ਕਰਤਾਰ ਸਿੰਘ ਸਰਾਭਾ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਕਿਉਂ ਮੰਨਦੇ ਸਨ ਆਪਣਾ ਆਦਰਸ਼

TeamGlobalPunjab
7 Min Read

ਕਰਤਾਰ ਸਿੰਘ ਸਰਾਭਾ ਦਾ ਜਨਮ 24 ਮਈ 1896 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਮੰਗਲ ਸਿੰਘ ਅਤੇ ਮਾਤਾ ਸਾਹਿਬ ਕੌਰ ਸਨ। ਕਰਤਾਰ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਉਸਦੇ ਸਾਥੀਆਂ ਨੂੰ ਫਾਂਸੀ ਦਾ ਰੱਸਾ ਚੁੰਮਣ ਦੇ 105 ਸਾਲ ਹੋ ਚੁੱਕੇ ਹਨ। ਉਹ ਅੱਜ ਵੀ ਸਮੁੱਚੇ ਭਾਰਤ ਦੇ ਲੁੱਟ, ਬੇਇਨਸਾਫੀ ਖਿਲਾਫ ਜੂਝ ਰਹੇ ਲੋਕਾਂ ਲਈ ਮੁਕਤੀ ਦਾ ਚਿੰਨ੍ਹ ਬਣੇ ਹੋਏ ਹਨ।

ਉਨ੍ਹਾਂ ਦੀ ਸ਼ਹਾਦਤ ਦੇ ਮੌਕੇ ‘ਤੇ ਉਹਨਾਂ ਦੀ ਵਿਰਾਸਤ ਦੇ ਚਿਰਾਗ ਘਰ-ਘਰ ਬਾਲਣੇ ਸਮੇਂ ਦੀ ਅਹਿਮ ਲੋੜ ਹੈ। ਕਰਤਾਰ ਸਿੰਘ ਸਰਾਭਾ 1912 ਵਿੱਚ ਉਚ ਸਿੱਖਿਆ ਲਈ ਅਮਰੀਕਾ ਚਲੇ ਗਏ। ਉਥੇ ਉਨ੍ਹਾਂ ਭਾਰਤੀ ਲੋਕਾਂ ਨਾਲ ਹੁੰਦੀ ਬਦਸਲੂਕੀ, ਨਫ਼ਰਤ ਵੇਖੀ ਤਾਂ ਉਨ੍ਹਾਂ ਦਾ ਦਿਲ ਪਸੀਜ ਗਿਆ ਤੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਹੋਣ ਦਾ ਜਜ਼ਬਾ ਉਨ੍ਹਾਂ ਅੰਦਰ ਉਬਾਲੇ ਖਾਣ ਲੱਗਾ।

ਬਾਬਾ ਸੋਹਨ ਸਿੰਘ ਭਕਨਾ, ਵਿਸਾਖਾ ਸਿੰਘ, ਜਵਾਲਾ ਸਿੰਘ ਤੇ ਸੰਤੋਖ ਸਿੰਘ ਨਾਲ ਮਿਲ ਕੇ ‘ਹਿੰਦੀ ਐਸੋਸ਼ੀਸਨ ਆਫ ਅਮਰੀਕਨ ਪੈਸਫਿਕ ਕੋਸਟ’ ਨਾਂ ਦੀ ਜਥੇਬੰਦੀ ਬਣਾਈ ਜੋ ਗਦਰ ਪਾਰਟੀ ਨਾਲ ਮਸ਼ਹੂਰ ਹੋਈ। ਇਕ ਨਵੰਬਰ ਨੂੰ ਗਦਰ ਅਖ਼ਬਾਰ ਦਾ ਪਹਿਲਾ ਅੰਕ ਕੱਢਿਆ ਗਿਆ। ‘ਗਦਰ’ ਨੂੰ ਛਾਪਣ ਦੀ ਜਿੰਮੇਵਾਰੀ ਸਰਾਭਾ ਦੀ ਸੀ। 1914 ਦੇ ਅੰਤ ‘ਤੇ ਗਦਰ ਕਰਨ ਲਈ ਵਾਪਸ ਭਾਰਤ ਆ ਗਏ।

ਗਦਰ ਫੇਲ ਹੋਣ ‘ਤੇ ਗ੍ਰਿਫਤਾਰੀਆਂ ਦਾ ਦੌਰ ਸ਼ੁਰੂ ਹੋਇਆ ਤਾਂ ਫਿਰ ਵੀ ਉਹ ਜੋਸ਼ ਨਾਲ ਨਵੀਆਂ ਤਿਆਰੀਆਂ ਵਿੱਚ ਲੱਗੇ ਰਹੇ। ਉਨ੍ਹਾਂ ‘ਚ ਗੁਣ ਸੀ ਕਿ ਉਹ ਫੌਜੀ ਛਾਉਣੀਆਂ ਵਿੱਚ ਭੇਸ ਬਦਲ ਕੇ ਪੁਲਿਸ ਨੂੰ ਧੋਖਾ ਦੇ ਕੇ ਅੱਗੇ ਨਿਕਲ ਜਾਂਦੇ ਸਨ।

ਕਰਤਾਰ ਸਿੰਘ ਸਰਾਭਾ, ਜਿਨ੍ਹਾਂ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਵੀ ਆਪਣਾ ਆਦਰਸ਼ ਮੰਨਦੇ ਸਨ। ਇਹ ਵੀ ਕਿਹਾ ਜਾਂਦਾ ਹੈ ਕਿ ਭਗਤ ਸਿੰਘ, ਕਰਤਾਰ ਸਿੰਘ ਸਰਾਭੇ ਦੀ ਫੋਟੋ ਹਮੇਸ਼ਾਂ ਆਪਣੀ ਜੇਬ ਵਿੱਚ ਰੱਖਦੇ ਸਨ। ਨਿੱਕੀ ਉਮਰ ਵਿੱਚ ਜਿੰਨੇ ਹੈਰਾਨੀਜਨਕ ਕੰਮ ਕੀਤੇ ਉਹ ਅੱਜ ਵੀ ਪ੍ਰੇਰਨਾਦਈ ਤੇ ਗੌਰਵਪੂਰਨ ਹਨ। ਅਖ਼ਬਾਰ ਕੱਢਣ, ਉਸ ਨੂੰ ਲਿਖਣ, ਲੋਕਾਂ ਤਕ ਲਿਜਾਣ, ਗਦਰ ਦਾ ਸੁਨੇਹਾ ਪਹੁੰਚਾਉਣ ਤੇ ਫੰਡ ਇਕੱਠਾ ਕਰਨ ਵਿੱਚ ਉਹ ਅੱਗੇ ਰਹੇ। ਸਾਹਨੇਵਾਲ ਦੇ ਡਾਕੇ ਸਮੇਂ ਇਕ ਸਾਥੀ ਵੱਲੋਂ ਕੁੜੀ ‘ਤੇ ਮਾੜੀ ਨਜ਼ਰ ਰੱਖਣ ‘ਤੇ ਉਸਨੇ ਪਿਸਤੌਲ ਤਾਣ ਕੇ ਮਾਫੀ ਮੰਗਣ ‘ਤੇ ਮਜਬੂਰ ਕੀਤਾ।

ਬਾਬਾ ਸੋਹਣ ਸਿੰਘ ਭਕਨਾ ਨੇ ਕਿਹਾ ਸੀ ਕਿ ਇਤਿਹਾਸ ਵਿੱਚ ਏਨੀ ਛੋਟੀ ਉਮਰ ਸਾਢੇ 19 ਸਾਲ ਵਿੱਚ ਸ਼ਾਇਦ ਹੀ ਕੋਈ ਜਰਨੈਲ ਮਿਲੇ ਜੋ ਕਰਤਾਰ ਸਿੰਘ ਸਰਾਭਾ ਦਾ ਸਾਨੀ ਹੋਵੇ। ਉਸ ਦੀ ਵਿਦਿਆ ਬੇਸ਼ਕ ਐਫ ਏ ਸੀ ਪਰ ਅੰਗਰੇਜ਼ੀ, ਉਰਦੂ, ਹਿੰਦੀ ਤੇ ਪੰਜਾਬੀ ਚੰਗੀ ਤਰ੍ਹਾਂ ਲਿਖ ਪੜ ਸਕਦਾ ਸੀ।

ਸ਼ਹੀਦ ਕਰਤਾਰ ਸਿੰਘ ਸਰਾਭਾ ਦੇਸ ਵਾਸੀਆਂ ਦੇ ਨਾਂ ਲਿਖੀ ਕਵਿਤਾ ਜੋਸ਼ ਭਰ ਦਿੰਦੀ ਹੈ:
“ਕੁਝ ਮਰ ਗਏ ਹਾਂ ਕੁਝ ਜੇਲ੍ਹ ਚੱਲੇ, ਪਿਛੋਂ ਤੁਸਾਂ ਨਾ ਮੁੱਖ ਪਰਤਾ ਜਾਣਾ। ਕਦੇ ਦੇਖ ਸ਼ਹੀਦਾਂ ਦੀ ਕਬਰ ਵਲ, ਦੋ ਦੋ ਫੁਲ ਪਰੇਮ ਦੇ ਪਾ ਜਾਣਾ।”
ਇਸੇ ਤਰ੍ਹਾਂ ਗਦਰ ਅਖਬਾਰ ਵਿੱਚ ਛਪੀ ਕਵਿਤਾ : “ਮੁਸਲਮਾਨ, ਹਿੰਦੂ ਅਤੇ ਖਾਲਸਾ ਜੀ, ਇਕ ਦੂਜੇ ਦੇ ਯਾਰ ਹੋ ਜੇ। ਮੰਨ ਲਉ ਤੁਸੀਂ ਗਦਰ ਦੀ ਬੇਨਤੀ ਨੂੰ, ਗਦਰ ਕਰਨ ਨੂੰ ਝਟ ਤਿਆਰ ਹੋ ਜੇ। ਸਾਡੇ ਵੀਰਨੋ, ਤੁਸੀਂ ਬੇਖਬਰ ਰਹਿਣਾ, ਅਸੀਂ ਆਪਣੇ ਹੱਥ ਵਿਖਾ ਦਿਆਂਗੇ। ਚੁੱਪ ਚਾਪ ਨਹੀ ਬੈਠ ਕੇ ਵੇਖ ਲੈਣਾ, ਆਫਤ ਕੋਈ ਨਾ ਕੋਈ ਲਿਆ ਦਿਆਂਗੇ। ਜਿਉਂਦੀ ਜਾਨ ਨਹੀਂ ਕਦੇ ਵੀ ਪਿਛਾਂਹ ਹਟਦੇ, ਜਿੰਨਾ ਜ਼ੋਰ ਲਗੂ ਵਾਹ ਲਾ ਦਿਆਂਗੇ। ਅਸੀਂ ਤਲੀ ਪਰ ਰੱਖਿਆ ਸੀਸ ਆਪਣਾ, ਕੇਰਾਂ ਹਿੰਦ ਵਿੱਚ ਗਦਰ ਮਚਾ ਦਿਆਂਗੇ। ਕਦੇ ਮੰਗਿਆ ਮਿਲਣ ਅਜਾਦੀਆਂ ਨਾ, ਹੁੰਦੇ ਤਰਲਿਆਂ ਨਾਲ ਨਾ ਰਾਜ ਲੋਕੋ। ਗੱਲਾਂ ਨਾਲ ਨਾ ਗੁਲਾਮੀ ਦੂਰ ਹੋਵੇ, ਸ਼ਾਂਤਮਈ ਨਾ ਕੋਈ ਇਲਾਜ ਲੋਕੋ। ਤਰਲੇ ਕਰਦਿਆਂ ਨਹੀਂ ਇਨਸਾਫ ਮਿਲਦਾ, ਜਾਲਮ ਬਾਦਸ਼ਾਹ ਨੀਚ ਬਦਕਾਰ ਕੋਲੋ। ਵੈਰੀ ਮਿੰਨਤਾਂ ਨਾਲ ਨਾ ਸੂਤ ਆਉਂਦਾ, ਠੀਕ ਹੋਵੇਗਾ ਖੰਡੇ ਦੀ ਧਾਰ ਕੋਲੋਂ। ਕਰੋ ਨਾ ਮਿੰਨਤ ਐਵੇਂ ਬਣੋ ਕਾਇਰ ਨਾ, ਫੜੋ ਤਲਵਾਰ ਇਹਨਾਂ ਨਹੀਂ ਠਹਿਰ ਨਾ। ਅਗੇ ਵੀਰੋ ਅਰਜੀਆਂ ਨੇ ਕੀ ਬਣਾ ਲਿਆ, ਜਾਲਮ ਫਰੰਗੀਆਂ ਨੇ ਦੇਸ਼ ਖਾ ਲਿਆ।”

ਸ਼ਹੀਦ ਕਰਤਾਰ ਸਿੰਘ ਸਰਾਭੇ ਦਾ ਬਚਪਨ ਵਿੱਚ ਮਾਪਿਆਂ ਦਾ ਸਾਇਆ ਸਿਰ ਤੋਂ ਉਠਣ ਤੇ ਦਾਦਾ ਬਦਨ ਸਿੰਘ ਨੇ ਪਾਲਣ ਪੋਸ਼ਣ ਕੀਤਾ। ਮਾਲਵਾ ਖਾਲਸਾ ਸਕੂਲ ਲੁਧਿਆਣਾ ਤੋਂ ਦਸਵੀਂ, ਕਟਕ ਉੜੀਸਾ ਤੋਂ ਗਿਆਰਵੀਂ ਕਰਨ ਤੇ ਉਚੇਰੀ ਪੜਾਈ ਲਈ 1908 ਵਿੱਚ ਅਮਰੀਕਾ ਪਿੰਡ ਦੇ ਰੁਲੀਆ ਸਿੰਘ ਕੋਲ ਪਹੁੰਚ ਗਿਆ। ਉਥੇ ਪਹਿਲਾਂ ਬਾਬਾ ਜਵਾਲਾ ਸਿੰਘ ਠੱਠੀਆਂ ਤੋਂ ਦੇਸ਼ ਅਜ਼ਾਦੀ ਦੀ ਚਿਣਗ ਲੱਗੀ, ਨਸਲੀ ਵਿਤਕਰੇ, ਪ੍ਰਵਾਸ ਦੇ ਸਖਤ ਨਿਯਮਾਂ ਤੇ ਸਰਕਾਰੀ ਧੱਕੇਸ਼ਾਹੀਆਂ ਨੇ ਇਕੱਠੇ ਹੋ ਕੇ ਅਜ਼ਾਦੀ ਲਈ ਸੋਚਣ ਤੇ ਮਜਬੂਰ ਕਰ ਦਿੱਤਾ। ਕੁਝ ਦੇਸ਼ ਭਗਤਾਂ ਵੱਲੋਂ ਕਈ ਸੰਸਥਾਵਾ ਬਣਾਈਆਂ ਤੇ ਕਈ ਅਖਬਾਰ ਰਸਾਲੇ ਕਢੇ ਜਾਂਦੇ ਸਨ। 1911 ਵਿੱਚ ਲਾਲਾ ਹਰਦਿਆਲ, ਬਾਬਾ ਜਵਾਲਾ ਸਿੰਘ ਤੇ ਭਾਈ ਪਰਮਾਨੰਦ ਸਿੰਘ ਨੇ ‘ਇੰਡੀਅਨ ਸਟੂਡੈਂਟ ਕਲਬ’ ਬਣਾਇਆ ਜਿਸਦਾ ਮਕਸਦ ਵਿਦਿਆਰਥੀਆਂ ਨੂੰ ਚੇਤੰਨ ਕਰਨਾ ਸੀ। 21-4-1913 ਨੂੰ ‘ਹਿੰਦੀ ਐਸੋਸ਼ੀਸਨ ਆਫ ਪੈਸੇਫਿਕ ਕੋਸਟ’ ਸੰਸਥਾ ਬਣਾਈ ਜਿਸ ਦੇ ਸੰਸਥਾਪਕ ਮੈਂਬਰਾਂ ਵਿੱਚ ਕਰਤਾਰ ਸਿੰਘ ਸਰਾਭਾ ਵੀ ਸੀ।

‘ਗਦਰ’ ਅਖਬਾਰ ਦਾ ਪਹਿਲਾ ਅੰਕ ਨਿਕਲਣ ਤੋਂ ਬਾਅਦ ਇਸ ਸੰਸਥਾ ਦਾ ਨਾਂ ਗਦਰ ਪਾਰਟੀ ਪੈ ਗਿਆ। 4-8-1914 ਨੂੰ ਵਿਸ਼ਵ ਯੁੱਧ ਲਗਣ ‘ਤੇ ਗਦਰ ਪਾਰਟੀ ਨੇ ਭਾਰਤ ਦੀ ਅਜਾਦੀ ਲਈ ਹਥਿਆਰਬੰਦ ਗਦਰ ਮਚਾਉਣ ਹਿਤ ਮੈਂਬਰਾਂ ਨੂੰ ‘ਹਿੰਦ ਨੂੰ ਚਲੋ’ ਦਾ ਨਾਹਰਾ ਦਿੱਤਾ। 29 ਅਗਸਤ ਨੂੰ ਗਦਰੀਆਂ ਦਾ ਵੱਡਾ ਜਥਾ ਤੇ 15-16 ਸਤੰਬਰ ਨੂੰ ਸਰਾਭਾ ਵੀ ਕਾਬਲ ਦੇ ਰਸਤੇ ਹਿੰਦ ਪਹੁੰਚ ਗਏ। ਗਦਰ ਕਰਨ ਲਈ ਗਦਰੀ ਸਾਹਿਤ ਛਾਪਣ ਤੇ ਵੰਡਣ, ਪ੍ਰਚਾਰ ਕਰਨ, ਫੰਡ ਤੇ ਹਥਿਆਰ ਇਕੱਠਾ ਕਰਨ ਲਈ ਫੌਜੀ ਛਾਉਣੀਆਂ ਵਿੱਚ ਆਪਣੇ ਸਾਥੀਆਂ ਨਾਲ ਘੁੰਮਦੇ ਰਹੇ। ਹਰ ਰੋਜ 40-50 ਮੀਲ ਸਾਈਕਲ ਚਲਾ ਕੇ ਦੂਰ ਦੂਰ ਪ੍ਰਚਾਰ ਕੀਤਾ। ਕਿਰਪਾਲ ਸਿੰਘ ਦੀ ਗਦਾਰੀ ਕਾਰਨ 18 ਫਰਵਰੀ ਨੂੰ ਗ੍ਰਿਫਤਾਰੀਆਂ ਸ਼ੁਰੂ ਹੋਈਆਂ ਤਾਂ ਸਰਾਭਾ ਰਾਸ ਬਿਹਾਰੀ ਬੋਸ ਨੂੰ ਬਨਾਰਸ ਦੀ ਰੇਲ ਚੜਾ ਕੇ ਆਪ ਕਾਬਲ ਵੱਲ ਚੱਲ ਪਿਆ।

ਗੰਡਾ ਸਿੰਘ ਰਸਾਲਦਾਰ ਨੇ ਗਦਾਰੀ ਕਰਕੇ ਸਰਾਭਾ, ਜਗਤ ਸਿੰਘ ਸੁਰ ਸਿੰਘ ਤੇ ਹਰਨਾਮ ਸਿੰਘ ਟੁੰਡੀ ਲਾਟ ਨੂੰ ਫੜਾ ਦਿੱਤਾ। 26-4-1915 ਨੂੰ ਪਹਿਲਾ ਲਾਹੌਰ ਸ਼ਾਜਿਸ ਮੁਕੱਦਮਾ ਸ਼ੁਰੂ ਹੋਇਆ। ਜਿਸ ਵਿੱਚ 63 ਗਦਰੀ ਹਾਜ਼ਰ ਤੇ 18 ਭਗੌੜੇ ਸਨ। ਸਰਾਭਾ ਨੇ ਅਦਾਲਤ ਵਿਚ ਜੁੰਮੇਵਾਰੀ ਲੈਂਦੇ ਕਿਹਾ, “ਹਾਂ ਅਸੀਂ ਕੋਈ ਸ਼ਾਜਿਸ ਨਹੀਂ ਰਚੀ, ਅਸੀਂ ਡੰਕੇ ਦੀ ਚੋਟ ‘ਤੇ ਦੇਸ਼ ਵਿਚੋਂ ਸਾਮਰਾਜੀ ਹੁਕਮਰਾਨਾਂ ਦੀ ਤਾਕਤ ਨੂੰ ਬਗਾਵਤ ਦਾ ਚੈਲਿੰਜ ਦਿੱਤਾ ਸੀ ਤੇ ਸਾਨੂੰ ਆਪਣੀ ਕੋਸ਼ਿਸ ‘ਤੇ ਮਾਣ ਹੈ। ਅਸੀਂ ਅਜਿਹੀ ਲੋਅ ਜਗਾ ਚੱਲੇ ਹਾਂ ਕਦੇ ਨਹੀਂ, ਕਦੇ ਨਹੀਂ ਬੁਝੇਗੀ।” ਜੱਜ ਨੇ ਕਿਹਾ ਤੈਨੂੰ ਪਤਾ ਹੈ ਇਸਦਾ ਕੀ ਨਤੀਜਾ ਹੈ ? “ਹਾਂ, ਮੌਤ”। ਅਗਲੇ ਦਿਨ ਦੁਬਾਰਾ ਸਰਾਭੇ ਨੇ ਕਿਹਾ, “ਮੈਂ ਕੋਈ ਜੁਰਮ ਨਹੀਂ ਕੀਤਾ, ਗੁਲਾਮ ਦਾ ਹੱਕ ਹੈ ਕਿ ਉਹ ਬਗਾਵਤ ਕਰੇ।” 16-11-1915 ਨੂੰ ਛੇ (ਕੁਲ 7) ਸਾਥੀਆਂ ਵਿਸ਼ਨੂੰ ਗਣੇਸ਼ ਪਿੰਗਲੇ ਪੂਨਾ, ਸੁਰੈਣ ਸਿੰਘ ਵੱਡਾ ਤੇ ਛੋਟਾ ਗਿਲਵਾਲੀ, ਹਰਨਾਮ ਸਿੰਘ ਸਿਆਲਕੋਟ, ਬਖਸ਼ੀਸ ਸਿੰਘ ਗਿਲਵਾਲੀ, ਜਗਤ ਸਿੰਘ ਸੁਰ ਸਿੰਘ ਸਮੇਤ ਸਰਾਭੇ ਨੇ ਲਾਹੌਰ ਜੇਲ੍ਹ ਵਿੱਚ ਫਾਂਸੀ ਦੇ ਰੱਸੇ ਨੂੰ ਚੁੰਮ ਲਿਆ। ਆਜ਼ਾਦੀ ਦੇ ਇਸ ਪਰਵਾਨੇ ਨੂੰ ਪ੍ਰਣਾਮ।

-ਅਵਤਾਰ ਸਿੰਘ

Share This Article
Leave a Comment