ਚੰਡੀਗੜ੍ਹ: ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਲਾਈਵ ਹੋ ਕੇ ਯੂ.ਏ.ਪੀ.ਏ. ਲਾਅ ਸਬੰਧੀ ਚਰਚਾ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ‘ਚ ਇਸ ਕਾਨੂੰਨ ਦੀ ਗਲਤ ਤਰੀਕੇ ਨਾਲ ਵਰਤੋਂ ਕੀਤੀ ਜਾ ਰਹੀ ਹੈ। ਖਹਿਰਾ ਨੇ ਕਿਹਾ ਯੂ.ਏ.ਪੀ.ਏ. ਤਹਿਤ ਕਈ ਬੇਕਸੂਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਉਨ੍ਹਾਂ ਨੇ ਉਦਾਹਰਣ ਵਜੋਂ ਦੱਸਿਆ ਕਿ ਉਨ੍ਹਾਂ ਦੇ ਹਲਕੇ ਭੁਲੱਥ ਤੋਂ 65 ਸਾਲਾ ਬਜ਼ੁਰਗ ਜੁਗਿੰਦਰ ਸਿੰਘ ਗੁੱਜਰ ਜੋ ਇਟਲੀ ਤੋਂ ਆਏ ਸਨ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜੁਗਿੰਦਰ ਸਿੰਘ ਗੁੱਜਰ ਬਿਲਕੁੱਲ ਅਨਪੜ੍ਹ ਵਿਅਕਤੀ ਹਨ ਅਤੇ ਉਨ੍ਹਾਂ ਦੀ ਜ਼ਿੰਦਗੀ ਦਾ ਰਿਕਾਰਡ ਵੀ ਵਧੀਆ ਹੈ, ਉਨ੍ਹਾਂ ‘ਤੇ ਅੱਜ ਤੱਕ ਕੋਈ ਪਰਚਾ ਨਹੀਂ ਹੋਇਆ ਇਥੋਂ ਤੱਕ ਉਨ੍ਹਾਂ ‘ਤੇ 7/51 ਤੱਕ ਵੀਂ ਨਹੀਂ ਹੋਈ।
ਖਹਿਰਾ ਨੇ ਕਿਹਾ ਉਨ੍ਹਾਂ ਨੇ ਤੱਥਾਂ ਦੇ ਆਧਾਰ ‘ਤੇ ਸਰਕਾਰ ਨੂੰ ਸਾਰੀ ਜਾਣਕਾਰੀ ਪਹੁੰਈ ਹੋਈ ਹੈ ਤੇ ਮੈਨੂੰ ਉਮੀਦ ਹੈ ਕਿ ਸਰਕਾਰ ਮਾਮਲੇ ਨੂੰ ਜ਼ਰੂਰ ਰਿਵਿਊ ਕਰੇਗੀ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਜੁਗਿੰਦਰ ਸਿੰਘ ਦਿਲ ਦੇ ਮਰੀਜ਼ ਹਨ ਤੇ ਹੋ ਸਕਦਾ ਹੈ ਜੇਲ੍ਹ ‘ਚ ਉਹ ਇਸ ਸਭ ਝੱਲ ਨਾ ਸਕਣ। ਇਸ ਦੇ ਨਾਲ ਹੀ ਉਨ੍ਹਾਂ ਨੇ ਗ੍ਰਿਫਤਾਰ ਕੀਤੇ ਗਏ ਦੋ ਹੋਰ ਨੌਜਵਾਨਾਂ ਦਾ ਜ਼ਿਕਰ ਵੀ ਕੀਤਾ।
ਖਹਿਰਾ ਨੇ ਕਿਹਾ ਕਿ ਸਰਕਾਰ ਤੇ ਪੰਜਾਬ ਪੁਲਿਸ ਸੂਬੇ ‘ਚ ਦਹਿਸ਼ਤ ਦਾ ਮਾਹੌਲ ਬਣਾ ਰਹੀ ਹੈ, ਪੁਲਿਸ ਵੱਲੋਂ ਅਜਿਹੇ ਨੌਜਵਾਨਾਂ ਦੀਆਂ ਲਿਸਟਾਂ ਬਣਾਈਆਂ ਜਾ ਰਹੀਆਂ ਹਨ ਜੋ ਸੋਸ਼ਲ ਮੀਡੀਆਂ ‘ਤੇ ਰੈਫਰੈਂਡਮ ਸਬੰਧੀ ਪੋਸਟਾਂ ਨੂੰ ਲਾਈਕ ਜਾ ਸ਼ੇਅਰ ਕਰ ਰਹੇ ਹਨ ਤਾਂ ਤੁਸੀ ਸੋਚੋ ਪੰਜਾਬ ‘ਚ ਅਜਿਹੇ ਕਿੰਨੇ ਹੀ ਨੌਜਵਾਨਾਂ ਦੇ ਨਾਮ ਹੋਣਗੇ। ਖਹਿਰਾ ਨੇ ਕਿਹਾ ਕਿ ਸਰਕਾਰ ਇਸ ਕਾਨੂੰਨ ਦਾ ਦੁਰ ਉਪਯੋਗ ਕਰ ਰਹੀ ਹੈ, ‘ਮੈਂ ਇਸ ਦਾ ਵਿਰੋਧ ਕਰਦਾ ਹਾਂ ‘ਤੇ ਗ੍ਰਿਫਤਾਰ ਕੀਤੇ ਜਾ ਰਹੇ ਬੇਕਸੂਰਾਂ ਦੀ ਮੈ ਜ਼ਰੂਰ ਸਹਾਇਤਾ ਕਰਾਂਗਾ।’
https://www.facebook.com/SukhpalKhairaPEP/videos/567989020542909/