ਅੰਮ੍ਰਿਤਸਰ: ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਇੱਕ ਵਾਰ ਫਿਰ ਜੇਲ੍ਹ ਤੋਂ ਬਾਹਰ ਆ ਗਿਆ ਹੈ। ਰਾਮ ਰਹੀਮ ਨੂੰ ਮਿਲੀ ਫ਼ਰਲੋ ਦਾ ਜਥੇਦਾਰ ਗੜਗੱਜ ਨੇ ਵਿਰੋਧ ਕੀਤਾ ਹੈ। ਜਥੇਦਾਰ ਨੇ ਸਰਕਾਰਾਂ ‘ਤੇ ਦੋਹਰਾ ਮਾਪਦੰਡ ਅਪਣਾਉਣ ਦੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਰਾਮ ਰਹੀਮ ਨੂੰ ਵਾਰ-ਵਾਰ ਪਿਕਨਿਕ ਵਾਂਗ ਜੇਲ੍ਹ ਤੋਂ ਬਾਹਰ ਛੱਡਿਆ ਜਾ ਰਿਹਾ ਹੈ। ਜਥੇਦਾਰ ਗੜਗੱਜ ਨੇ ਕਿਹਾ ਕਿ ਕਈ ਬੰਦੀ ਸਿੰਘ 35-35 ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਹਨ ਪਰ ਉਨ੍ਹਾਂ ਨੂੰ ਪੈਰੋਲ ਤੱਕ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਜਗਤਾਰ ਸਿੰਘ ਹਵਾਰਾ ਦਾ ਵੀ ਜ਼ਿਕਰ ਕਰਦਿਆਂ ਕਿਹਾ ਕਿ ਉਸ ਨੂੰ ਅਜੇ ਤੱਕ ਪੈਰੋਲ ਨਹੀਂ ਮਿਲੀ ਅਤੇ ਬਿਮਾਰ ਮਾਂ ਨੂੰ ਮਿਲਣ ਲਈ ਵੀ ਪੈਰੋਲ ਨਹੀਂ ਦਿੱਤੀ ਜਾ ਰਹੀ।
ਉਨ੍ਹਾਂ ਭਾਈ ਜਗਤਾਰ ਸਿੰਘ ਹਵਾਰਾ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਮਾਤਾ ਜੀ ਬਹੁਤ ਬੀਮਾਰ ਹਨ। ਮਾਨਵੀ ਅਧਿਕਾਰਾਂ ਅਤੇ ਇਨਸਾਨੀਅਤ ਦਾ ਹਵਾਲਾ ਦਿੰਦਿਆਂ ਉਨ੍ਹਾਂ ਮੰਗ ਕੀਤੀ ਕਿ ਭਾਈ ਹਵਾਰਾ ਨੂੰ ਆਪਣੀ ਮਾਂ ਦੀ ਦੇਖਭਾਲ ਲਈ ਤੁਰੰਤ ਪੈਰੋਲ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਇੱਕ ਮਾਂ ਨੂੰ ਆਪਣੇ ਪੁੱਤਰ ਨਾਲ ਮਿਲਣ ਤੋਂ ਵਾਂਝਾ ਰੱਖਣਾ ਮਨੁੱਖੀ ਅਧਿਕਾਰਾਂ ਦਾ ਸ਼ਰੇਆਮ ਘਾਣ ਹੈ।
ਇਸ ਤੋਂ ਇਲਾਵਾ, ਜਥੇਦਾਰ ਗੜਗੱਜ ਨੇ ਹੋਰ ਪ੍ਰਮੁੱਖ ਬੰਦੀ ਸਿੰਘਾਂ—ਜਿਵੇਂ ਕਿ ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਓਰਾ ਅਤੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ—ਦੀ ਰਿਹਾਈ ਵਿੱਚ ਹੋ ਰਹੀ ਦੇਰੀ ‘ਤੇ ਵੀ ਸਖ਼ਤ ਸਵਾਲ ਚੁੱਕੇ ਹਨ। ਉਨ੍ਹਾਂ ਨੇ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਦੇ ਮਾਮਲੇ ਅਤੇ ਪ੍ਰੋ. ਭੁੱਲਰ ਦੀ ਰਿਹਾਈ ਨਾਲ ਸਬੰਧਤ ਫਾਈਲਾਂ ਨੂੰ ਦਿੱਲੀ ਸਰਕਾਰ ਵੱਲੋਂ ਰੋਕੇ ਜਾਣ ‘ਤੇ ਵੀ ਰੋਸ ਜਤਾਇਆ ਹੈ।

