਾਂ ਦੇ ਲੋਕਾਂ ਨੂੰ ਸਿਆਸਤ ਕਾਰਨ ਅਜਿਹੀਆਂ ਸਮੱਸਿਆਂਵਾਂ ਨਾਲ ਜੂਝਣਾ ਪੈਂਦਾ ਅਰਥਾਤ ਜੇ ਕਿਤੇ ਦੂਜੇ ਪਾਰਟੀ ਦਾ ਆਗੂ ਜਿੱਤ ਗਿਆ ਤਾਂ ਉਸ ਨੂੰ ਲੋਕਾਂ ਦੀਆਂ ਰੜਕਾਂ ਕੱਢਣ ਦਾ ਮੌਕਾ ਮਿਲ ਜਾਂਦਾ ਹੈ। ਜੇ ਕਿਸੇ ਕਸਬੇ ਵਿੱਚ ਸੜਕ ਜਾਂ ਸੀਵਰੇਜ ਦਾ ਕੰਮ ਸ਼ੁਰੂ ਕਰ ਦਿੱਤਾ ਜਾਂਦਾ ਤਾਂ ਪੁਟੀ ਗਈ ਸੜਕ ਅਤੇ ਸੀਵਰੇਜ ਦੇ ਟੋਇਆਂ ਵਿਚੋਂ ਲੋਕਾਂ ਨੂੰ ਕਈ ਕਈ ਮਹੀਨੇ ਆਪਣੇ ਕਪੜੇ ਮੈਲੇ ਕਰਵਾ ਕੇ ਲੰਘਣਾ ਪੈਂਦਾ ਹੈ।
ਵਿਕਾਸ ਦੇ ਨਾਂ ‘ਤੇ ਲੋਕਾਂ ਨੂੰ ਲੰਮਾ ਸਮਾਂ ਸੰਤਾਪ ਭੋਗਣਾ ਪੈਂਦਾ ਹੈ। ਮੀਡੀਆ ਵਿੱਚ ਅਜਿਹੀ ਹੀ ਤਸਵੀਰ ਪੇਸ਼ ਕਰਦੀ ਹੈ ਮਾਲਵਾ ਖੇਤਰ ਦੇ ਜੈਤੋ ਦੀ ਇਕ ਸੜਕ। ਜੈਤੋ ਦੀ ਸਵਾ ਕੁ ਸਾਲ ਪਹਿਲਾਂ ਪੁੱਟੀ ਬਠਿੰਡਾ ਸੜਕ ਮਲਾਈ ਵਰਗੀ ਕਰਨ ਲਈ (ਜੋ ਸਿਆਸਤਦਾਨ ਵਾਅਦੇ ਕਰਦੇ) ਲੋਕਾਂ ਉਮੀਦ ਵਿੱਚ ਹਰ ਰੋਜ਼ ਵਾਧਾ ਹੋ ਰਿਹਾ ਹੈ। ਇਥੋਂ ਲੰਘਣ ਵਾਲੇ ਡਿਕੋ ਡੋਲ੍ਹੇ ਖਾਂਦੇ ਵਾਹਨਾਂ ਨੂੰ ਆਮ ਨਾਲੋਂ ਦਸ ਗੁਣਾ ਸਮਾਂ ਵੱਧ ਲਗਦਾ ਹੈ। ਵਾਹਨਾਂ ਕਾਰਨ ਉਡਦੀ ਮਿੱਟੀ ਘੱਟੇ ਨੇ ਨੇੜਲੇ ਘਰਾਂ ਵਿੱਚ ਰਹਿੰਦੇ ਲੋਕਾਂ ਦੇ ਨੱਕ ਵਿੱਚ ਦਮ ਕੀਤਾ ਹੋਇਆ ਹੈ। ਸ਼ਾਇਦ ਜਦੋਂ ਤਕ ਇਹ ਸੜਕ ਤਿਆਰ ਹੋਵੇਗੀ ਉਦੋਂ ਤੱਕ ਕੁਝ ਲੋਕ ਦਮੇ ਦੀ ਬਿਮਾਰੀ ਦੇ ਸ਼ਿਕਾਰ ਹੋ ਚੁੱਕੇ ਹੋਣਗੇ। ਇਹ ਸੜਕ ਬਠਿੰਡਾ, ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਆਪਸ ਵਿੱਚ ਜੋੜਦੀ ਹੈ।
ਰਿਪੋਰਟਾਂ ਮੁਤਾਬਿਕ ਸ਼ਹਿਰ ਵਾਸਤੇ ਸੀਵਰੇਜ ਲਾਈਨ ਵਿਛਾਉਣ ਲਈ ਇਹ ਸੜਕ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਨੇ 10 ਜੂਨ 2020 ਨੂੰ ਪੁੱਟਣੀ ਸ਼ੁਰੂ ਕੀਤੀ ਸੀ। ਲੰਮਾ ਸਮਾਂ ਵਾਹਨਾਂ ਨੂੰ ਲੰਮਾ ਪੈਂਡਾ ਤੈਅ ਕਰਕੇ ਬਦਲਵੇਂ ਰਸਤਿਓਂ ਲੰਘਣਾ ਪਿਆ।
ਸੂਤਰਾਂ ਦਾ ਕਹਿਣਾ ਹੈ ਕਿ ਕੰਪਨੀਆਂ ਅਤੇ ਸੀਵਰੇਜ ਬੋਰਡ ਵਿਚਕਾਰ ਹੋਏ ਕਿਸੇ ਝਗੜੇ ਕਾਰਣ ਸੀਵਰੇਜ ਉਸਾਰੀ ਦਾ ਕੰਮ ਬਹੁਤੀ ਵਾਰ ਰੋਕਿਆ ਗਿਆ ਤੇ ਫੇਰ ਚੱਲ ਪਿਆ। ਪਤਾ ਲੱਗਾ ਕਿ ਹਾਲੇ ਵੀ ਕੰਮ ਕਿਤੇ ਸਿਰੇ ਚੜ੍ਹਦਾ ਨਜ਼ਰ ਨਹੀਂ ਆ ਰਿਹਾ। ਲੋਕ ਰੋਜ਼ ਖੁਆਰ ਹੋ ਰਹੇ ਹਨ। ਵਾਹਨਾਂ ਦੇ ਚਾਲਕ ਜਦੋਂ ਇਸ ਇਕ ਕਿਲੋਮੀਟਰ ਦੇ ਟੋਟੇ ਤੋਂ ਗੁਜਰਦੇ ਤਾਂ ਮਿੱਟੀ ਘੱਟੇ ਨਾਲ ਉਨ੍ਹਾਂ ਦੀ ਪਛਾਣ ਵਿਗੜ ਜਾਂਦੀ ਹੈ।
ਉਧਰ ਸੀਵਰੇਜ ਬੋਰਡ ਦੇ ਅਫਸਰਾਂ ਦਾ ਕਹਿਣਾ ਹੈ ਕਿ ਸੀਵਰੇਜ ਦੇ ਕੁਨੈਕਸ਼ਨ ਜੋੜੇ ਜਾ ਰਹੇ ਹਨ ਤੇ ਕੰਮ ਛੇਤੀ ਖਤਮ ਹੋ ਜਾਵੇਗਾ। ਇਸ ਮਗਰੋਂ ਸੜਕ ਦੀ ਉਸਾਰੀ ਲਈ ਬੀ ਐਂਡ ਆਰ ਵਿਭਾਗ ਨੂੰ ਕਹਿ ਦਿੱਤਾ ਜਾਵੇਗਾ। ਪਰ ਲੋਕ ਨਗਰ ਕੌਂਸਲ ਨੂੰ ਦੋਸ਼ੀ ਕਹਿ ਰਹੇ ਹਨ। ਕੌਂਸਲ ਪ੍ਰਧਾਨ ਸੁਰਜੀਤ ਸਿੰਘ ਬਾਬਾ ਇਸ ਦੋਸ਼ ਤੋਂ ਖ਼ਫ਼ਾ ਹਨ। ਸੀਵਰੇਜ ਤੇ ਸੜਕ ਦੇ ਨਿਰਮਾਣ ਦਾ ਕੰਮ ਕ੍ਰਮਵਾਰ ਸੀਵਰੇਜ ਬੋਰਡ ਅਤੇ ਪੀਡਬਲਿਯੂਡੀ ਨਾਲ ਸਬੰਧਤ ਹੈ। ਮੀਡੀਆ ਰਿਪੋਰਟ ਅਨੁਸਾਰ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਅਤੇ ਲੋਕ ਸਭਾ ਮੈਂਬਰ ਮੁਹੰਮਦ ਸਦੀਕ ਦੀ ਧੀ ਜਾਵੇਦ ਅਖ਼ਤਰ ਨੇ ਦੱਸਿਆ ਕਿ ਸੜਕ ਦੇ 600 ਮੀਟਰ ਦੇ ਨਿਰਮਾਣ ਦਾ ਟੈਂਡਰ ਛੇਤੀ ਖੋਲ੍ਹਿਆ ਜਾ ਰਿਹਾ ਹੈ। ਸੜਕ ਸਤੰਬਰ ਮਹੀਨੇ ਵਿੱਚ ਸੜਕ ਬਣਾਈ ਜਾਵੇਗੀ। ਬਾਕੀ ਅਜਿਹੀਆਂ ਸਮੱਸਿਆਵਾਂ ਸੂਬੇ ਦੀ ਹਰ ਗਲੀ ਮੁਹੱਲੇ ਵਿੱਚ ਬਰਕਰਾਰ ਹਨ। ਹੁਣ ਇਸ ਦਾ ਹਿਸਾਬ ਤਾਂ ਵੋਟਰਾਂ ਨੇ ਜਨਤਕ ਨੁਮਾਇੰਦਿਆਂ ਤੋਂ ਲੈਣਾ ਹੈ। ਚੋਣਾਂ ਨੇੜੇ ਆ ਰਹੀਆਂ, ਉਨ੍ਹਾਂ ਨੂੰ ਆਪਣੇ ਸਵਾਲ ਪੁੱਛਣ ਲਈ ਤਿਆਰ ਰਹਿਣਾ ਚਾਹੀਦਾ ਹੈ।