ਕੇਜਰੀਵਾਲ ਦੇ ਸੁਪਰੀਮ ਕੋਰਟ ‘ਚ ਪਟੀਸ਼ਨ ਪਾਉਣ ਬਾਰੇ ‘ਆਪ’ ਪੰਜਾਬ ਦੇਵੇ ਸਪਸ਼ਟੀਕਰਨ : ਅਕਾਲੀ ਦਲ

TeamGlobalPunjab
5 Min Read

ਪੰਜਾਬ ਦੇ ਆਪ ਆਗੂ ਚੁੱਪ ਕਿਉਂ ? : ਡਾ. ਦਲਜੀਤ ਸਿੰਘ ਚੀਮਾ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਪ ਦੀ ਪੰਜਾਬ ਇਕਾਈ ਨੂੰ ਪੁੱਛਿਆ ਕਿ ਉਹ ਪੰਜਾਬੀਆਂ ਨੂੰ ਦੱਸੇ ਕਿ ਕੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਥਰਮਲ ਪਲਾਂਟ ਬੰਦ ਕਰਵਾਉਣ ਲਈ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕਰਨ ਤੋਂ ਪਹਿਲਾਂ ਉਹਨਾਂ ਨੂੰ ਭਰੋਸੇ ਵਿਚ ਲਿਆ ਸੀ ਅਤੇ ਆਪ ਆਗੂਆਂ ਨੇ ਸੂਬੇ ਦੀ ਤਰੱਕੀ ਤੇ ਖੁਸ਼ਹਾਲੀ ਨਾਲ ਜੁੜੇ ਇਸ ਸੰਵੇਦਨਸ਼ੀਲ ਮੁੱਦੇ ’ਤੇ ਚੁੱਪੀ ਕਿਉਂ ਧਾਰੀ ਹੋਈ ਹੈ।

ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਆਪ ਦੇ ਸੂਬਾ ਕਨਵੀਨਰ ਭਗਵੰਤ ਮਾਨ ਤੇ ਵਿਰੋਧੀ ਧਿਰ ਨੇਤਾ ਹਰਪਾਲ ਚੀਮਾ ਸਮੇਤ ਆਪ ਦੇ ਪੰਜਾਬ ਦੇ ਆਗੂ ਹਰ ਰੋਜ਼ ਪ੍ਰੈਸ ਕਾਨਫਰੰਸਾਂ ਕਰਨ ਦੇ ਆਦਿ ਹਨ ਪਰ ਉਹਨਾਂ ਨੇ ਆਪ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਇਸ ਪੰਜਾਬ ਵਿਰੋਧੀ ਕਦਮ ਬਾਰੇ ਹੁਣ ਤੱਕ ਕੁਝ ਨਹੀਂ ਬੋਲਿਆ।

 

- Advertisement -

 

 

- Advertisement -

ਡਾ. ਚੀਮਾ ਨੇ ਕਿਹਾ ਕਿ ਆਪ ਦੀ ਪੰਜਾਬ ਇਕਾਈ ਪੰਜਾਬੀਆਂ ਨੂੰ ਜਵਾਬਦੇਹ ਹੈ। ਉਹਨਾਂ ਕਿਹਾ ਕਿ ਉਹ ਦੱਸਣ ਕਿ ਕੀ ਦਿੱਲੀ ਸਰਕਾਰ ਨੇ ਪੰਜਾਬ ਦੇ ਥਰਮਲ ਬੰਦ ਕਰਵਾਉਣ ਲਈ ਪਟੀਸ਼ਨ ਦਾਇਰ ਕਰਨ ਤੋਂ ਪਹਿਲਾਂ ਉਹਨਾਂ ਨੂੰ ਭਰੋਸੇ ਵਿਚ ਲਿਆ ਸੀ। ਉਹਨਾਂ ਕਿਹਾ ਕਿ ਜੇਕਰ ਉਹਨਾਂ ਨੂੰ ਇਸ ਬਾਰੇ ਦੱਸਿਆ ਗਿਆ ਸੀ ਤਾਂ ਉਹ ਪੰਜਾਬੀਆਂ ਨੁੰ ਦੱਸਣ ਕਿ ਉਹਨਾਂ ਨੇ ਇਸ ’ਤੇ ਇਤਰਾਜ਼ ਕਿਉਂ ਨਹੀਂ ਕੀਤਾ ਤੇ ਹੁਣ ਤੱਕ ਉਹ ਚੁੱਪ ਕਿਉਂ ਹਨ।

ਉਹਨਾਂ ਕਿਹਾ ਕਿ ਆਪ ਦੇ ਪੰਜਾਬ ਦੇ ਆਗੂ ਦੱਸਣ ਕਿ ਕੀ ਉਹਨਾਂ ਨੇ ਆਪਣੀ ਜ਼ਮੀਰ ਵੇਚ ਦਿੱਤੀ ਹੈ ਜਾਂ ਫਿਰ ਉਹ ਪੰਜਾਬ ਦੇ ਹਿੱਤਾਂ ਨੂੰ ਵੀ ਸਿਰਫ ਆਪਣੀਆਂ ਕੁਰਸੀਆਂ ਬਚਾਉਣ ਖਾਤਰ ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਟਿਕਟਾਂ ਹਾਸਲ ਕਰਨ ਵਾਸਤੇ ਵੇਚਣ ਲਈ ਤਿਆਰ ਹਨ।

ਅਕਾਲੀ ਆਗੂ ਨੇ ਕਿਹਾ ਕਿ ਇਹ ਹੁਣ ਹੋਰ ਵੀ ਸਪਸ਼ਟ ਹੋ ਗਿਆ ਹੈ ਕਿ ਕੇਜਰੀਵਾਲ ਨੇ ਜਾਣ ਬੁੱਝ ਕੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ ਕਿ ਤਾਂ ਜੋ ਪੰਜਾਬ ਵਿਚ ਥਰਮਲ ਪਲਾਂਟ ਬੰਦ ਕਰਵਾ ਕੇ ਬਿਜਲੀ ਸੰਕਟ ਹੋਰ ਗੰਭੀਰ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਕੇਜਰੀਵਾਲ ਪੰਜਾਬ ਦੀ ਖੇਤੀਬਾੜੀ ਤੇ ਸਨੱਅਤ ਨੂੰ ਤਬਾਹ ਕਰ ਕੇ ਪੰਜਾਬੀਆਂ ਦੀਆਂ ਤਕਲੀਫਾਂ ’ਤੇ ਰਾਜਨੀਤੀ ਕਰਨਾ ਚਾਹੁੰਦਾ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਆਪ ਇਕਾਈ ਦੀ ਚੁੱਪੀ ਸਾਬਤ ਕਰਦੀ ਹੈ ਕਿ ਉਹ ਇਸ ਸਾਜ਼ਿਸ਼ ਵਿਚ ਹਿੱਸੇਦਾਰ ਸੀ।

ਡਾ. ਚੀਮਾ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੇਜਰੀਵਾਲ ਨੇ ਪੰਜਾਬ ਵਿਰੋਧੀ ਏਜੰਡੇ ’ਤੇ ਕੰਮ ਕੀਤਾ ਹੋਵੇ। ਇਸ ਤੋਂ ਪਹਿਲਾਂ ਸਤਲੁਜ ਯਮੁਨਾ Çਲੰਕ ਨਹਿਰ ਦੇ ਮਾਮਲੇ ’ਤੇ ਕੇਜਰੀਵਾਲ ਨੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਉਹ ਪੰਜਾਬ ਦੇ ਕਿਸਾਨਾਂ ਦੇ ਨਾਲ ਹੈ ਜਦਕਿ ਉਸਨੇ ਨਾਲ ਹੀ ਅਦਾਲਤ ਵਿਚ ਹਲਫੀਆ ਬਿਆਨ ਦਾਇਰ ਕਰ ਕੇ ਕਿਹਾ ਕਿ ਦਿੱਲੀ ਤੇ ਹਰਿਆਣਾ ਦਾ ਵੀ ਐਸ ਵਾਈ ਐਲ ਦੇ ਪਾਣੀਆਂ ’ਤੇ ਹੱਕ ਬਣਦਾ ਹੈ, ਇਸ ਲਈ ਨਹਿਰ ਬਣਾਈ ਜਾਣੀ ਚਾਹੀਦੀ ਹੈ।

ਉਹਨਾਂ ਕਿਹਾ ਕਿ ਕੇਜਰੀਵਾਲ ਨੇ ਅਦਾਲਤ ਵਿਚ ਹਲਫੀਆ ਬਿਆਨ ਦਾਇਰ ਕਰ ਕੇ ਇਹ ਵੀ ਮੰਗ ਕੀਤੀ ਸੀ ਕਿ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਖਿਲਾਫ ਕੇਸ ਦਰਜ ਕੀਤਾ ਜਾਵੇ ਹਾਲਾਂਕਿ ਉਸਨੇ ਇਹ ਵੀ ਦਰਸਾਉਣ ਦਾ ਯਤਨ ਕੀਤਾ ਸੀ ਕਿ ਉਸਦੀ ਹਮਦਰਦੀ ਪੰਜਾਬ ਦੇ ਕਿਸਾਨਾਂ ਨਾਲ ਹੈ।

ਡਾ. ਚੀਮਾ ਨੇ ਕਿਹਾ ਕਿ ਇਸੇ ਤਰੀਕੇ ਤਿੰਨ ਖੇਤੀ ਕਾਨੂੰਨਾਂ ਦੇ ਮਾਮਲੇ ਵਿਚ ਦਿੱਲੀ ਦੇ ਮੁੱਖ ਮੰਤਰੀ ਨੇ ਦੋਗਲਾ ਸਟੈਂਡ ਅਪਣਾਇਆ ਹੈ। ਇਕ ਵਾਸੇ ਤਾਂ ਕਿਸਾਨਾਂ ਦੇ ਹੱਕ ਵਿਚ ਡੱਟਣ ਦਾ ਐਲਾਨ ਕੀਤਾ ਤੇ ਦੂਜੇ ਪਾਸੇ ਦਿੱਲੀ ਵਿਚ ਇਹ ਕਾਨੂੰਨ ਲਾਗੂ ਕਰ ਦਿੱਤੇ ਹਨ। ਉਹਨਾਂ ਕਿਹਾ ਕਿ ਕੇਜੀਰਵਾਲ ਸਾਬਕਾ ਐਸ ਆਈ ਟੀ ਮੈਂਬਰ ਤੇ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਰਾਹੀਂ ਬੇਅਦਬੀ ਦੇ ਕੇਸਾਂ ਵਿਚ ਅਕਾਲੀ ਦਲ ਦੀ ਬਦਨਾਮੀ ਕਰਨ ਲਈ ਕਾਂਗਰਸ ਨਾਲ ਰਲ ਕੇ ਸਾਜ਼ਿਸ਼ ਰਚਣ ਦਾ ਵੀ ਦੋਸ਼ੀ ਹੈ।

ਅਕਾਲੀ ਆਗੂ ਨੇ ਕਿਹਾ ਕਿ ਆਪ ਦੀ ਪੰਜਾਬ ਇਕਾਈ ਪੰਜਾਬੀਆਂ ਨੂੰ ਦੱਸੇ ਕਿ ਉਸਨੇ ਪੰਜਾਬੀਆਂ ਨੂੰ ਧੋਖਾ ਕਿਉਂ ਦਿੱਤਾ ਅਤੇ ਆਪਣੀ ਪਾਰਟੀ ਵੱਲੋਂ ਸੂਬੇ ਦੇ ਖੇਤੀਬਾੜੀ ਤੇ ਉਦਯੋਗਿਕ ਅਰਥਚਾਰੇ ਨੂੰ ਤਬਾਹ ਕਰਨ ਦੀ ਸਾਜ਼ਿਸ਼ ਦਾ ਹਿੱਸਾ ਕਿਉਂ ਬਣੀ ਹੈ। ਉਹਨਾਂ ਕਿਹਾ ਕਿ ਇਹ ਆਗੂ ਜਾਂ ਤਾਂ ਆਪਣੀ ਜਮੀਰ ਝੰਜੋੜਨ ਤੇ ਕੇਜਰੀਵਾਲ ਦੇ ਸਾਹਮਣੇ ਡੱਟ ਜਾਣ ਜਾਂ ਫਿਰ ਪੰਜਾਬੀਆਂ ਨੂੰ ਕਹਿ ਦੇਣ ਕਿ ਉਹਨਾਂ ਨੇ ਆਪਣੀ ਜ਼ਮੀਰ ਵੇਚ ਦਿੱਤੀ ਹੈ ਤੇ ਉਹ ਪੰਜਾਬ ਦੇ ਹਿੱਤਾਂ ਦੀ ਰਾਖੀ ਨਹੀਂ ਕਰ ਸਕਦੇ।

Share this Article
Leave a comment