ਸੱਤਾ ਤੇ ਕਾਬਜ਼ ਪਾਰਟੀ ਕੀਹਨੂੰ ਐਲਾਨੇਗੀ ‘ਮੁੱਖ ਮੰਤਰੀ ਦਾ ਚਿਹਰਾ’, ਮੁੱਖ ਮੰਤਰੀ ਚੰਨੀ ਨੂੰ ਦਿੱਤੀ ਦੋ ਹਲਕਿਆਂ ਤੋਂ ਟਿਕਟ!

TeamGlobalPunjab
7 Min Read

ਬਿੰਦੁੂ ਸਿੰਘ

ਰਾਹੁਲ ਗਾਂਧੀ ਪਿਛਲੇ ਦਿਨੀਂ ਪੰਜਾਬ ਦੌਰੇ ਤੇ ਸਨ। ਜਲੰਧਰ ਵਰਚੁਅਲ ਰੈਲੀ ਰੱਖੀ ਗਈ, ਵਰਕਰ ਸ਼ਾਮਲ ਹੋਏ , ਲੋਕਾਂ ਤੱਕ ਵਰਚੁਅਲ ਮਾਧਿਅਮ ਜ਼ਰੀਏ ਪਹੁੰਚ ਕੀਤੀ ਗਈ। ਰਾਹੁਲ ਨੇ ਇੱਕ ਗੱਲ ਕਹੀ ਕਿ ਪਾਰਟੀ ਚੋਂ ਆਵਾਜ਼ਾਂ ਆ ਰਹੀਆਂ ਹਨ ਕਿ ਮੁੱਖ ਮੰਤਰੀ ਦਾ ਚਿਹਰਾ ਐਲਾਨ ਕੀਤਾ ਜਾਣਾ ਚਾਹੀਦਾ ਹੈ। ਕਹਿ ਕੇ ਗਏ  ਕਿ ਚਰਨਜੀਤ ਸਿੰਘ ਚੰਨੀ  ਤੇ ਨਵਜੋਤ ਸਿੱਧੂ ਨਾਲ  ਇਸ ਬਾਰੇ ਗੱਲਬਾਤ ਕੀਤੀ ਹੈ  ਤੇ ‘ਮੁੱਖ ਮੰਤਰੀ ਦੇ ਚਿਹਰੇ’ ਦਾ ਐਲਾਨ   ਵਰਕਰਾਂ ਅਤੇ  ਪੰਜਾਬ ਦੇ ਲੋਕਾਂ ਤੋਂ ਪੁੱਛ ਕੇ ਕੀਤਾ ਜਾਵੇਗਾ।

ਗੱਲ ਸੁਣਨ ‘ਚ ਕੁਝ ਅਜੀਬ ਲੱਗੀ ਸੀ। ਸਵਾਲ ਤੇ ਵਿਚਾਰ ਆਉਣੇ ਲਾਜ਼ਮੀ ਸਨ  ਕਿ ਜਿਹੜੀ ਪਾਰਟੀ ਇਸ ਵਕਤ ਸੂਬੇ ਚ  ਸੱਤਾ ਤੇ ਕਾਬਜ਼ ਹੋਵੇ  ਤੇ ਤਿੰਨ ਮਹੀਨੇ ਪਹਿਲਾਂ ਹੀ ਹਾਈਕਮਾਂਡ ਨੇ ਆਪ ਇੱਕ ਵੱਡਾ ਫੈਸਲਾ ਲੈਂਦਿਆਂ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਬਦਲਿਆ ਹੋਵੇ। ਕੀ ਫੇਰ ਵੀ ਸੱਤਾ ਧਿਰ ਨੂੰ ਆਪਣੇ  ਕੀਤੇ ਫ਼ੈਸਲੇ ਤੇ ਯਕੀਨ ਨਹੀਂ? ਵੈਸੇ ਤਾਂ ਮੁੱਖ ਮੰਤਰੀ ਦੀ ਕੁਰਸੀ ਤੇ  ਲੋਕ ਹਿੱਤ  ਲਈ ਕੰਮ ਕਰਨ ਵਾਲਾ ਇਮਾਨਦਾਰ  ਤੇ ਸੁਚੱਜਾ ਉਮੀਦਵਾਰ ਹੀ ਵਹਿਣਾ ਚਾਹੀਦਾ ਹੈ। ਮੁੱਖ ਮੰਤਰੀ ਦਾ ਅਹੁਦਾ ਨਹੀਂ  ਪਰ ਸੇਵਾਦਾਰ ਦੀ ਤਰ੍ਹਾਂ  ਲੋਕਾਂ ਲਈ ਕੰਮ ਕਰਨ ਵਾਲਾ ਇੱਕ ਸੁਲਝਿਆ ਹੋਇਆ ਨੁਮਾਇੰਦਾ ਹੀ ਹੋਣਾ ਚਾਹੀਦਾ ਹੈ।

ਇਹ ਗੱਲ ਜੱਗ ਜ਼ਾਹਿਰ ਹੈ  ਕਿ ਬੀਤੇ ਸਮਿਆਂ ਚ  ਕੈਪਟਨ ਅਮਰਿੰਦਰ ਸਿੰਘ  ਕਾਂਗਰਸ ਦੇ ਕੌਮੀ ਪ੍ਰਧਾਨ  ਸੋਨੀਆ ਗਾਂਧੀ ਦੇ ਬਹੁਤ ਕਰੀਬੀ ਰਹੇ ਹਨ ਤੇ ਇਸ ਗੱਲ ਦਾ ਕੈਪਟਨ ਨੇ ਕਈ ਵਾਰ ਆਪ ਜ਼ਿਕਰ ਕੀਤਾ ਹੈ।  ਪੰਜਾਬ ‘ਚ  ਇੱਕ ਸਮੇਂ ਤੇ  ‘ਕੈਪਟਨ ਹੀ ਕਾਂਗਰਸ  ਤੇ ਕਾਂਗਰਸ ਹੀ ਕੈਪਟਨ’ ਵਾਲੀ ਗੱਲ ਕਾਫੀ ਮਸ਼ਹੂਰ ਸੀ। ਪਰ ਪਿਛਲੇ ਸਾਢੇ ਚਾਰ ਵਰ੍ਹਿਆਂ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਨੂੰ ਲੈ ਕੇ ਸਵਾਲ ਉੱਠਣੇ ਸ਼ੁਰੂ ਹੋ ਗਏ ਸਨ। ਉਨ੍ਹਾਂ ਦੀ ਆਪਣੀ ਪਾਰਟੀ ਦੇ ਆਗੂਆਂ  ਨੂੰ ਹੀ ਲੱਗਣਾ ਸ਼ੁਰੂ ਹੋ ਗਿਆ ਸੀ ਕਿ ਚੋਣਾਂ 2022 ਤੱਕ ਜੇਕਰ ਕੈਪਟਨ ਮੁੱਖ ਮੰਤਰੀ ਦੇ ਤੌਰ ਤੇ  ਰਹਿੰਦੇ  ਤੇ ਬਾਕੀ ਲੀਡਰਾਂ ਨੂੰ  ਲੋਕਾਂ ਵਿੱਚ ਜਾ ਕੇ ਕਈ ਸਵਾਲਾਂ ਦਾ ਸਾਹਮਣਾ ਕਰਨਾ ਪਵੇਗਾ। ਕਿਉਂਕਿ ਕੈਪਟਨ ਅਮਰਿੰਦਰ ਸਿੰਘ  ਨੇ 2017 ਦੀਆਂ ਚੋਣਾਂ ਦੌਰਾਨ ਜਾਰੀ ਹੋਏ ਮੈਨੀਫੈਸਟੋ ਚ  ਕਈ ਵਾਅਦੇ ਕੀਤੇ ਸਨ ਜੋ ਪੂਰੇ ਨਹੀਂ ਹੋਏ। ਕੈਪਟਨ ਸਰਕਾਰ ਨੂੰ ਲੈ ਕੇ ਜਿੱਥੇ ਲੋਕਾਂ ਚ ਨਮੋਸ਼ੀ ਸੀ  ਉੱਥੇ ਹੀ ਕਾਂਗਰਸ ਦੀ ਅੰਦਰੂਨੀ ਖਾਨਾਜੰਗੀ ਵੀ ਵਧ ਚੜ੍ਹ ਕੇ ਬਾਹਰ ਆਈ।

ਮੌਜੂਦਾ ਪ੍ਰਧਾਨ ਨਵਜੋਤ ਸਿੰਘ ਸਿੱਧੂ  ਤੇ ਮੌਜੂਦਾ ਉਪ ਮੁੱਖ ਮੰਤਰੀ  ਸੁਖਜਿੰਦਰ ਰੰਧਾਵਾ  ਦੇ ਨਾਲ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਇਨ੍ਹਾਂ ਸਾਰਿਆਂ ਨੇ ਬੀਡ਼ਾ ਚੁੱਕਿਆ, ਪਾਰਟੀ ਦੇ ਅੰਦਰੋਂ ਅੰਦਰੀ ਮੰਥਨ ਹੋਇਆ , ਸਲਾਹਾਂ ਕੀਤੀਆਂ ਗਈਆਂ। ਫ਼ੈਸਲਾ ਹੋ ਗਿਆ ਕਿ ਕੈਪਟਨ ਨੂੰ ਬਦਲ ਦਿੱਤਾ ਜਾਵੇ ਤੇ ਨਵਾਂ ਮੁੱਖ ਮੰਤਰੀ ਲੈ ਕੇ ਆਂਦਾ ਜਾਵੇ। ਪਹਿਲਾ ਨਾਮ ਚੱਲਿਆ ਸਾਬਕਾ ਪ੍ਰਧਾਨ, ਪੰਜਾਬ ਕਾਂਗਰਸ,  ਸੁਨੀਲ ਜਾਖੜ ਦਾ, ਫੇਰ ਨਾਮ ਉੱਭਰ ਕੇ ਆਇਆ ਸੁਖਜਿੰਦਰ ਰੰਧਾਵਾ ਦਾ  ਤੇ ਅਖੀਰ ਚ ਚਰਨਜੀਤ ਸਿੰਘ ਚੰਨੀ ਦੇ ਨਾਮ ਤੇ ਮੋਹਰ ਲੱਗ ਗਈ।

ਹੁਣ ਇੱਕ ਵਾਰ ਫੇਰ ਬੀਤੇ ਦਿਨੀਂ ਜਲੰਧਰ ਹੋਈ ਰਾਹੁਲ ਗਾਂਧੀ  ਦੀ ਰੈਲੀ ਵੱਲ ਧਿਆਨ ਦਿੱਤਾ ਜਾਵੇ  ਤਾਂ ਵੇਖਿਆ ਜਾ ਸਕਦਾ ਹੈ  ਕਿ ਚਰਨਜੀਤ ਸਿੰਘ ਚੰਨੀ ਨੇ ਆਪਣੇ ਭਾਸ਼ਣ ਵਿੱਚ  ‘111ਦਿਨਾਂ ਦੀ ਸਰਕਾਰ’ , ਬਾਕੀ ਸਾਰਿਆਂ ਨੂੰ ਨਾਲ ਲੈ ਕੇ , ਚਲਾਈ ਜਾਣ ਦੀ ਗੱਲ ਕੀਤੀ। ਸਟੇਜ ਤੇ ਬੈਠੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਆਵਾਜ਼ ਮਾਰ ਕੇ ਕੋਲ ਬੁਲਾਇਆ, ਜੱਫੀ ਪਾਈ  ਤੇ ਕਿਹਾ ਕਿ ਵਿਰੋਧੀਆਂ ਨੂੰ ਇਹ ਸੁਨੇਹਾ ਹੈ  ਕਿ ‘ਅਸੀਂ ਸਾਰੇ ਇੱਕ ਹਾਂ’ , ਪਰ ਨਾਲੇ ਇਹ ਵੀ ਕਹਿ ਗਏ  ਕਿ ਪਾਰਟੀ ਜਿਸ ਨੂੰ ਚਾਹੇ ਮੁੱਖਮੰਤਰੀ ਬਣਾਵੇ ਉਹ ਪਾਰਟੀ ਲਈ ਅੱਗੇ ਹੋ ਕੇ ਕੰਪੇਨਿੰਗ ਕਰਨਗੇ ਤੇ ਕੰਮ ਕਰਨਗੇ।

ਜਦੋਂ ਬੋਲਣ ਦਾ ਮੌਕਾ  ਨਵਜੋਤ ਸਿੱਧੂ ਨੂੰ ਮਿਲਿਆ ਤੇ ਉਨ੍ਹਾਂ ਨੇ ਕਿਹਾ ਕਾਂਗਰਸ ਪਾਰਟੀ ਹੀ ਸਰਕਾਰ ਬਣਾਵੇਗੀ ਤੇ ਉਨ੍ਹਾਂ ਨੇ ਵੀ ਕਿਹਾ ਕਿ ਕਾਂਗਰਸ ਪਾਰਟੀ ਦੇ ਸਾਰੇ ਲੀਡਰ ਏਕੇ ‘ਚ ਹਨ। ਇਸ ਦੇ ਨਾਲ ਹੀ  ਰਾਹੁਲ ਨੂੰ ਇਹ ਵੀ ਸੁਨੇਹਾ ਲਾ ਦਿੱਤਾ ਕਿ ਇਸ ਵਾਰ ਉਨ੍ਹਾਂ ਨੂੰ  ‘ਫੈਸਲੇ ਲੈਣ ਦੀ ਤਾਕਤ’ ਵੀ ਦਿੱਤੀ ਜਾਵੇ ਤੇ ਸਿਰਫ਼  ਦਰਸ਼ਨੀ ਘੋੜਾ ਬਣਾ ਕੇ ਨਾ ਰੱਖ ਦਿੱਤਾ ਜਾਵੇ। ਰਾਹੁਲ ਨੇ ਦੋਨਾਂ ਦੀ ਗੱਲ ਸੁਣੀ  ਤੇ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦੀ ਗੱਲ ਤਾਂ ਕਹਿ ਗਏ ਪਰ ਇਹ ਵੀ ਕਹਿ ਗਏ ਕਿ ਫ਼ੈਸਲਾ ਸਲਾਹ ਮਸ਼ਵਰੇ ਨਾਲ ਪੁੱਛ ਕੇ ਕੀਤਾ ਜਾਵੇਗਾ।

ਨਵਜੋਤ ਸਿੱਧੂ ਨੂੰ ਟੱਕਰ ਦੇਣ ਵਾਸਤੇ  ਜਿਸ ਦਿਨ ਦੇ  ਬਿਕਰਮ ਮਜੀਠੀਆ  ਅੰਮ੍ਰਿਤਸਰ ਪੂਰਬੀ ਹਲਕੇ ਚ ਸਰਗਰਮ ਹੋਏ ਹਨ, ਚੋਣਾਂ ਦੀ ਜੰਗ ਦਾ ਮੁਕਾਬਲਾ  ਤਿੱਖਾ ਹੋ ਗਿਆ ਜਾਪਦਾ ਹੈ। ਸਿੰਧੂ ਦੀ ਭੈਣ ਦੇ ਇਲਜ਼ਾਮਾਂ ਤੇ ਸ਼ਿਕਾਇਤਾਂ ਦਾ  ਪਟਾਰਾ ਖੁੱਲ੍ਹ ਗਿਆ। ਸਾਬਕਾ ਪੰਜਾਬ ਕਾਂਗਰਸ ਪ੍ਰਧਾਨ  ਸੁਨੀਲ ਜਾਖੜ ਨੇ ਟਵਿੱਟਰ ਤੇ ਆ ਆਪਣੇ ਅੰਦਾਜ਼ ਵਿੱਚ ਵਿਰੋਧੀਆਂ ਨੂੰ ਘੇਰਿਆ  ਤੇ ਸਿੱਧੂ ਦੀ ਹਮਾਇਤ ਕਰਦੇ ਨਜ਼ਰ ਆਏ।

ਅੱਜ ਕਾਂਗਰਸ ਪਾਰਟੀ ਨੇ ਆਪਣੇ ਉਮੀਦਵਾਰਾਂ ਦੀ ਆਖ਼ਰੀ  ਸੂਚੀ ਜਾਰੀ ਕੀਤੀ ਹੈ। ਇਸ ਵਿਚ ਅੱਜ ਅੱਠ ਉਮੀਦਵਾਰ ਐਲਾਨੇ ਹਨ। ਪੂਰੇ ਲਿਸਟ ਪੜ੍ਹਦੇ ਪੜ੍ਹਦੇ ਜਿਸ ਨਾਮ ਤੇ ਜਾ ਕੇ ਨਜ਼ਰਾਂ ਟਿੱਕੀਆਂ  ਉਹ ਸੂਚੀ ਵਿੱਚ  ਛੇਵੇਂ ਨੰਬਰ ਤੇ ਹਲਕਾ ਭਦੌੜ ਦਾ ਉਮੀਦਵਾਰ ਹੈ। ਹਲਕਾ ਭਦੌੜ ਤੋਂ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਮੀਦਵਾਰ ਦੇ ਤੌਰ ਤੇ ਉਤਾਰੇ ਗਏ ਹਨ  ਤੇ ਇਹ ਹਲਕਾ ਜ਼ਿਲ੍ਹਾ ਬਰਨਾਲਾ ਹੇਠ ਆਉਂਦਾ ਹੈ।

ਮੁੱਖ ਮੰਤਰੀ ਚੰਨੀ ਦਾ ਆਪਣਾ ਮੌਜੂਦਾ ਹਲਕਾ ਚਮਕੌਰ ਸਾਹਿਬ ਹੈ ਤੇ ਕਿਹਾ ਜਾ ਸਕਦਾ ਹੈ  ਕਿ ਇਹ ਸੀਟ ਉਨ੍ਹਾਂ ਦੀ ਰਿਵਾਇਤੀ ਸੀਟ ਹੈ। ਵੈਸੇ ਤਾਂ ਪਿਛਲੇ ਦਿਨੀਂ  ਆਦਮਪੁਰ ਸੀਟ ਤੋਂ ਵੀ ਉਨ੍ਹਾਂ ਨੂੰ ਟਿਕਟ ਮਿਲਣ ਦੀ  ਗੱਲਬਾਤ  ਨਿਕਲ ਕੇ ਆਈ ਸੀ  ਪਰ ਲੋਕਾਂ ਨੇ ਸਵਾਲ ਕੀਤੇ ਕਿ ਉਹ  ਦੋ ਸੀਟਾਂ ਤੋਂ ਕਿਉਂ ਲੜਨਗੇ! ਬੀਤੇ ਦਿਨੀਂ ਚੰਨੀ ਦੇ ਰਿਸ਼ਤੇਦਾਰ ਤੇ ਈਡੀ ਦੀ ਰੇਡ ਨੇ ਵੀ ਮਾਮਲਾ ਉਲਝਾ ਦਿੱਤਾ ਸੀ ਤੇ  ਚੰਨੀ ਨੂੰ ਸਵਾਲ  ਸਵਾਲਾਂ ਦੇ ਘੇਰੇ ਵਿੱਚ ਵਿਰੋਧੀਆਂ ਨੇ ਵੀ ਖੜ੍ਹਾ ਕੀਤਾ  ਤੇ ਕੁਝ ਆਪਣਿਆਂ ਨੇ ਵੀ।

ਹੁਣ ਅੰਦਾਜ਼ਾ ਲਾਇਆ ਜਾ ਸਕਦਾ ਹੈ  ਕਿ ਪਾਰਟੀ  ਦੀ ਨੀਤੀ  ਇਸ ਵਾਰ ਚੋਣਾਂ ਦੇ ਮੱਦੇਨਜ਼ਰ  ਸ਼ਾਇਦ ਕੁਝ ਵੱਖ ਹੈ। ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਦਲਿਤ ਵਰਗ ਤੋਂ  ਮੁੱਖ ਮੰਤਰੀ ਬਣਾ ਕੇ ਪਹਿਲਾਂ ਹੀ ਛੱਕਾ ਮਾਰ ਦਿੱਤਾ ਹੈ ਜਦੋਂ ਕਿ ਬਾਕੀ ਸਿਆਸੀ ਪਾਰਟੀਆਂ ਦੇ  ਅਜੇ ਐਲਾਨ ਹੀ ਸੁਣਾਈ ਦੇ ਰਹੇ ਹਨ।

ਬਾਕੀ ਨਾਮਜ਼ਦਗੀਆਂ ਦਾ ਕੰਮ ਮੁਕੰਮਲ   ਹੋਣ ਤੋਂ ਬਾਅਦ  ਤੇ ਕਾਗਜ਼  ਵਾਪਸ ਲੈਣ ਤੱਕ ਬਹੁਤ ਕੁਝ ਬਦਲ ਜਾਣਾ ਹੈ। ਵੇਖਣਾ ਇਹ ਵੀ ਹੋਵੇਗਾ  ਕਿ ਰਾਹੁਲ ਗਾਂਧੀ  ਕੀ ਵਿਚਾਰ ਰਹੇ ਹਨ  ਤੇ ਹੁਣ  ਪਿਛਲੇ ਦਿਨੀਂ ਹੋਏ ਸਾਰੇ ਰੌਲੇ ਘਚੋਲੇ  ਤੋਂ ਬਾਅਦ  ‘ਮੌਜੂਦਾ ਪੰਜਾਬ ਕਾਂਗਰਸ  ਪ੍ਰਧਾਨ ਜਾਂ ਫਿਰ ਮੌਜੂਦਾ ਮੁੱਖ ਮੰਤਰੀ’ ਕੌਣ ਬਣੇਗਾ  ‘ਚੋਣਾਂ’ ਵਿੱਚ ਕਾਂਗਰਸ ਪਾਰਟੀ ਦਾ ‘ਮੁੱਖ ਮੰਤਰੀ ਦਾ ਚਿਹਰਾ’!

Share This Article
Leave a Comment