ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ;
ਪੰਜਾਬ ਦੇ ਸੀਨੀਅਰ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਦੀ ਪਟਿਆਲਾ ਵਿਖੇ ਸਿੱਟ ਵਲੋਂ ਡਰਗ ਕੇਸ ਵਿਚ ਕਈ ਘੰਟੇ ਤੱਕ ਪੁਛਗਿੱਛ ਕੀਤੀ ਗਈ। ਕੈਪਟਨ ਅਮਰਿੰਦਰ ਸਰਕਾਰ ਵੇਲੇ ਇਸ ਮਾਮਲੇ ਵਿੱਚ ਕੇਸ ਦਰਜ ਹੋਇਆ ਸੀ। ਬਾਅਦ ਵਿੱਚ ਚਰਨਜੀਤ ਸਿੰਘ ਚੰਨੀ ਮੁਖ ਮੰਤਰੀ ਬਣੇ ਤਾਂ ਉਸ ਵੇਲੇ ਮਜੀਠੀਆ ਨੂੰ ਛੇ ਮਹੀਨੇ ਲਈ ਜੇਲ੍ਹ ਵੀ ਜਾਣਾ ਪਿਆ। ਹੁਣ ਉਹ ਜਮਾਨਤ ਉੱਤੇ ਹਨ। ਮਜੀਠੀਆ ਨੇ ਸਿੱਟ ਅੱਗੇ ਪੇਸ਼ ਹੋਣ ਤੋਂ ਪਹਿਲਾਂ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੇ ਹਨ ਕਿਉਂ ਜੋ ਉਹ ਸਰਕਾਰ ਵਿਰੁੱਧ ਖੁਲ੍ਹ ਕੇ ਬੋਲਦੇ ਹਨ। ਉਨ੍ਹਾਂ ਨੇ ਮੁੱਖ ਮੰਤਰੀ ਮਾਨ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਇਹ ਸਾਰਾ ਕੁਝ ਮੁੱਖ ਮੰਤਰੀ ਦੇ ਕਹਿਣ ਉੱਤੇ ਹੋ ਰਿਹਾ ਹੈ। ਦੂਜੇ ਪਾਸੇ ਹਾਕਮ ਧਿਰ ਦਾ ਕਹਿਣਾ ਹੈ ਕਿ ਜੇਕਰ ਮਜੀਠੀਆ ਨਿਰਦੋਸ਼ ਹੋਣ ਦਾ ਦਾਅਵਾ ਕਰਦਾ ਹੈ ਤਾਂ ਫਿਰ ਚੀਖਾਂ ਕਿਉਂ ਮਾਰਦਾ ਹੈ। ਹਾਕਮ ਧਿਰ ਦਾ ਕਹਿਣਾ ਹੈ ਕਿ ਕਾਨੂੰਨ ਅਨੁਸਾਰ ਕਾਰਵਾਈ ਹੋ ਰਹੀ ਹੈ ਅਤੇ ਜਿਹੜੇ ਵੀ ਦੋਸ਼ੀ ਹਨ, ਬਖਸ਼ੇ ਨਹੀਂ ਜਾਣਗੇ। ਆਪ ਦਾ ਦੋਸ਼ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀਆਂ ਨਾਲ ਮਿਲ਼ਕੇ ਕੋਈ ਕਾਰਵਾਈ ਨਹੀਂ ਕੀਤੀ।
ਅਸਲ ਵਿੱਚ ਨਸ਼ੇ ਦਾ ਸੰਤਾਪ ਪੂਰਾ ਪੰਜਾਬ ਹੰਢਾ ਰਿਹਾ ਹੈ। ਪਿਛਲੇ ਚਾਲੀ ਸਾਲ ਤੋਂ ਪੰਜਾਬੀ ਨਸ਼ੇ ਦੀ ਮਾਰ ਦਾ ਸਾਹਮਣਾ ਕਰ ਰਹੇ ਹਨ। ਕੋਈ ਸਮਾਂ ਸੀ ਜਦੋਂ ਕੁੰਵਰ ਵਿਜੇ ਪ੍ਰਤਾਪ ਨੇ ਅੰਮ੍ਰਿਤਸਰ ਰਾਜਪਾਲ ਦੇ ਸਮਾਗਮ ਵਿੱਚ ਆਖਿਆ ਸੀ ਕਿ ਪੁਲੀਸ ਚਾਹੇ ਤਾਂ ਇੱਕ ਹਫਤੇ ਵਿਚ ਨਸ਼ਾ ਬੰਦ ਹੋ ਸਕਦਾ ਹੈ ਪਰ ਅਜਿਹਾ ਹੋਵੇਗਾ ਨਹੀਂ। ਕਈ ਹੋਰ ਵੀ ਇਮਾਨਦਾਰ ਪੁਲ਼ੀਸ ਅਧਿਕਾਰੀਆਂ ਨੇ ਨਸ਼ਾ ਰੋਕਣ ਦੀ ਕੋਸ਼ਿਸ਼ ਕੀਤੀ ਪਰ ਅਜਿਹੇ ਅਧਿਕਾਰੀ ਪਾਸੇ ਕਰ ਦਿੱਤੇ ਗਏ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਕਈ ਮੌਕਿਆਂ ਉਪਰ ਸਰਕਾਰ ਅਤੇ ਪੁਲੀਸ ਨੂੰ ਨਸ਼ੇ ਦੇ ਵੱਧ ਰਹੇ ਪ੍ਰਭਾਵ ਨੂੰ ਲੈ ਕੇ ਫਿਟਕਾਰ ਪਾਈ ਗਈ ਪਰ ਕੋਈ ਠੋਸ ਨਤੀਜੇ ਸਾਹਮਣੇ ਨਹੀਂ ਆਏ । ਮੁਕਤਸਰ ਦੇ ਇਕ ਮਾਮਲੇ ਵਿਚ ਚਾਰ ਸਾਲ ਤੱਕ ਚਲਾਣ ਨਾ ਪੇਸ਼ ਹੋਣ ਲਈ ਅਦਾਲਤ ਵਲੋਂ ਪੁਲੀਸ ਦੀ ਖਿਚਾਈ ਕੀਤੀ ਗਈ। ਇਸ ਤਰਾਂ ਸਮੇਂ ਨਾਲ ਰਾਜਸੀ ਧਿਰਾਂ ਦੀਆਂ ਸਰਕਾਰਾਂ ਤਾਂ ਬਦਲਦੀਆਂ ਰਹੀਆਂ ਪਰ ਪੰਜਾਬ ਹੋਰ ਬਿਪਤਾ ਵਿਚ ਫਸਦਾ ਗਿਆ। ਗਰੀਬ ਕਿਸਾਨ/ਮਜਦੂਰ/ਆਮ ਲੋਕਾਂ ਦੇ ਘਰਾਂ ਵਿਚ ਆਏ ਦਿਨ ਸੱਥਰ ਨਸ਼ੇ ਕਾਰਨ ਵਿਛ ਰਹੇ ਹਨ। ਕਈ ਕਿਸਾਨਾਂ ਦੇ ਪੁੱਤ ਜਮੀਨਾ ਵੇਚ ਕੇ ਨਸ਼ੇ ਕਾਰਨ ਬਰਬਾਦ ਹੋ ਗਏ! ਮੀਡੀਆ ਸਰਕਾਰ ਅਤੇ ਮਜੀਠੀਆ ਦੀਆਂ ਇਕ ਦੂਜੇ ਵਲੋਂ ਕਢਵਾਈਆਂ ਜਾ ਰਹੀਆਂ ਚੀਖਾਂ ਬਾਰੇ ਤਾਂ ਖੂਬ ਚਟਕਾਰੇ ਲਾ ਕੇ ਪੇਸ਼ ਕਰ ਰਹੇ ਹਨ ਪਰ ਪੰਜਾਬੀਆਂ ਦੀਆਂ ਚੀਖਾਂ ਦੀ ਗੱਲ ਕੌਣ ਕਰੇਗਾ?
ਸੰਪਰਕ: 9814002186