ਖੱਟਰ ਨੇ ਕਿਉਂ ਕਿਹਾ ਕਿਸਾਨ ਅੰਦੋਲਨ ਪਿਛੇ ਪੰਜਾਬ ਦਾ ਹੱਥ ਹੈ ?

TeamGlobalPunjab
4 Min Read

-ਅਵਤਾਰ ਸਿੰਘ;

ਸ਼ਨਿਚਰਵਾਰ ਨੂੰ ਹਰਿਆਣਾ ਦੇ ਕਰਨਾਲ ਜ਼ਿਲੇ ਵਿੱਚ ਸੂਬੇ ਦੀ ਪੁਲਿਸ ਵਲੋਂ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਕਿਸਾਨਾਂ ਉਪਰ ਢਾਹੇ ਗਏ ਤਸ਼ੱਦਦ ਦੀ ਚੁਫੇਰਿਓਂ ਨਿੰਦਾ ਹੋ ਰਹੀ ਹੈ। ਇਸ ਘਟਨਾ ਵਿੱਚ ਕਿਸਾਨਾਂ ਉਪਰ ਵਰਾਹੀਆਂ ਗਈਆਂ ਲਾਠੀਆਂ ਦੀ ਤਾਬ ਨਾ ਝੱਲਦਾ ਹੋਏ ਇਕ ਬਜ਼ੁਰਗ ਕਿਸਾਨ ਨੇ ਦਮ ਤੋੜ ਦਿੱਤਾ। ਇਸ ਤੋਂ ਬਾਅਦ ਕਿਸਾਨਾਂ ਦਾ ਗੁੱਸਾ ਹੋਰ ਪ੍ਰਚੰਡ ਹੁੰਦਾ ਨਜ਼ਰ ਆ ਰਿਹਾ ਹੈ। ਕਿਸਾਨਾਂ ਦੀ ਨਾਰਾਜ਼ਗੀ ਹਰਿਆਣਾ ਦੇ ਮੁੱਖ ਮੰਤਰੀ ਨਾਲ ਬਰਕਰਾਰ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸੋਮਵਾਰ ਨੂੰ ਚੰਡੀਗੜ੍ਹ ਪ੍ਰੈਸ ਕਲੱਬ ਆਉਣਾ ਸੀ ਉਥੇ ਵੀ ਕਿਸਾਨਾਂ ਨੇ ਪਹੁੰਚ ਕੇ ਆਪਣਾ ਰੋਸ ਜ਼ਾਹਿਰ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਦੀ ਸਖਤੀ ਨੇ ਉਨ੍ਹਾਂ ਦੀ ਇਹ ਕੋਸ਼ਿਸ਼ ਨਾਕਾਮ ਕਰ ਦਿੱਤੀ।

ਇਥੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਪੱਤਰਕਾਰਾਂ ਨੇ ਕਿਸਾਨ ਅੰਦੋਲਨ ਅਤੇ ਕਰਨਾਲ ਘਟਨਾ ਬਾਰੇ ਕਈ ਸਵਾਲ ਕੀਤੇ ਪਰ ਉਨ੍ਹਾਂ ਨੇ ਸੰਤੁਸ਼ਟ ਜਵਾਬ ਦੇਣ ਦੀ ਬਜਾਇ ਇਥੋਂ ਤਕ ਕਹਿ ਦਿੱਤਾ ਕਿ ਅੰਦੋਲਨ ਪਿੱਛੇ ਪੰਜਾਬ ਦਾ ਹੱਥ ਹੈ। ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ 85 ਫੀਸਦ ਕਿਸਾਨ ਪੰਜਾਬ ਨਾਲ ਸਬੰਧ ਰੱਖਦੇ ਹਨ। ਕਿਸਾਨ ਅੰਦੋਲਨ ਪਿੱਛੇ ਕਾਂਗਰਸ ਤੇ ਕਮਿਊਨਿਸਟ ਪਾਰਟੀਆਂ ਹਨ। ਉਹ ਇਸ ਦਾ ਸਿਆਸੀ ਲਾਹਾ ਲੈਣਾ ਚਾਹੁੰਦੀਆਂ ਹਨ। ਖੱਟਰ ਨੇ ਇਹ ਵੀ ਦਾਅਵਾ ਕੀਤਾ ਕਿ ਹਰਿਆਣਾ ਦੇ ਮੁਕਾਬਲੇ ਪੰਜਾਬ ਦੀ ਆਰਥਿਕ ਸਥਿਤੀ ਜ਼ਿਆਦਾ ਮਾੜੀ ਹੈ।

ਕਰਨਾਲ ਵਿੱਚ ਕਿਸਾਨਾਂ ਉਪਰ ਵਰ੍ਹਾਈਆਂ ਗਈਆਂ ਲਾਠੀਆਂ ਵਾਸਤੇ ਹਰਿਆਣਾ ਪੁਲੀਸ ਨੂੰ ਬਚਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਮਾਹੌਲ ਵਿੱਚ ਸਖ਼ਤੀ ਕਰਨੀ ਜ਼ਰੂਰੀ ਸੀ। ਵੈਸੇ ਮੁੱਖ ਮੰਤਰੀ ਨੇ ਇਹ ਤਾਂ ਮੰਨ ਲਿਆ ਕਿ ਕਿਸਾਨਾਂ ਦਾ ਸਿਰ ਪਾੜ੍ਹਨ ਵਾਲੀ ਟਿੱਪਣੀ ਕਰਨ ਵਾਲੇ ਐਸ ਡੀ ਐਮ ਦੇ ਸ਼ਬਦਾਂ ਦੀ ਚੋਣ ਠੀਕ ਨਹੀਂ ਸੀ। ਪਰ ਅਮਨ-ਕਾਨੂੰਨ ਨੂੰ ਕਾਇਮ ਰੱਖਣ ਲਈ ਸਖ਼ਤੀ ਜ਼ਰੂਰੀ ਹੁੰਦੀ ਹੈ।

ਕਰਨਾਲ ਜ਼ਿਲ੍ਹੇ ਦੀ ਇਸ ਘਟਨਾ ਤੋਂ ਬਾਅਦ ਹਰਿਆਣਾ ਸਰਕਾਰ ਦਾ ਗ਼ੈਰ-ਜਮਹੂਰੀ ਚਿਹਰਾ ਨੰਗਾ ਹੋ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਲਾਠੀਚਾਰਜ ਤੋਂ ਪਹਿਲਾਂ ਡਿਊਟੀ ਮੈਜਿਸਟਰੇਟ ਪੁਲੀਸ ਨੂੰ ਕਿਸਾਨਾਂ ਉਪਰ ਲਾਠੀਚਾਰਜ ਕਰਕੇ ਉਨ੍ਹਾਂ ਦੇ ਸਿਰ ਪਾੜਨ ਦੇ ਹੁਕਮ ਦੇ ਰਿਹਾ ਹੈ। ਖੱਟਰ ਦੇ ਵਿਧਾਨ ਸਭਾ ਹਲਕੇ ਵਿਚ ਅੱਠ ਮਹੀਨਿਆਂ ਤੋਂ ਵੱਧ ਸਮੇਂ ਤੋਂ ਸੰਘਗਰਸ਼ ਕਰ ਰਹੇ ਕਿਸਾਨ ਕੇਂਦਰ ਦੀ ਸਰਕਾਰ (ਭਾਜਪਾ) ਦੀ ਵਿਰੋਧੀ ਨੀਤੀ ਤਹਿਤ ਕਾਲੇ ਝੰਡੇ ਦਿਖਾਉਣ ਲਈ ਇਕੱਠੇ ਹੋ ਰਹੇ ਸਨ। ਪੁਲਿਸ ਨੇ ਉਨ੍ਹਾਂ ਉਪਰ ਤਸ਼ੱਦਦ ਢਾਹੁਣਾ ਸ਼ੁਰੂ ਕਰ ਦਿੱਤਾ। ਇਸ ਲਾਠੀਚਾਰਜ ਦੌਰਾਨ ਦਸ ਕਿਸਾਨ ਗੰਭੀਰ ਜ਼ਖ਼ਮੀ ਹੋ ਗਏ। ਖ਼ੂਨ ਨਾਲ ਲੱਥਪਥ ਕਿਸਾਨਾਂ ਦੀਆਂ ਫ਼ੋਟੋਆਂ ਸੋਸ਼ਲ ਮੀਡੀਆ ਉਪਰ ਵਾਇਰਲ ਹੋਈਆਂ। ਜਿਨ੍ਹਾਂ ਨੂੰ ਦੇਖ ਕੇ ਹਰ ਇਕ ਦਾ ਦਿਲ ਕੰਬਦਾ ਹੈ। ਗੰਭੀਰ ਜ਼ਖ਼ਮੀ ਹੋਏ ਕਿਸਾਨ ਸੁਸ਼ੀਲ ਕਾਜਲ ਦੀ ਮੌਤ ਹੋ ਗਈ।

ਇਸ ਦੇ ਪ੍ਰਤੀਕਰਮ ਵਿੱਚ ਕਿਸਾਨਾਂ ਨੇ ਦੇਸ਼ ਭਰ ਖ਼ਾਸ ਤੌਰ ‘ਤੇ ਹਰਿਆਣਾ, ਪੰਜਾਬ ਤੇ ਯੂਪੀ ਵਿਚ ਸੜਕਾਂ ਜਾਮ ਕਰ ਦਿੱਤੀਆਂ। ਇਸ ਰੋਹ ਅੱਗੇ ਝੁਕਦਿਆਂ ਹਿਰਾਸਤ ਵਿੱਚ ਲਏ ਕਿਸਾਨਾਂ ਨੂੰ ਛੱਡ ਦਿੱਤਾ ਗਿਆ। ਗੌਰਤਲਬ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉਪਰ ਐਤਵਾਰ ਨੂੰ 12 ਤੋਂ 2 ਵਜੇ ਤੱਕ ਸੜਕਾਂ ਜਾਮ ਕਰ ਦਿੱਤੀਆਂ ਗਈਆਂ ਸਨ।

ਕਿਸਾਨ ਅੰਦੋਲਨ ਨੌਂ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ਉਪਰ ਚੱਲ ਰਿਹਾ ਹੈ। ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨ ਵਾਪਸ ਕਰਵਾਉਣ ਅਤੇ ਘੱਟੋ-ਘੱਟ ਸਮਰਥਨ ਮੁੱਲ ਤੇ ਫ਼ਸਲਾਂ ਦੀ ਖ਼ਰੀਦ ਦੀ ਗਾਰੰਟੀ ਲਈ ਲੜਿਆ ਜਾ ਰਿਹਾ ਅੰਦੋਲਨ ਪੂਰੀ ਤਰ੍ਹਾਂ ਸ਼ਾਂਤਮਈ ਚੱਲ ਰਿਹਾ ਹੈ। ਇਥੋਂ ਤਕ ਕਿ ਸੁਪਰੀਮ ਕੋਰਟ ਨੇ ਵੀ ਕਿਸਾਨਾਂ ਦੇ ਸ਼ਾਂਤਮਈ ਅੰਦੋਲਨ ਦੀ ਸ਼ਲਾਘਾ ਕੀਤੀ ਗਈ ਹੈ। ਕਿਸਾਨਾਂ ਦਾ ਪੂਰੇ ਵਿਸ਼ਵ ਵਿਚ ਕਿਸਾਨ ਅੰਦੋਲਨ ਦੀ ਤਾਰੀਫ ਹੋ ਰਹੀ ਹੈ। ਪਰ ਕੇਂਦਰ ਦੀ ਮੋਦੀ ਤੇ ਹਰਿਆਣਾ ਦੀ ਖੱਟਰ ਸਰਕਾਰ ਨੇ ਸ਼ੁਰੂ ਤੋਂ ਹੀ ਕਿਸਾਨਾਂ ਨਾਲ ਟਕਰਾਅ ਵਾਲਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਹੋਈ ਹੈ।

Share This Article
Leave a Comment