ਟੋਰਾਂਟੋ : ਕੈਨੇਡਾ-ਅਮਰੀਕਾ ਦੇ ਕਰੋੜਾਂ ਲੋਕਾਂ ਲਈ ਜੰਗਲਾਂ ਦੀ ਅੱਗ ਕਾਰਨ ਉਠਿਆ ਧੂੰਆਂ ਇੱਕ ਵਾਰ ਫਿਰ ਪਰੇਸ਼ਾਨੀ ਬਣ ਗਿਆ ਹੈ ਅਤੇ ਪ੍ਰਦੂਸ਼ਤ ਹਵਾ ਵਿੱਚ ਸਾਹ ਲੈਣ ਤੋਂ ਇਲਾਵਾ ਹੋਰ ਕੋਈ ਚਾਰਾ ਨਜ਼ਰ ਨਹੀਂ ਆ ਰਿਹਾ। ਟੋਰਾਂਟੋ, ਦੁਨੀਆਂ ਦਾ ਛੇਵਾਂ ਸਭ ਤੋਂ ਪ੍ਰਦੂਸ਼ਤ ਇਲਾਕਾ ਬਣ ਚੁੱਕਾ ਹੈ ਜਦਕਿ ਗਰੇਟਰ ਟੋਰਾਂਟੋ ਏਰੀਆ ਵਿੱਚ ਵੀ ਹਾਲਾਤ ਬਦਤਰ ਬਣੇ ਹੋਏ ਹਨ।
ਇੱਕ ਰਿਪੋਰਟ ਮੁਤਾਬਕ ਬੁੱਧਵਾਰ ਸਵੇਰ ਤੱਕ ਕੈਨੇਡਾ ਦੇ ਜੰਗਲਾਂ ‘ਚ 487 ਥਾਵਾਂ ‘ਤੇ ਅੱਗ ਲੱਗੀ ਹੋਈ ਸੀ ਅਤੇ ਇਨ੍ਹਾਂ ‘ਚੋਂ 253 ਥਾਵਾਂ ‘ਤੇ ਅੱਗ ਬੇਕਾਬੂ ਦੱਸੀ ਜਾ ਰਹੀ ਹੈ। ਪ੍ਰਦੂਸ਼ਣ ਦਾ ਅਸਰ ਅਮਰੀਕਾ ਦੇ ਕੈਂਟਕੀ ਸੂਬੇ ਤੱਕ ਮਹਿਸੂਸ ਕੀਤਾ ਜਾ ਰਿਹਾ ਹੈ ਅਤੇ ਸਿਹਤ ਮਾਹਰਾਂ ਵੱਲੋਂ ਲੋਕਾਂ ਨੂੰ ਐਨ-95 ਮਾਸਕ ਲਾਉਣ ਦੀ ਸਲਾਹ ਦਿੱਤੀ ਗਈ ਹੈ। ਐਨਵਾਇਰਨਮੈਂਟ ਕੈਨੇਡਾ ਦਾ ਕਹਿਣਾ ਹੈ ਕਿ ਹਵਾ ਪਦਸ਼ਣ ਵੱਖ-ਵੱਖ ਇਲਾਕਿਆਂ ‘ਚ ਵੱਖੋ ਵੱਖਰਾ ਹੋ ਸਕਦਾ ਹੈ ਅਤੇ ਵੀਰਵਾਰ ਰਾਤ ਤੋਂ ਪਹਿਲਾਂ ਇਸ ਵਿਚ ਸੁਧਾਰ ਹੋਣ ਦੇ ਆਸਾਰ ਨਹੀਂ। ਕੈਨੇਡਾ ‘ਚ ਪਹਿਲੀ ਜਨਵਰੀ ਤੋਂ ਹੁਣ ਤੱਕ ਜੰਗਲਾਂ ਦੀ ਅੱਗ 76 ਹਜ਼ਾਰ ਵਰਗ ਕਿਲੋਮੀਟਰ ਤੋਂ ਵੱਧ ਇਲਾਕਾ ਸਾੜ ਚੁੱਕੀ ਹੈ ਅਤੇ 1989 ਦਾ ਰਿਕਾਰਡ ਟੁੱਟ ਚੁੱਕਾ ਹੈ ਜਦੋਂ 75,596 ਵਰਗ ਕਿਲੋਮੀਟਰ ਇਲਾਕੇ ‘ਚ ਅੱਗ ਲੱਗੀ ਸੀ। ਟੋਰਾਂਟੋ ‘ਚ ਸਾਰੇ ਆਊਟਡੋਰ ਸਮਾਗਮ ਰੱਦ ਕਰਨ ਦਾ ਐਲਾਨ ਕੀਤਾ ਗਿਆ ਹੈ ਅਤੇ ਕੈਨੇਡਾ ਪੋਸਟ ਵੱਲੋਂ ਵਿੰਡਸਰ ਸਣੇ ਕਈ ਇਲਾਕਿਆਂ ‘ਚ ਡਾਕ ਸੇਵਾ ਰੋਕ ਦਿੱਤੀ ਗਈ ਹੈ।
ਓਨਟਾਰੀਓ ‘ਚ ਵਿੰਡਸਰ ਤੋਂ ਔਟਵਾ ਤੱਕ ਦੇ ਇਲਾਕੇ ਨੂੰ ਹਵਾ ਪ੍ਰਦੂਸ਼ਣ ਦੇ ਮਾਮਲੇ ‘ਚ ਖਤਰੇ ਵਾਲਾ ਕੌਰੀਡੋਰ ਕਰਾਰ ਦਿੱਤਾ ਗਿਆ ਹੈ। ਹਵਾ ਪ੍ਰਦੂਸ਼ਣ ਦੇ ਮਾਮਲੇ ਵਿਚ ਬੀ.ਸੀ. ਦੇ ਪ੍ਰਿੰਸ ਜਾਰਜ ਤੋਂ ਨੌਰਥ ਵੈਸਟ ਟੈਰੇਟਰੀਜ਼ ਤੱਕ ਹਾਲਾਤ ਸੁਖਾਵੇਂ ਨਾਂ ਹੋਣ ਦੀ ਚਿਤਾਵਨੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਐਲਬਰਟਾ ਦੀ ਮਕੈਨਜ਼ੀ ਕਾਉਂਟੀ ਅਤੇ ਵੁੱਡ ਬਫਲੋ ਰੀਜਨਲ ਮਿਉਂਸਪੈਲਿਟੀ ਦੇ ਇਲਾਕੇ ‘ਚ ਪ੍ਰਦੂਸ਼ਣ ਦਾ ਅਸਰ ਰਹੇਗਾ। ਸਿਹਤ ਮਾਹਰਾਂ ਵੱਲੋਂ ਸਾਹ ਦੀਆਂ ਬਿਮਾਰੀਆਂ ਵਾਲੇ ਲੋਕਾਂ ਨੂੰ ਵਧੇਰੇ ਚੌਕਸੀ ਵਰਤਣ ਦੀ ਹਦਾਇਤ ਦਿੱਤੀ ਗਈ ਹੈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.