ਕੈਪਟਨ ਦੇ ‘ਮੂਰਖ’ ਤੇ ਬਾਜਵਾ ਦੇ ‘ਸ਼ੈਤਾਨ’ ਦੇ ਆਪਸ ‘ਚ ਫੱਸ ਗਏ ਸਿੰਗ, ਪ੍ਰਤਾਪ ਬਾਜਵਾ ਦੇ ਘੁੰਮ ਕੇ ਕੀਤੇਇਸ ਵਾਰ ਨੇ ਸਾਰੇ ਕਰਤੇ ਹੈਰਾਨ!

TeamGlobalPunjab
4 Min Read

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਚੱਲ ਰਿਹਾ ‘ਅਖਬਾਰ ਦੀ ਸੁਰਖੀ’ ਵਿਵਾਦ ਹੁਣ ਆਪਣੀ ਚਰਮ ਸੀਮਾ ‘ਤੇ ਪਹੁੰਚ ਗਿਆ ਹੈ।ਇਸ ਸਬੰਧ ‘ਚ ਬੀਤੀ ਕੱਲ੍ਹ ਕੈਪਟਨ ਅਮਰਿੰਦਰ ਸਿੰਘ ਨੇ ਜਿੱਥੇ ਇੱਕ ‘ਅੰਗ੍ਰਜ਼ੀ ‘ਅਖਬਾਰ ‘ਚ ਲੱਗੀ ਉਨ੍ਹਾਂ ਦੀ ਇੱਕ ਇੰਟਰਵਿਊ ਦੇ ਅਧਾਰ ‘ਤੇ ਬਾਜਵਾ ਵਲੋਂ ਮੀਡੀਆ ‘ਚ ਸ਼ਰੇਆਮ ਕੀਤੀ ਗਈ ਨਿੰਦਾ ਨੂੰ ਬਾਜਵਾ ਦਾ ਮੂਰਖਤਾ ਪੂਰਨ ਤੇ ਗ਼ੈਰ ਜਿੰਮੇਵਾਰਾਨਾ ਵਿਹਾਰ ਦੱਸਿਆ ਸੀ, ਉੱਥੇ ਬਾਜਵਾ ਨੇ ਵੀ ਹੁਣ ਕਪਤਾਨ ਦੇ ਇਸ ਬਿਆਨ ‘ਤੇ ਘੁੰਮ ਕੇ ਵਾਰ ਕਰਦਿਆਂ ਕਿਹਾ ਹੈ ਕਿ, “ਕੈਪਟਨ ਵਲੋਂ ਮੇਰੇ ਖਿਲਾਫ ਦਿੱਤਾ ਗਿਆ ਇਹ ਬਿਆਨ ਸ਼ੈਤਾਨ ਵਾਂਗ ਹੈ।”

ਪ੍ਰਤਾਪ ਸਿੰਘ ਬਾਜਵਾ ਅਨੁਸਾਰ, “ਕੈਪਟਨ ਅਮਰਿੰਦਰ ਸਿੰਘ ਨੇ ਬਰਗਾੜੀ ਮਾਮਲਿਆਂ ਦੀ ਜਾਂਚ ਨੂੰ ਕਿਸੇ ਤਰਕਪੂਰਨ ਸਿੱਟੇ ‘ਤੇ ਪਹੁੰਚਾਉਣ ਦੀ ਬਜਾਏ ਉਲਟਾ ਮੇਰੇ ਵਿਰੁੱਧ ਹੀ ਝੂਠੇ ਦੋਸ਼ ਲਾਉਣ ‘ਤੇ ਸਾਰਾ ਧਿਆਨ ਲਾ ਰੱਖਿਆ ਹੈ। ਜੋ ਕਿ ਸਰਾਸਰ ਗ਼ਲਤ ਹੈ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਜਿਸ ਬਿਆਨ ‘ਤੇ ਕੈਪਟਨ ਮੇਰੇ ਖਿਲਾਫ ਬੋਲ ਰਹੇ ਹਨ ਉਹ ਸਿਰਫ ਉਨ੍ਹਾਂ (ਬਾਜਵਾ) ਦੇ ਹੀ ਵਿਚਾਰ ਨਹੀਂ ਬਲਕਿ ਅੱਜ ਪੰਜਾਬ ਦੇ ਬਹੁਤੇ ਲੋਕ ਅਜਿਹੇ ਦੋਸ਼ ਲਾ ਕੇ ਕੈਪਟਨ ਦੀ ਸ਼ਰੇਆਮ  ਨਿੰਦਿਆ ਕਰ ਰਹੇ ਹਨ। ਸੂਬਾ ਕਾਂਗਰਸ ਦੇ ਇਸ ਸਾਬਕਾ ਪ੍ਰਧਾਨ ਅਨੁਸਾਰ ਕੈਪਟਨ ਮੁੱਖ ਮੰਤਰੀ ਵਰਗੇ ਵਕਾਰੀ ਅਹੁਦੇ ‘ਤੇ ਬੈਠਣ ਦੇ ਬਾਵਜੂਦ ਜਮੀਨੀ ਹਕੀਕਤ ਨੂੰ ਅੱਖੋਂ ਪਰੋਖੇ ਕਰ ਰਹੇ ਹਨ, ਕਿਉਂਕਿ ਅਖਬਾਰ ਦੀ ਜਿਸ ਇੰਟਰਵਿਊ ਸਬੰਧੀ ਕੈਪਟਨ ਮੇਰੇ ‘ਤੇ ਇਲਜ਼ਾਮ ਲਾ ਕੇ ਇਹ ਕਹਿ ਰਹੇ ਹਨ ਕਿ ਮੈਂ ਉਸ ਇੰਟਰਵਿਊ ਨੂੰ ਬਿਨਾਂ ਪੜ੍ਹੇ ਸਿਰਫ ਸਿਰਲੇਖ ਦੇ ਅਧਾਰ ਤੇ ਹੀ ਕੈਪਟਨ ‘ਤੇ ਦੋਸ਼ ਲਾ ਰਿਹਾ ਹਾਂ, ਉਸ ਇੰਟਰਵਿਊ ਨੂੰ ਕੈਪਟਨ ਨੂੰ ਆਪ ਖੁਦ ਪੜ੍ਹਨ ਦੀ ਲੋੜ ਹੈ ਕਿ ਉੱਥੇ ਛਪਿਆ ਕੀ ਹੈ।ਪ੍ਰਤਾਪ ਸਿੰਘ ਬਾਜਵਾ ਅਨੁਸਾਰ ਚਾਹੀਦਾ ਤਾਂ ਇਹ ਸੀ ਕਿ ਪੰਜਾਬ ਸਰਕਾਰ ਮੁਹਾਲੀ ਅਦਾਲਤ ‘ਚ ਸੀਬੀਆਈ ਵਲੋਂ ਬੇਅਦਬੀ ਮਾਮਲਿਆਂ ‘ਚ ਪੇਸ਼ ਕੀਤੀ ਕਲੋਜ਼ਰ ਰਿਪੋਰਟ ਦਾ ਸਿੱਧਾ ਵਿਰੋਧ ਕਰਦੀ, ਪਰ ਸਰਕਾਰ ਨੇ ਅਦਾਲਤ ‘ਚ ਉਸ ਕਲੋਜ਼ਰ ਰਿਪੋਰਟ ਦੀ ਸਿਰਫ ਕਾਪੀ ਲੈਣ ਤੇ’ ਹੀ ਜ਼ੋਰ ਲਾ ਰੱਖਿਆ ਹੈ। ਬਾਜਵਾ ਅਨੁਸਾਰ ਪੰਜਾਬ ਸਰਕਾਰ ਇਹ ਕਹਿ ਕੇ ਲੋਕਾਂ ਨੂੰ ਗੁਮਰਾਹ ਕਰ ਰਹੀ ਸੀ ਕਿ ਉਨ੍ਹਾਂ ਨੇ ਸੀਬੀਆਈ ਤੋਂ ਬੇਅਦਬੀ ਕੇਸਾਂ ਦੀ ਜਾਂਚ ਵਾਪਸ ਲੈ ਲਈ ਸੀ, ਕਿਉਂਕਿ ਇਹ ਸਰਾਸਰ ਝੂਠ ਹੈ ਤੇ ਇਹ ਅਦਾਲਤ ‘ਚ ਸੀਬੀਆਈ ਵੱਲੋਂ ਪੇਸ਼ ਕੀਤੇ ਗਏ ਬਿਆਨ ਤੋਂ ਸਾਬਤ ਹੋ ਚੁੱਕਿਆ ਹੈ।
ਕੁੱਲ ਮਿਲਾ ਕੇ ਕੈਪਟਨ-ਸਿੱਧੂ ਵਿਵਾਦ ‘ਚ ਨਵਜੋਤ ਸਿੱਧੂ ਦਾ ਜੋ ਹਸ਼ਰ ਹੋਇਆ ਹੈ ਉਸ ਨੂੰ ਦੇਖ ਕੇ ਸਾਰੇ ਇਹ ਕਹਿਣ ਲੱਗ ਪੈ ਸਨ ਕਿ ਹੁਣ ਕੈਪਟਨ ਖਿਆਫ ਉਸ ਪੱਧਰ ਦਾ ਮੋਰਚਾ ਖੋਹਲਣ ਦੀ ਹਿੰਮਤ ਛੇਤੀ ਛੇਤੀ ਕੋਈ ਨਹੀਂ ਕਰ ਪਏਗਾ।  ਪਰ ਪਿਛਲੇ ਕੁਛ ਦਿਨਾਂ ਤੋਂ ਜਿਸ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ ਨੇ ਕੈਪਟਨ ਖਿਲਾਫ ਸਿੱਧੂ ਤੋਂ ਵੀ ਉੱਪਰਲੇ ਅੰਦਾਜ਼ ‘ਚ ਮੋਰਚਾ ਖੋਲ੍ਹ ਰੱਖਿਆ ਹੈ, ਉਸ ਨੂੰ ਦੇਖ ਕੇ ਹੁਣ ਇਹ ਕਿਹਾ ਜਾਣ ਲੱਗ ਪਿਆ ਹੈ ਕਿ ਜਾ ਤਾਂ ਇਸ ਪਿੱਛੇ ਬਾਜਵਾ ਦਾ ਕੋਈ ਲੁਕਵਾਂ ਏਜੰਡਾ ਹੈ, ਤੇ ਜਾਂ ਫਿਰ ਉਨ੍ਹਾਂ ਨੂੰ ਕਾਂਗਰਸ ਹਾਈ ਕਮਾਂਡ ਨੇ ਕੈਪਟਨ ਖਿਲਾਫ ਥਾਪੜਾ ਦੇ ਕੇ ਫੱਟੇ ਚੱਕੀ ਜਾਣ ਦੀ ਖੁੱਲ੍ਹ ਦੇ ਦਿੱਤੀ ਹੈ।  ਇਨ੍ਹਾਂ ਦੋਵਾਂ ਹੀ ਹਾਲਾਤਾਂ ਨੇ ਉਨ੍ਹਾਂ ਲੋਕਾਂ ਦੀ ਦਿਲਚਸਪੀ ਰਾਜਨੀਤੀ ‘ਚ ਇੱਕ ਵਾਰ ਫੇਰ ਜਰੂਰ ਵਾਧਾ ਦਿੱਤੀ ਹੈ, ਜਿਹੜੇ ‘ਆਪ’ ਦੇ ਆਪਸ ‘ਚ ਪਾਟਣ, ਅਕਾਲੀਆਂ ਦੇ ਬੇਅਦਬੀ ਮਾਮਲਿਆਂ ‘ਚ ਫਸਣ ਦੇ ਬਾਵਜੂਦ ਚੜ੍ਹਦੀਆਂ ਕਲਾਂ ‘ਚ ਰਹਿਣ, ਕਾਂਗਰਸ ਦੇ ਵਾਅਦੇ ਪੂਰੇ ਨਾ ਕਰਨ ਦੇ ਬਾਵਜੂਦ ਲਗਾਤਾਰ ਚੋਣਾਂ ਜਿੱਤੀ ਜਾਣ ਅਤੇ ਨਵਜੋਤ ਸਿੱਧੂ ਵਲੋਂ ਪੰਜਾਬ ਵਜਾਰਤ ਚੋਂ ਅਸਤੀਫਾ ਦੇਣ ਤੋਂ ਬਾਅਦ ਚੁੱਪੀ ਧਾਰ ਲੈਣ ਕਾਰਨ ਮਾਯੂਸ ਹੋਕੇ ਰਾਜਨੀਤੀ ਤੋਂ ਦੂਰ ਹੋ ਗਏ ਸਨ।

Share this Article
Leave a comment