ਅਵਤਾਰ ਸਿੰਘ
ਕਾਮਰੇਡ ਲੈਨਿਨ ਦੇ ਵਿਚਾਰ ਅਨੁਸਾਰ ਲੋਕਾਂ ਦੀ ਕੰਗਾਲੀ ਨੂੰ ਖਤਮ ਕਰਨ ਦਾ ਇਕੋ ਇਕ ਤਰੀਕਾ ਦੇਸ਼ ਭਰ ਵਿਚ ਮੌਜੂਦਾ ਨਿਜ਼ਾਮ ਨੂੰ ਧੁਰ ਉਪਰ ਤੋਂ ਲੈ ਕੇ ਧੁਰ ਹੇਠਾਂ ਤਕ ਬਦਲਣਾ ਹੈ। ਨਿਜੀ ਜਾਇਦਾਦ ਖਤਮ ਕਰਕੇ ਸੋਸ਼ਲਿਸਟ ਨਿਜ਼ਾਮ ਸਥਾਪਿਤ ਕਰਨਾ ਹੈ। ਇਨਕਲਾਬੀ ਸਿਧਾਂਤ ਤੋਂ ਬਿਨਾਂ ਇਨਕਲਾਬੀ ਲਹਿਰ ਨਹੀਂ ਉਸਰ ਸਕਦੀ। ਸਰਮਾਏਦਾਰ ਤੇ ਅਰਧ ਸਰਮਾਏਦਾਰ ਸਮਾਜ ਵਿਚ ਬੁਰਜੂਆਜੀ, ਪੈਟੀ-ਬੁਰਜੂਆਜੀ (ਕਿਸਾਨੀ) ਤੇ ਪਰਲੋਤਾਰੀ ਤਿੰਨ ਜਮਾਤਾਂ ਹੁੰਦੀਆਂ ਹਨ। ਇਨਕਲਾਬ ਹਰ ਦੇਸ ਵਿਚ ਆਪਣੇ ਤਰੀਕੇ ਨਾਲ ਅੱਗੇ ਵਧਦਾ ਹੈ ਅਤੇ ਰਾਹ ਵੱਖ ਵੱਖ ਹੁੰਦੇ ਹਨ, ਸਾਲ ਦੋ ਸਾਲ ਤੇ ਕਈ ਵਾਰ ਜਿਆਦਾ ਸਮਾਂ ਲਗ ਜਾਂਦਾ ਹੈ।
22 ਅਪ੍ਰੈਲ 1969 ਨੂੰ ਕਾਮਰੇਡ ਲੈਨਿਨ ਦੇ ਜਨਮ ‘ਤੇ ਕਲਕੱਤਾ, ਪੱਛਮੀ ਬੰਗਾਲ ਵਿਚ ਕਾਮਰੇਡ ਕਾਨੂੰ ਸਨਿਆਲ ਨੇ ਇਕ ਵੱਡੀ ਰੈਲੀ ਵਿਚ ਮਾਰਕਸ-ਲੈਨਿਨ ਤੇ ਮਾਉ ਜੇ ਤੁੰਗ ਦੇ ਵਿਚਾਰਾਂ ‘ਤੇ ਅਧਾਰਤ ਕਮਿਉਨਿਸਟ ਪਾਰਟੀ ਆਫ ਮਾਓਵਾਦੀ ਲੈਨਿਨਵਾਦੀ (CPML) ਦੀ ਸਥਾਪਨਾ ਦਾ ਐਲਾਨ ਕੀਤਾ। ਇਸ ਦੇ ਜਨਰਲ ਸਕੱਤਰ ਕਾਮਰੇਡ ਚਾਰੂ ਮਜੂਮਦਾਰ ਬਣੇ, ਆਂਧਰਾ ਪ੍ਰਦੇਸ਼ ਦੇ ਟੀ ਨਾਗਾਰੈਡੀ ਸਰਗਰਮ ਕਮੇਟੀ ਮੈਂਬਰ ਸਨ।
1964 ਵਿਚ ਕਮਿਉਨਿਸਟ ਪਾਰਟੀ ਆਫ ਇੰਡੀਆ (CPI) ਵਿਚ ਦੁਫੇੜ ਪੈਣ ‘ਤੇ ਕਮਿਉਨਿਸਟ ਪਾਰਟੀ ਆਫ ਮਾਰਕਸਿਸਟ (CPM) ਬਣੀ। ਸੀ ਪੀ ਆਈ ਨੇ ਰੂਸ ਤੇ ਸੀ ਪੀ ਐਮ ਨੇ ਚੀਨ ਪੱਖੀ ਸਟੈਂਡ ਲੈਣਾ ਸ਼ੁਰੂ ਕਰ ਦਿੱਤਾ।
1967 ਵਿਚ ਚਲ ਰਹੀ ਸੀ ਪੀ ਐਮ ਦੀ ਸਾਂਝੀ ਸਰਕਾਰ ਕੇਂਦਰ ਵਲੋਂ ਤੋੜ ਦਿਤੀ ਗਈ। 1969 ਵਿਚ ਚੋਣਾਂ ਮਗਰੋਂ ਬੰਗਾਲ ਅੰਦਰ ਸੀ ਪੀ ਐਮ ਦੀ ਨਿਰੋਲ ਸਰਕਾਰ ਬਣੀ। ਇਸ ਤੋਂ ਕੁਝ ਚਿਰ ਪਹਿਲਾਂ ਪਛਮੀ ਬੰਗਾਲ ਦੇ ਉਤਰੀ ਹਿਸੇ ਦੇ ‘ਨਕਸਲਬਾੜੀ ਕਸਬੇ’ ਵਿਚ ਲੋਕਾਂ ਦਾ ਭਾਰਤੀ ਰਾਜ ਨਾਲ ਹਿੰਸਕ ਟਕਰਾਅ ਸ਼ੁਰੂ ਹੋ ਚੁਕਾ ਸੀ, ਸੀ ਪੀ ਐਮ ‘ਚੋਂ ਨਿਕਲ ਕੇ ਨਵੀਂ ਬਣੀ ਪਾਰਟੀ ਸੀ ਪੀ ਐਮ ਐਲ (ਕਮਿਊਨਿਸਟ ਪਾਰਟੀ ਆਫ ਮਾਓਵਾਦੀ ਲੈਨਿਨਵਾਦੀ) ਪਾਰਲੀਮੈਂਟਰੀ ਦਾ ਰਾਹ ਛਡ ਕੇ ਹਥਿਆਰਬੰਦ ਘੋਲ ਦੇ ਰਾਹ ਪੈ ਗਈ।
ਇਸ ਪਾਰਟੀ ਨੂੰ ਨਕਸਲੀ/ਨਕਸਲਬਾੜੀ ਕਿਹਾ ਜਾਣ ਲਗਾ। ਇਸ ਦਾ ਜਿਆਦਾ ਪ੍ਰਭਾਵ ਛਤੀਸਗੜ, ਝਾਰਖੰਡ,ਤਿਲੰਗਾਨਾ, ਆਂਧਰਾ ਪ੍ਰਦੇਸ਼, ਉੜੀਸਾ, ਬਿਹਾਰ ਤੋਂ ਇਲਾਵਾ ਮੱਧ ਪ੍ਰਦੇਸ਼ ਤੇ ਮਹਾਂਰਾਸ਼ਟਰ ਦੇ ਕੁਝ ਜਿਲਿਆਂ ਵਿਚ ਹੈ।
ਇਸ ਪਾਰਟੀ ਦਾ ਪ੍ਰਭਾਵ ਭਾਰਤ ਦੇ ਦੂਜੇ ਰਾਜਾਂ ਵਾਂਗ 1969-70 ਵਿਚ ਪੰਜਾਬ ਉਪਰ ਵੀ ਪਿਆ ਸੀ ਤੇ ਉਸ ਸਮੇਂ ਅਕਾਲੀ ਸਰਕਾਰ ਸੀ, ਇਸ ਲਹਿਰ ਵਿਚ 70 ਦੇ ਕਰੀਬ ਨੌਜਵਾਨਾਂ ਨੇ ਆਪਣੀਆਂ ਜਾਨਾਂ ਦਿਤੀਆਂ ਤੇ ਕਈਆਂ ਨੂੰ (ਗਦਰੀ ਬਾਬਾ ਬੂਝਾ ਸਿੰਘ 70 ਸਾਲਾ ਸਮੇਤ) ਸਰਕਾਰ ਨੇ ਝੂਠੇ ਮੁਕਾਬਲਿਆਂ ‘ਚ ਮਾਰ ਦਿੱਤਾ ਗਿਆ।
ਦੇਸ ਵਿਚ ਭਾਰਤੀ ਲੋਕਤੰਤਰ ਨੂੰ ਸਫਲ ਦੱਸਣ ਲਈ ਵਿਦਵਾਨਾਂ ਦੀ ਘਾਟ ਨਹੀਂ, ਦੂਜੇ ਪਾਸੇ ਮਾਉਵਾਦ ਦੇ ਹਮਾਇਤੀ ਵਿਦਵਾਨਾਂ ਤੇ ਵਿਸ਼ੇਸ਼ਲਕਾਂ ਦੀ ਵੀ ਕਮੀ ਨਹੀਂ ਜੋ ਲਗਾਤਾਰ ਦਾਅਵਾ ਕਰ ਰਹੇ ਹਨ ਕਿ ਇਕ ਦਿਨ ਇਸ ਨਿਜ਼ਾਮ ਨੂੰ ਮਾਉਵਾਦ ਢਹਿ ਢੇਰੀ ਕਰ ਦੇਵੇਗਾ। ਕੁਝ ਸਾਲ ਬਾਅਦ ਲਹਿਰ ਚਲਣ ਪਿਛੋਂ ਕਮਜੋਰ ਹੋ ਗਈ ਕਿਉਕਿ ਇਸ ਪਾਰਟੀ ਦੇ ਵੱਖਰੇ ਵੱਖਰੇ ਗਰੁੱਪ ਹੋਂਦ ਵਿਚ ਆ ਗਏ। ਕੋਈ ਪਾਰਲੀਮੈਂਟ ਦੇ ਰਾਹ (ਜਿਹੜੀ ਸਰਕਾਰ ਲੋਕਾਂ ਦੀ ਹੋਵੇ, ਲੋਕਾਂ ਦੁਆਰਾ ਤੇ ਲੋਕਾਂ ਵਾਸਤੇ ਹੋਵੇ), ਕੋਈ ਹਥਿਆਰਬੰਦ ਘੋਲ (ਇਨਕਲਾਬ ਬੰਦੂਕ ਦੀ ਨਾਲੀ ਵਿਚੋਂ ਨਿਕਲਦਾ ਹੈ-ਕਾ ਮਾਓ ਜੇ ਤੁੰਗ) ਤੇ ਕੋਈ ਮਜਦੂਰ, ਮੁਲਾਜਮ, ਕਿਸਾਨਾਂ ਦੀਆਂ ਜਨਤਕ ਜਥੇਬੰਦੀਆਂ ਬਣਾ ਕੇ ਜਨਤਕ ਲਹਿਰਾਂ ਨੂੰ ਉਸਾਰ ਕੇ ਇਨਕਲਾਬ ਲਈ ਜੂਝ ਰਿਹਾ ਹੈ, ਉਦੇਸ਼ ਸਾਰਿਆਂ ਦਾ ਇਕੋ ਹੈ।ਵੱਖ ਵੱਖ ਖਿਤਿਆਂ ਵਿਚ ਵੱਖ ਵੱਖ ਵਿਰੋਧ ਹੋਣ ਨਾਲ ਆਪੋ ਆਪਣੇ ਢੰਗਾਂ ਨਾਲ ਸਮਾਜ ਨੂੰ ਬਦਲਣ ਵਾਸਤੇ ਲੜ ਰਹੇ ਹਨ।