ਜਗਤਾਰ ਸਿੰਘ ਸਿੱਧੂ (ਮੈਨਜਿੰਗ ਐਡੀਟਰ)
ਕੀ ਕਿਸਾਨਾਂ ਨੂੰ ਆਪਣੇ ਪਰਿਵਾਰਾਂ ‘ਚ ਬੈਠ ਕੇ ਲੋਹੜੀਆਂ ਅਤੇ ਦਿਵਾਲੀਆਂ ਮਨਾਉਣਾ ਚੰਗਾ ਨਹੀਂ ਲੱਗਦਾ ? ਕਕਰੀਲੀਆਂ ਰਾਤਾਂ ਵਿੱਚ ਜਦੋ ਲੋਕ ਆਪਣੇ ਘਰਾਂ ‘ਚ ਸੁੱਤੇ ਹੁੰਦੇ ਹਨ ਤਾ ਕਿਸਾਨ ਕਿਉ ਟੋਲ ਪਲਾਜ਼ਿਆਂ ‘ਤੇ ਧਰਨੇ ਦੇ ਰਹੇ ਹੁੰਦੇ ਹਨ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਲੜਾਈ ਲੜ ਰਹੇ ਹੁੰਦੇ ਹਨ। ਅਸਲ ‘ਚ ਇਹ ਲੜਾਈ ਕੇਵਲ ਕਿਸਾਨਾਂ ਦੀ ਨਹੀਂ ਹੈ ਸਗੋਂ ਆਮ ਨਾਗਰਿਕ ਦੀ ਹੈ। ਫਿਰ ਸਰਕਾਰਾਂ ਕਿਸਾਨਾਂ ਨੂੰ ਬਦਨਾਮ ਕਰਨ ਲਈ ਨਵੇਂ ਨਵੇਂ ਫਾਰਮੂਲੇ ਕਿਉ ਘੜਦੀਆਂ ਹਨ। ਕਦੇ ਉਹਨਾਂ ਨੂੰ ਦੇਸ਼ ਵਿਰੋਧੀ ਆਖਿਆ ਜਾਂਦਾ ਹੈ ਅਤੇ ਕਦੇ ਵਿਕਾਸ ਵਿਰੋਧੀ ਆਖਿਆ ਜਾਂਦਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਧਰਤੀ ਹੇਠਲਾ ਪਵਿੱਤਰ ਪਾਣੀ ਨਾ ਬਚਾਇਆ ਗਿਆ ਤਾ ਪੰਜਾਬੀਆਂ ਦੀਆਂ ਅਗਲੀਆਂ ਨਸਲਾਂ ਬਚਾਉਣੀਆਂ ਵੀ ਮੁਸ਼ਕਿਲ ਹੋ ਜਾਣਗੀਆਂ। ਕਿਸਾਨਾਂ ਵੱਲੋ ਜੀਰਾ ਦੀ ਸ਼ਰਾਬ ਫੈਕਟਰੀ ਵਿਰੁੱਧ ਧਰਨਾ ਲਗਾਇਆ ਹੋਇਆ ਹੈ ਤਾ ਜੋ ਜ਼ਹਿਰੀਲੇ ਤੱਤਾਂ ਵਾਲਾ ਫੈਕਟਰੀ ਦਾ ਗੰਦਾ ਪਾਣੀ ਧਰਤੀ ਹੇਠ ਜਾਣ ਤੋਂ ਰੋਕਿਆ ਜਾ ਸਕੇ। ਪਿਛਲੇ ਤਕਰੀਬਨ 6 ਮਹੀਨਿਆਂ ਤੋਂ ਕਿਸਾਨ ਇਹ ਲੜਾਈ ਲੜ ਰਹੇ ਨੇ ਪਰ ਅਜੇ ਤੱਕ ਸਰਕਾਰ ਕਮੇਟੀਆਂ ਬਣਾ ਕੇ ਜਾਂਚ ਕਰਨ ਤੋਂ ਅੱਗੇ ਨਹੀਂ ਵਧੀ। ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜੇਕਰ ਕਿਸਾਨਾਂ ਵੱਲੋ ਲੋਹੜੀ ਦਾ ਤਿਉਹਾਰ ਜੀਰਾ ਫੈਕਟਰੀ ਦੇ ਧਰਨੇ ‘ਚ ਮਨਾਇਆ ਜਾਵੇ ਤਾ ਸਥਿਤੀ ਕਿੰਨੀ ਗੰਭੀਰ ਹੋਵੇਗੀ। ਸਰਕਾਰਾਂ ਦੀ ਸੰਵੇਦਨਸ਼ੀਲਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ 6 ਮਹੀਨੇ ਬਾਅਦ ਹੀ ਸਰਕਾਰ ਇਸ ਨਤੀਜੇ ‘ਤੇ ਨਹੀਂ ਪਹੁੰਚੀ ਕਿ ਫੈਕਟਰੀ ਕਾਰਨ ਧਰਤੀ ਹੇਠਲਾ ਪਾਣੀ ਜ਼ਹਿਰੀਲਾ ਹੋ ਰਿਹਾ ਹੈ ਜਾ ਨਹੀਂ ?
ਜੀਰਾ ਮੋਰਚੇ ਨੇ ਸਮੁੱਚੇ ਪੰਜਾਬੀਆਂ ਨੂੰ ਸੁਨੇਹਾ ਦਿੱਤਾ ਹੈ ਕਿ ਧਰਤੀ ਹੇਠਲੇ ਪਾਣੀ ਦੀ ਖ਼ਤਰਨਾਕ ਸਥਿਤੀ ਕੇਵਲ ਜੀਰਾ ਇਲਾਕੇ ‘ਚ ਹੀ ਨਹੀਂ ਸਗੋਂ ਇਹ ਸਥਿਤੀ ਪੂਰੇ ਪੰਜਾਬ ‘ਚ ਬਣਦੀ ਨਜ਼ਰ ਆ ਰਹੀ ਹੈ। ਇਸ ਮੋਰਚੇ ਕਾਰਨ ਪੰਜਾਬ ‘ਚ ਵੀ ਇਹ ਚਰਚਾ ਛਿੜ ਗਈ ਹੈ ਕਿ ਆਪਣੇ ਆਪਣੇ ਖੇਤਰਾਂ ‘ਚ ਨਜਰ ਮਾਰੀ ਜਾਵੇ ਕਿ ਕਿਹੜੇ ਕਾਰਨਾਂ ਕਰਕੇ ਧਰਤੀ ਹੇਠਲਾ ਪਾਣੀ ਜ਼ਹਿਰੀਲਾ ਹੋ ਰਿਹਾ ਹੈ। ਮਿਸਾਲ ਵੱਜੋਂ ਮਾਲਵੇ ਦੇ ਪਿੰਡ ਮਹਿਰਾਜ ਦੇ ਲੋਕਾਂ ਨੇ ਕੁਝ ਦਿਨ ਇਸ ਲਈ ਧਰਨਾ ਦਿੱਤਾ ਕਿ ਉਥੋਂ ਦੀ ਨਿਕਲ ਰਹੇ ਸੂਏ ਵਿੱਚ ਘਰਾਂ ਦੇ ਗੰਦ ਮੰਦ ਨੂੰ ਪੈਣ ਤੋਂ ਰੋਕਿਆ ਜਾਵੇ। ਪਿਛਲੇ ਕਈ ਸਾਲਾਂ ਤੋਂ ਇਹ ਵਰਤਾਰਾ ਚੱਲ ਰਿਹਾ ਸੀ ਪਰ ਹੁਣ ਲੋਕਾਂ ਨੇ ਸੁਚੇਤ ਹੋ ਕੇ ਪਾਣੀ ‘ਚ ਗੰਦ ਸੁੱਟਣ ਦੇ ਵਰਤਾਰੇ ਨੂੰ ਰੋਕਿਆ ਹੈ। ਇਸੇ ਤਰਾਂ ਕਈ ਹੋਰ ਇਲਾਕਿਆਂ ‘ਚੋ ਵੀ ਇਹ ਰਿਪੋਟਾਂ ਆ ਰਹੀਆਂ ਹਨ ਕਿ ਲੋਕਾਂ ਵੱਲੋ ਇਹ ਵੇਖਿਆ ਜਾ ਰਿਹਾ ਹੀ ਕਿ ਉਹਨਾਂ ਦੇ ਖੇਤਰ ‘ਚ ਲੱਗੀ ਕੋਈ ਫੈਕਟਰੀ ਜਾ ਕਾਰਖਾਨਾ ਗੰਦਾ ਪਾਣੀ ਧਰਤੀ ਹੇਠਾਂ ਤਾ ਨਹੀਂ ਸੁੱਟ ਰਿਹਾ ? ਆਮ ਤੌਰ ‘ਤੇ ਇਸ ਤਰਾਂ ਦੀ ਮੁਹਿੰਮ ਨੂੰ ਇਹ ਆਖ ਕੇ ਬਦਨਾਮ ਕੀਤਾ ਜਾਂਦਾ ਹੈ ਕਿ ਜੇਕਰ ਫੈਕਟਰੀਆਂ ਨਹੀਂ ਲੱਗਣਗੀਆਂ ਤਾ ਵਿਕਾਸ ਕਿਵੇਂ ਹੋਵੇਗਾ ਅਤੇ ਸੂਬੇ ਦੇ ਲੋਕਾਂ ਨੂੰ ਰੁਜ਼ਗਾਰ ਕਿਵੇਂ ਮਿਲੇਗਾ ? ਕਿਸਾਨਾਂ ਦਾ ਕਹਿਣਾ ਹੈ ਕਿ ਉਹ ਵਿਕਾਸ ਵਿਰੋਧੀ ਨਹੀਂ ਹਨ ਪਰ ਵਿਕਾਸ ਦੇ ਨਾ ‘ਤੇ ਕਿਸੇ ਨੂੰ ਧਰਤੀ ਹੇਠਲਾ ਪਾਣੀ ਜ਼ਹਿਰੀਲਾ ਕਰਨ ਦੀ ਆਗਿਆ ਕਿਵੇਂ ਦਿੱਤੀ ਜਾ ਸਕਦੀ ਹੈ।
ਇਹ ਤਾ ਸਹੀ ਹੈ ਕਿ ਧਰਤੀ ਹੇਠਲੇ ਪਾਣੀ ਦੇ ਭੰਡਾਰ ਨੂੰ ਬਚਾਉਣ ਦੀ ਬਹੁਤ ਜ਼ਰੂਰਤ ਹੈ ਕਿਉ ਜੋ ਇਹ ਮਾਮਲਾ ਸਿੱਧੇ ਤੌਰ ‘ਤੇ ਮਨੁੱਖੀ ਜੀਵਨ ਨਾਲ ਜੁੜਿਆ ਹੋਇਆ ਹੈ ਪਰ ਕਿਸਾਨਾਂ ਵੱਲੋ ਪੰਜਾਬ ਦੀਆਂ ਰਾਜਸਥਾਨ ਨਹਿਰ ਸਮੇਤ ਕਈ ਨਹਿਰਾਂ ਦਾ ਤਲ ਪੱਕਾ ਕਰਨ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਨਹਿਰਾਂ ਦੇ ਤਲ ਪੱਕੇ ਕਰ ਦਿੱਤੇ ਗਏ ਤਾ ਧਰਤੀ ਹੇਠ ਜਾਣ ਵਾਲੇ ਕੁਦਰਤੀ ਸੋਮੇ ਦਾ ਪੱਕੇ ਤੌਰ ‘ਤੇ ਰਾਹ ਬੰਦ ਹੋ ਜਾਵੇਗਾ। ਇਹ ਨਹਿਰੀ ਪਾਣੀ ਕੁਦਰਤੀ ਤਰੀਕੇ ਨਾਲ ਧਰਤੀ ਹੇਠ ਜਾਣ ਕਰਕੇ ਧਰਤੀ ਹੇਠਲੇ ਪਾਣੀ ਦੀ ਜਿਥੇ ਗੁਣਵੱਤਾ ਵਧਾਉਂਦਾ ਹੈ ਉੱਥੇ ਧਰਤੀ ਹੇਠਲੇ ਪਾਣੀ ਦੇ ਭੰਡਾਰ ‘ਚ ਵੀ ਵਾਧਾ ਹੁੰਦਾ ਹੈ। ਇਸੇ ਕਾਰਨ ਨਹਿਰਾਂ ਨੇ ਨਾਲ ਲੱਗਦੀਆਂ ਜਮੀਨ ਦੇ ਪਾਣੀ ਦਾ ਪੱਧਰ ਦੂਜਿਆਂ ਦੇ ਮੁਕਾਬਲੇ ਵਧੇਰੇ ਉੱਚਾ ਹੁੰਦਾ ਹੈ।
ਟੋਲ ਪਲਾਜ਼ਾ ‘ਤੇ ਧਰਨਾ ਦੇ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਜਦੋ ਪਹਿਲਾਂ ਹੀ ਸਰਕਾਰ ਟੈਕਸਾਂ ਦੀ ਵਸੂਲੀ ਕਰ ਲੈਂਦੀ ਹੈ ਤਾ ਸੜਕਾਂ ‘ਤੇ ਟੋਲ ਪਲਾਜ਼ੇ ਲਗਾਕੇ ਲੋਕਾਂ ਦਾ ਲੁੱਟ ਕਿਉ ਕੀਤੀ ਜਾਂਦੀ ਹੈ। ਇਸ ਲਈ ਕਿਸਾਨ ਲਗਾਤਾਰ ਇਸ ਮਾਮਲੇ ‘ਤੇ ਆਪਣਾ ਅੰਦੋਲਨ ਵੀ ਜਾਰੀ ਰੱਖਣਗੇ। ਅਗਲੇ ਹਫਤੇ ਕਿਸਾਨਾਂ ਵੱਲੋ ਜੀਰਾ ਫੈਕਟਰੀ ਦਾ ਗੰਦਾ ਪਾਣੀ ਰੋਕਣ ਅਤੇ ਹੋਰ ਮੰਗਾਂ ਨੂੰ ਲੈ ਕੇ ਵੱਡੇ ਐਕਸ਼ਨ ਦਾ ਐਲਾਨ ਕੀਤੇ ਜਾਣ ਦਾ ਸੰਭਾਵਨਾ ਹੈ।