ਇਹ ਲੇਖਕ ਜੇਲ੍ਹ ਵਿੱਚ ਕਿਉਂ ਬੰਦ ਹੈ ? – ਪਰਿਵਾਰ ਚਿੰਤਤ

TeamGlobalPunjab
4 Min Read

-ਅਵਤਾਰ ਸਿੰਘ

ਪੁਣੇ ਦੇ ਭੀਮਾ ਕੋਰੇਗਾਂਵ ਕੇਸ ‘ਚ ਦੋ ਮਹੀਨੇ ਪਹਿਲਾਂ 28 ਮਈ ਨੂੰ ਵਰਵਰਾ ਰਾਓ ਨੂੰ ਦੋਸ਼ੀ ਕਰਾਰ ਦੇ ਕੇ ਉਸ ਨੂੰ ਜ਼ਮਾਨਤ ਨਾ ਦੇਣ ਦੀ ਅਪੀਲ ਕੀਤੀ ਗਈ ਸੀ। ਇਸ ਮਗਰੋਂ ਅਦਾਲਤ ਨੇ ਰਾਓ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਪਰ ਖੱਬੇ ਪੱਖੀ ਕਵੀ ਅਤੇ ਲੇਖਕ ਵਰਵਰਾ ਰਾਓ ਦੀ ਹਾਲਤ ਅੱਜ ਕੱਲ੍ਹ ਨਾਜ਼ੁਕ ਹੋਣ ਤੋਂ ਬਾਅਦ ਉਸ ਦੇ ਪਰਿਵਾਰ ਨੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਉਣ ਦੀ ਮੰਗ ਕੀਤੀ ਹੈ।

ਰਿਪੋਰਟਾਂ ਮੁਤਾਬਿਕ ਬੀਤੇ ਦੋ ਸਾਲਾਂ ਤੋਂ ਜੇਲ੍ਹ ਕੱਟ ਰਹੇ 80 ਸਾਲ ਦੇ ਬਜ਼ੁਰਗ ਵਰਵਰਾ ਰਾਓ ਦੇ ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਕਿ ਉਸ ਦੀ ਹਾਲਤ ਕਾਫ਼ੀ ਖਰਾਬ ਹੈ ਅਤੇ ਉਨ੍ਹਾਂ ਨੂੰ ਡਾਕਟਰੀ ਇਲਾਜ਼ ਦੀ ਜ਼ਰੂਰਤ ਹੈ। ਇਸ ਕਰਕੇ ਛੇਤੀ ਤੋਂ ਛੇਤੀ ਹਸਪਤਾਲ ਦਾਖਲ ਕਰਵਾਇਆ ਜਾਵੇ।

ਗੌਰਤਲਬ ਹੈ ਕਿ ਭੀਮਾ-ਕੋਰੇਗਾਂਓ ਵਿੱਚ ਪਹਿਲੀ ਜਨਵਰੀ, 2018 ਨੂੰ ਇਕ ਹਿੰਸਕ ਵਾਰਦਾਤ ਵਾਪਰੀ ਸੀ। ਇਹ ਹਿੰਸਾ ਪੁਣੇ ਦੇ ਭੀਮਾ-ਕੋਰੇਗਾਂਓ ਵਿੱਚ ਪੇਸ਼ਵਾ ‘ਤੇ ਦਲਿਤਾਂ ਦੀ ਜਿੱਤ ਦੇ 200 ਸਾਲ ਪੂਰੇ ਹੋਣ ਦੇ ਜਸ਼ਨ ਮਨਾਉਣ ਸਮੇਂ ਭੜਕੀ ਸੀ।

- Advertisement -

ਇਸ ਵਾਰਦਾਤ ਵਿੱਚ ਇੱਕ ਵਿਅਕਤੀ ਹਲਾਕ ਹੋ ਗਿਆ ਸੀ ਅਤੇ ਕਈਆਂ ਦੇ ਗੰਭੀਰ ਸੱਟਾਂ ਲੱਗੀਆਂ ਸਨ। ਜ਼ਖਮੀ ਹੋਣ ਵਾਲਿਆਂ ਵਿੱਚ ਕਈ ਪੁਲਿਸ ਮੁਲਾਜ਼ਮ ਵੀ ਸਨ।

ਦਰਅਸਲ 80 ਸਾਲ ਦੇ ਤੇਲੰਗਾਨਾ ਵਾਸੀ ਵਰਵਰਾ ਰਾਓ ਖੱਬੇ ਪੱਖੀਆਂ ਦੇ ਸਮਰਥਕ ਕਵੀ ਅਤੇ ਲੇਖਕਾਂ ਦੀ ਕ੍ਰਾਂਤੀਕਾਰੀ ਐਸੋਸ਼ੀਏਸ਼ਨ ਵਿਪਲਵ ਰਚਯਤਾਲਾ ਸੰਘਮ ਦੇ ਬਾਨੀ ਹਨ। ਉਨ੍ਹਾਂ ਦਾ ਜਨਮ ਤੇਲੰਗਾਨਾ ਦੇ ਵਾਰੰਗਲ ਜ਼ਿਲ੍ਹੇ ਚਿਨਾ ਪੇਂਡਯਾਲਾ ਪਿੰਡ ਵਿੱਚ ਹੋਇਆ। ਐਮਰਜੈਂਸੀ ਦੌਰਾਨ ਪੁਲਿਸ ਨੇ ਉਨ੍ਹਾਂ ਨੂੰ ਸਾਜਿਸ਼ਕਾਰ ਦੇ ਦੋਸ਼ਾਂ ਅਧੀਨ ਗ੍ਰਿਫਤਾਰ ਕੀਤਾ ਪਰ ਬਾਅਦ ਵਿੱਚ ਉਹ ਬਰੀ ਹੋ ਗਏ ਸਨ। ਇਸ ਤਰ੍ਹਾਂ ਉਨ੍ਹਾਂ ਤੋਂ ਰਾਮ ਨਗਰ ਤੇ ਸਿਕੰਦਰਾਬਾਦ ਸਾਜਿਸ਼ ਕੇਸ ਸਮੇਤ ਵੀਹ ਹੋਰ ਕੇਸਾਂ ਵਿੱਚ ਪੁੱਛਗਿੱਛ ਹੋ ਚੁੱਕੀ ਹੈ। ਵਰਵਰਾ ਰਾਓ ਹਿੰਸਾ ਖ਼ਤਮ ਕਰਨ ਲਈ ਮਾਓਵਾਦੀਆਂ, ਚੰਦਰਬਾਬੂ ਨਾਇਡੂ ਅਤੇ ਵਾਈਐਸ ਰਾਜਾ ਸੇਖਰ ਰੈੱਡੀ ਦੀ ਸਰਕਾਰ ਨਾਲ ਗੱਲਬਾਤ ਕਰਵਾਉਣ ਦੀ ਭੂਮਿਕਾ ਵੀ ਨਿਭਾ ਚੁੱਕੇ ਹਨ।

ਪਿਛਲੇ ਸਵਾ ਮਹੀਨੇ ਵਿੱਚ ਵਰਵਰਾ ਰਾਓ ਦੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਕੇਵਲ ਤਿੰਨ ਕੁ ਵਾਰ ਹੀ ਗੱਲ ਹੋਈ ਹੈ। ਉਸ ਦੇ ਨਜ਼ਦੀਕੀ ਰਿਸ਼ਤੇਦਾਰ ਵੀ. ਵੇਣੁਗੋਪਾਲ ਦਾ ਕਹਿਣਾ ਹੈ ਕਿ ਜੇਲ੍ਹ ਵਿੱਚ ਜਦੋਂ ਉਨ੍ਹਾਂ ਨੇ ਆਖਰੀ ਵਾਰ ਗੱਲ਼ ਕੀਤੀ ਉਦੋਂ ਉਨ੍ਹਾਂ ਦੀ ਸਿਹਤ ਕਾਫੀ ਵਿਗੜੀ ਲੱਗ ਰਹੀ ਸੀ।

ਖੱਬੇ ਪੱਖੀ ਲੇਖਕ ਵਰਵਰਾ ਰਾਓ ਦੀ ਧੀ ਪਵਨਾ ਨੇ 12 ਜੁਲਾਈ ਨੂੰ ਪ੍ਰੈੱਸ ਨੂੰ ਦਿੱਤੇ ਇਕ ਬਿਆਨ ਦੌਰਾਨ ਕਿਹਾ ਕਿ ਉਨ੍ਹਾਂ ਦੇ ਪਿਤਾ ਦੀ ਸਿਹਤ ਠੀਕ ਨਾ ਹੋਣ ਕਾਰਨ ਉਹ ਗੱਲ ਕਰਨ ‘ਚ ਉਹ ਮੁਸ਼ਕਲ ਮਹਿਸੂਸ ਕਰ ਰਹੇ ਸਨ। ਹਾਲਾਂਕਿ ਸਭ ਜਾਣਦੇ ਕਿ ਉਹ ਚੰਗੇ ਬੁਲਾਰੇ ਹਨ ਪਰ ਹੁਣ ਉਹ ਚੰਗੀ ਤਰ੍ਹਾਂ ਗੱਲ ਕਰਨ ਤੋਂ ਅਸਮਰਥ ਸਨ। ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕੀਤਾ ਜਾਵੇ। ਪਰਿਵਾਰ ਨੇ ਮਹਾਰਾਸ਼ਟਰ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦਾ ਇਲਾਜ਼ ਕਰਵਾਇਆ ਜਾਵੇ।
ਪਰਿਵਾਰ ਨੇ ਇਕ ਲਿਖਤੀ ਬਿਆਨ ਵਿੱਚ ਦੱਸਿਆ ਹੈ ਕਿ 28 ਮਈ ਨੂੰ ਜਦੋਂ ਉਨ੍ਹਾਂ ਨੂੰ ਬੇਹੋਸ਼ੀ ਦੀ ਹਾਲਤ ‘ਚ ਤਲੋਜਾ ਜੇਲ੍ਹ ਤੋਂ ਜੇ ਜੇ ਹਸਪਤਾਲ ‘ਚ ਦਾਖਿਲ ਕਰਵਾਇਆ ਗਿਆ ਸੀ ਇਸ ਮਗਰੋਂ ਹੁਣ ਤੱਕ ਛੇ ਹਫ਼ਤਿਆਂ ‘ਚ ਉਨ੍ਹਾਂ ਦੀ ਹਾਲਤ ਨਾਜ਼ੁਕ ਹੋ ਚੁੱਕੀ ਹੈ। ਤਿੰਨ ਦਿਨ ਬਾਅਦ ਉਨ੍ਹਾਂ ਦੀ ਹਾਲਤ ‘ਚ ਸੁਧਾਰ ਨਾ ਹੋਣ ਦੇ ਬਾਵਜੂਦ ਜੇਲ੍ਹ ਭੇਜ ਦਿੱਤਾ ਗਿਆ। ਪਰਿਵਾਰ ਨੇ ਜ਼ੋਰਦਾਰ ਮੰਗ ਕੀਤੀ ਕਿ ਉਨ੍ਹਾਂ ਦਾ ਤੁਰੰਤ ਇਲਾਜ਼ ਕਰਵਾਇਆ ਜਾਵੇ।

Share this Article
Leave a comment