ਮੇਰਾ ਪਿੰਡ ਉਦਾਸ ਹੈ!

Rajneet Kaur
4 Min Read

ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ

ਉਂਝ ਤਾਂ ਨਸ਼ੇ ਕਾਰਨ ਪੰਜਾਬ ਦਾ ਕੋਈ ਵੀ ਪੁੱਤ ਮਰੇ ਤਾਂ ਮਨ ਉਦਾਸ ਹੁੰਦਾ ਹੈ ਪਰ ਜੇਕਰ ਮੇਰੇ ਆਪਣੇ ਹੀ ਪਿੰਡ ਭਾਈਰੁਪਾ ਦੇ ਤਿੰਨ ਨੌਜਵਾਨ ਪਿਛਲੇ ਕੁਝ ਹੀ ਦਿਨਾਂ ‘ਚ ਨਸ਼ਿਆਂ ਕਾਰਨ ਦਮ ਤੋੜ ਦੇਣ ਤਾਂ ਇੰਝ ਲਗਦਾ ਹੈ ਕਿ ਜਿਵੇਂ ਆਪਣੇ ਹੀ ਘਰ ‘ਚ ਮੌਤ ਨੇ ਸਥਰ ਵਿਛਾ ਦਿਤਾ ਹੈ।ਮਰਨ ਵਾਲਿਆਂ ‘ਚ ਵੀ ਪਿੰਡ ਦੀ ਨਗਰ ਕੌਂਸਲ ਦਾ ਪ੍ਰਧਾਨ, ਇਕ ਹੋਰ ਗਰੀਬ ਪਰਿਵਾਰ ਦਾ ਕਮਾਊ ਪੁੱਤ ਤੇ ਤੀਜਾ ਇਕ ਕਿਸਾਨ ਦਾ ਬੇਟਾ ਹੈ।ਇੰਝ ਲਗਦਾ ਹੈ ਰੁੱਤਾਂ ਦੇ ਰੰਗ ਬਦਲਣ ਵਾਂਗ ਰਾਜਸੀ ਧਿਰਾਂ ਵੀ ਰੰਗ ਬਦਲ-ਬਦਲ ਕੇ ਆਉਂਦੀਆਂ ਹਨ। ਕਦੇ ਚਿਟੇ ਰੰਗ ਦੀ ਰੁੱਤ ਆਉਂਦੀ ਹੈ, ਕਦੇ ਨੀਲੇ ਰੰਗ ਦੀ ਰੁੱਤ ਆਉਂਦੀ ਹੈ ਅਤੇ ਕਦੇ ਬਸੰਤੀ ਰੰਗ ਦੀ ਰੁੱਤ ਆਉਂਦੀ ਹੈ। ਹਰ ਰੁੱਤ ‘ਚ ਮੇਰੇ ਪਿੰਡ ਦੇ ਖੇਤ ਸੋਨੇ ਰੰਗੀਆਂ ਕਣਕਾਂ ਨਾਲ ਝੂਮਦੇ ਹਨ। ਹਰ ਰੁੱਤ ‘ਚ ਮੇਰੇ ਪਿੰਡ ਦੇ ਖੇਤਾਂ ਦੀ ਮਹਿਕ ਦੂਰ-ਦੂਰ ਤੱਕ ਬਾਸਮਤੀ ਦੀ ਸੁਗੰਧ ਦਾ ਸੁਨੇਹਾ ਦਿੰਦੀ ਹੈ।ਹਰ ਰੋਜ਼ ਅੰਮ੍ਰਿਤ ਵੇਲੇ ਮੇਰੇ ਪਿੰਡ ਦੇ ਗੁਰਦੁੁਆਰਾ ਸਾਹਿਬਾਨ ‘ਚ ਬਾਬਾ ਨਾਨਕ ਦੀ ਬਾਣੀ ਦੇ ਬੋਲ ਮਾਨਵਤਾ ਦਾ ਸੁਨੇਹਾ ਦਿੰਦੇ ਹਨ। ਪਿੰਡ ਦੇ ਲੋਕ ਸਾਦੇ ਅਤੇ ਕਿਰਤ ਕਮਾਈ ਕਰਨ ਵਾਲੇ ਹਨ। ਇਹ ਸਾਰਾ ਕੁਝ ਬਦਲਦੇ ਰੁਪਾਂ ‘ਚ ਸਦੀਆਂ ਤੋਂ ਮੇਰੇ ਪਿੰਡ ਦੇ ਵਡ-ਵਡੇਰੇ ਕਰਦੇ ਆ ਰਹੇ ਹਨ।ਪਰ ਕੁਝ ਉਹ ਧਿਰਾਂ ਵੀ ਹਨ ਜਿਹੜੀਆਂ ਮੇਰੇ ਪਿੰਡ ਤੋਂ ਬਾਹਰੋ ਆ ਕੇ ਉਨ੍ਹਾਂ ਦੇ ਸੁਨਿਹਰੀ ਭੱਵਿਖ ਦਾ ਸੁਪਨਾ ਵਿਖਾਉਂਦੀਆਂ ਹਨ।ਉਨ੍ਹਾਂ ਦੇ ਬੱਚਿਆਂ ਦੀਆਂ ਅੱਖਾਂ ‘ਚ ਚੰਗੇ ਭੱਵਿਖ ਦੇ ਸੁਪਨੇ ਸਿਰਜਦੀਆਂ ਹਨ।ਉਨ੍ਹਾਂ ਦਾ ਕੇਵਲ ਇਕੋ ਸੁਨੇਹਾ ਹੁੰਦਾ ਹੈ ਕਿ ਸਾਨੂੰ ਸਤ੍ਹਾ ‘ਚ ਅਉਣ ਦਾ ਕੇਵਲ ਇਕ ਮੌਕਾ ਦਿਓਗੇ ਤਾਂ ਲੋਕਾਂ ਦੀ ਜ਼ਿੰਦਗੀ ਹੀ ਬਦਲ ਦਿਆਗੇਂ।

ਮੈਂ ਪਿੰਡ ਵਿੱਚੋਂ ਨਿਕਲ ਕੇ ਪੱਤਰਕਾਰ ਵਜੋਂ ਪੰਜਾਬ ਦੇ ਅਜਿਹੇ ਨੇਤਾ ਨੂੰ ਵੀ ਸੁਣਿਆ ਹੈ ਜਿਹੜਾ ਕੇ ਪੰਜ ਵਾਰ ਪੰਜਾਬੀਆਂ ਦਾ ਮੁੱਖ ਮੰਤਰੀ ਬਣਿਆ ਅਤੇ ਹਰ ਵਾਰ ਉਸਨੇ ਪੰਜਾਬੀਆਂ ਨੂੰ ਬੇਹਤਰ ਜ਼ਿੰਦਗੀ ਜਿਉਣ ਦੇ ਸੁਪਨੇ ਵਿਖਾਏ। ਅਜਿਹਾ ਮੁੱਖ ਮੰਤਰੀ ਸੁਣਿਆ ਹੈ ਜਿਸਨੇ ਗੁਟਕਾ ਸਾਹਿਬ ਹੱਥ ‘ਚ ਲੈ ਕੇ ਪੰਜਾਬ ਦੇ ਸਭ ਤੋਂ ਵੱਡੇ ਸੰਵੇਦਨਸ਼ੀਲ ਮਾਮਲੇ ‘ਚ ਨਿਆ ‘ਤੇ ਇਨਸਾਫ ਦਾ ਸੁਨੇਹਾ ਦਿਤਾ ਪਰ ਆਪ ਸਮਾਂ ਪੂਰਾ ਕਰਨ ਤੋਂ ਪਹਿਲਾ ਹੀ ਮੁੱਖ ਮੰਤਰੀ ਦੇ ਅਹੁਦੇ ਤੋਂ ਚਲਾ ਗਿਆ।ਅਜਿਹਾ ਮੁੱਖ ਮੰਤਰੀ ਵੀ ਦੇਖਣ ਦਾ ਮੌਕਾ ਮਿਲਿਆ ਹੈ ਜਿਸ ਬਾਰੇ ਮੈਂ ਹੁੱਬ-ਹੁੱਬ ਕੇ ਕਿਹਾ ਉਸ ਨੂੰ ਸੁਣਨ ਲਈ ਲੋਕ ਅੱਧੀ-ਅੱਧੀ ਰਾਤ ਬੈਠੇ ਇੰਤਜ਼ਾਰ ਕਰਦੇ ਹਨ।ਜਿਸਨੇ ਬਾਰਿਸ਼ ਦੇ ਮੌਸਮ ਵਿੱਚ ਵੀ ਗੋਡੇ-ਗੋਡੇ ਖੜੇ ਪਾਣੀ ‘ਚ ਪੰਜਾਮਾ ਚੁੱਕ ਕੇ ਲੋਕਾਂ ਨੂੰ ਸੰਬੋਧਨ ਕੀਤਾ। ਇੰਝ ਲਗਦਾ ਸੀ ਕਿ ਸਾਰੇ ਪੰਜਾਬ ਦੇ ਨੇਤਾ ਇਕ ਪਾਸੇ ਅਤੇ ਇਹ ਇਕਲਾ ਨੇਤਾ ਇਕ ਪਾਸੇ। ਇਸ ਨੇਤਾ ਨੇ ਪੰਜਾਬੀਆਂ ਨੂੰ ਰੰਗਲੇ ਪੰਜਾਬ ਦਾ ਸੁਪਨਾ ਦਿਖਾਇਆ ਤਾਂ ਪੰਜਾਬੀਆਂ ਨੇ ਚੋਣਾਂ ਵੇਲੇ ਸੀਟਾਂ ਨਾਲ ਝੋਲੀਆਂ ਭਰ ਦਿਤੀਆਂ।

ਹੁਣ ਜਦੋਂ ਮੈਂ ਆਪਣੇ ਪਿੰਡ ਦੇ ਸਿਵਿਆਂ ਨੂੰ ਜਾਂਦੇ ਰਾਹ ‘ਤੇ ਮੋਡੇ ਉਪਰ ਆਪਣੇ ਪੁੱਤ ਦੀ ਲਾਸ਼ ਰੱਖੀ ਜਾਂਦੇ ਆਪਣੀਆਂ ਭੈਣਾਂ, ਮਾਵਾਂ, ਬੇਟਿਆਂ ਅਤੇ ਬਾਬਿਆਂ ਦੇ ਉਦਾਸ ਚਿਹਰਿਆਂ ਨੂੰ ਦੇਖਦਾ ਹਾਂ ਤਾਂ ਇੰਝ ਲਗਦਾ ਹੈ ਕਿ ਇਹ ਭੁੱਬਾਂ ਅਤੇ ਵੈਣ ਮੇਰੇ ਪਿੰਡ ਦੇ ਸਿਵੇ ਨੂੰ ਜਾਂਦੇ ਰਾਹ ਉਪਰ ਹੀ ਸੁਣਾਈ ਨਹੀਂ ਦੇ ਰਹੇ ਸਗੋਂ ਮੇਰੇ ਪਿੰਡ ਵਰਗੇ ਬਹੁਤ ਸਾਰੇ ਪਿੰਡਾਂ ਦੇ ਸਿਵਿਆਂ ਨੂੰ ਜਾਂਦੇ ਰਾਹਾਂ ‘ਤੇ ਆਪਣੇ ਪੁਤਾਂ ਦੀ ਮੋਡਿਆਂ ‘ਤੇ ਲਾਸ਼ ਚੁੱਕੀ ਜਾਂਦੇ ਲੋਕਾਂ ਦੇ ਚਿਹਰੇ ਵੀ ਇਸੇ ਤਰ੍ਹਾਂ ਉਦਾਸ ਹਨ।ਮੇਰੇ ਪਿੰਡ ਦੇ ਤੁਰ ਗਏ ਤਿੰਨ ਜਵਾਨ ਪੁੱਤਾਂ ਦੀਆਂ ਮਾਵਾਂ ਦੇ ਵੈਣ ਦੂਜਿਆਂ ਰਾਹਾਂ ‘ਤੇ ਵੀ ਇਸੀ ਤਰ੍ਹਾਂ ਸੁਣਾਈ ਦਿੰਦੇ ਹਨ।

ਕੁਝ ਵੀ ਤਾਂ ਨਹੀਂ ਬਦਲਿਆ !  ਮੇਰੇ ਪਿੰਡ ਦੇ ਖੇਤ ਉਸੇ ਤਰ੍ਹਾਂ ਲਹਿ ਲਹਰਾਉਂਦੇ ਹਨ। ਅੰਮ੍ਰਿਤ ਵੇਲੇ ਉਸੇ ਤਰ੍ਹਾਂ ਗੁਰਦੁਆਰਾ ਸਾਹਿਬਾਨ ‘ਚੋਂ ਮਾਨਵਤਾ ਦਾ ਸੁਨੇਹਾ ਸੁਣਾਈ ਦਿੰਦਾ ਹੈ।ਪਿੰਡ ਦੇ ਲੋਕ ਉਸੇ ਤਰ੍ਹਾਂ ਮਿਹਨਤ ਕਰਕੇ ਆਪਣੀ ਰੋਜ਼ੀ-ਰੋਟੀ ਕਮਾਉਂਦੇ ਹਨ। ਜੇਕਰ ਬਦਲੀ ਹੈ ਤਾਂ ਮੇਰੇ ਪੰਜਾਬ ਦੀ ਸਤ੍ਹਾ ਬਦਲੀ ਹੈ।ਅਖਬਾਰਾਂ ‘ਚ ਆਗੂਆਂ ਦੇ ਰੰਗ ਬਰੰਗੇ ਇਸ਼ਤਿਹਾਰ ਬਦਲੇ ਹਨ। ਜੇਕਰ ਨਹੀਂ ਬਦਲੇ ਤਾਂ ਪਿੰਡ ਦੇ ਸਿਵਿਆਂ ਰਾਹ ਪਈਆਂ ਮਾਵਾਂ ਦੇ ਵੈਣ ਨਹੀਂ ਬਦਲੇ।

Share this Article
Leave a comment