ਜਗਤਾਰ ਸਿੰਘ ਸਿੱਧੂ;
ਹਰਿਆਣਾ ਵਿਧਾਨ ਸਭਾ ਦੀਆਂ ਨੱਬੇ ਸੀਟਾਂ ਲਈ ਫਤਵਾ ਦੇਣ ਲਈ ਹੁਣ ਆਖਿਰ ਵੋਟਰ ਦੀ ਵਾਰੀ ਆ ਹੀ ਗਈ ਹੈ। ਹਰਿਆਣਾ ਵਿਚ ਨਵੀਂ ਸਰਕਾਰ ਕਿਸ ਦੀ ਬਣੇਗੀ? ਇਹ ਵੱਡਾ ਸਵਾਲ ਸੂਬੇ ਦੀਆਂ ਵੱਖ ਵੱਖ ਰਾਜਸੀ ਪਾਰਟੀਆਂ ਦੀਆਂ ਚੋਣ ਰੈਲੀਆਂ, ਰੋਡ ਸ਼ੋਆਂ, ਸੱਤਾ ਦੇ ਗਲਿਆਰਿਆਂ ਅਤੇ ਮੀਡੀਆ ਦੀਆਂ ਝੱਗ ਛਡਦੀਆਂ ਬਹਿਸਾਂ ਅਤੇ ਸੰਪਾਦਕੀਆਂ ਵਿਚ ਬਹੁਤ ਦਿਨ ਘੁੰਮਦਾ ਰਿਹਾ। ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ , ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਸਣੇ ਵੱਖ ਵੱਖ ਧਿਰਾਂ ਦੇ ਨੇਤਾ ਇਸ ਸਵਾਲ ਦਾ ਇਕੋ ਜਵਾਬ ਦਿੰਦੇ ਰਹੇ ਕਿ ਮੇਰੀ ਬਣੇਗੀ ਸਰਕਾਰ। ਹਰਿਆਣਾ ਦੇ ਸਿੱਧੇ ਸਾਦੇ ਵੋਟਰ , ਸ਼ੰਭੂ ਦੇ ਬਾਰਡਰ ਤੇ ਲੰਮੇ ਸਮੇ ਤੋਂ ਬੈਠੇ ਆਪਣੀਆਂ ਫਸਲਾਂ ਦੇ ਭਾਅ ਦੀ ਗਾਰੰਟੀ ਮੰਗਦੇ ਕਿਸਾਨ ਹੈਰਾਨੀ ਅਤੇ ਪ੍ਰੇਸ਼ਾਨੀ ਨਾਲ ਨੇਤਾਵਾਂ ਦੇ ਚੇਹਰਿਆਂ ਵੱਲ ਵੇਖਦੇ ਰਹੇ। ਗੱਲ ਕੀ ਬਣੀ? ਚੇਹਰੇ ਰੰਗ ਬਰੰਗੇ ਅਤੇ ਬੇਰੰਗੇ ਪਰ ਜਵਾਬ ਇਕੋ! ਸਾਰੇ ਨੇਤਾ ਆਖਣ ਕਿ ਮੇਰੀ ਬਣੇਗੀ ਸਰਕਾਰ। ਹਰਿਆਣਵੀਆਂ ਨੇ ਸੋਚਿਆ ਕਿ ਇਹ ਤਾਂ ਸਾਡੀਆਂ ਫਸਲਾਂ ਅਤੇ ਨਸਲਾਂ ਦੇ ਭਵਿਖ ਦਾ ਪਹਿਲਾਂ ਹੀ ਫੈਸਲਾ ਕਰਨ ਵਾਲੇ ਕੌਣ ਹਨ?
ਕਿਸ ਦੀ ਬਣੇਗੀ ਸਰਕਾਰ? ਹਰਿਆਣਾ ਉੱਠਿਆ ਅਤੇ ਮੁਸਕਰਾਉਂਦਿਆਂ ਆਖਣ ਲੱਗਾ ਕਿ ਇਸ ਸਵਾਲ ਦਾ ਜਵਾਬ ਤਾਂ ਮੈਂ ਦਿਆਂਗਾ। ਹਰਿਆਣਵੀ ਲੰਮੀਆਂ ਕਤਾਰਾਂ ਵਿੱਚ ਲੱਗ ਕੇ ਜਵਾਬ ਦੇਣਗੇ। ਕਿਹੜਾ ਜਵਾਬ? ਕਤਾਰਾਂ ਵਿੱਚ ਖੜਾ ਹਰਿਆਣਾ ਬੋਲੇਗਾ ਕਿ ਮੇਰੀ ਬਣੇਗੀ ਸਰਕਾਰ। ਆਖਿਰ ਇਕ ਦਿਨ ਤਾਂ ਉਨਾਂ ਨੂੰ ਵੀ ਮਿਲ ਗਿਆ ਕਿ ਆਪਣਾ ਫੈਸਲਾ ਆਪ ਕਰਨਗੇ। ਇਹ ਕੇਵਲ ਇਕ ਦਿਨ ਹੀ ਤਾਂ ਉਨਾਂ ਦੀ ਸ਼ਕਤੀ ਦਾ ਪ੍ਰਤੀਕ ਹੈ। ਇਸ ਨੂੰ ਹਥਿਆਉਣ ਲਈ ਵੀ ਦੇਸ਼ ਦਾ ਨੇਤਾ ਆਖਦਾ ਹੈ ਕਿ ਇਕ ਕੌਮ ਇਕ ਚੋਣ ਨੂੰ ਲਾਗੂ ਕੀਤਾ ਜਾਵੇ। ਕਿਉਂ ਐਨੇ ਦਿਨ ਵਾਰ ਵਾਰ ਦੇਸ਼ ਅਤੇ ਸੂਬਿਆਂ ਦੀਆਂ ਚੋਣਾਂ ਕਰਵਾਕੇ ਦੇਸ਼ ਦੀ ਸ਼ਕਤੀ ਬਰਬਾਦ ਕੀਤੀ ਜਾਂਦੀ ਹੈ। ਇਸ ਲਈ ਵੋਟਰ ਦੇ ਇਹ ਦਿਨ ਘਟਾ ਕੇ ਕੇਵਲ ਇਕ ਕਰ ਦਿੱਤਾ ਜਾਵੇ ਤਾਂ ਦੇਸ਼ ਤਾਂ ਤਰਕੀ ਦੀ ਰਫਤਾਰ ਨਾਲ ਦੌੜਨ ਲੱਗੇਗਾ।ਇਸ ਦੇਸ਼ ਦਾ ਵੋਟਰ ਤਾ ਵੇਹਲਾ ਹੈ ਪਰ ਨੇਤਾ ਨੇ ਤਾਂ ਦੇਸ਼ ਨੂੰ ਅੱਗੇ ਲੈ ਜਾਣਾ ਹੈ! ਇਕੋ ਵਾਰ ਚੋਣ ਹੋਵੇਗੀ ਤਾਂ ਦੇਸ਼ ਦੇ ਜੇਲਾਂ ਵਿਚ ਬੈਠੇ ਬਲਤਾਕਾਰ , ਕਤਲਾਂ ਅਤੇ ਹੋਰ ਸੰਗੀਨ ਜੁਰਮਾਂ ਦੇ ਦੋਸ਼ਾਂ ਹੇਠ ਸਜਾਵਾਂ ਭੁਗਤ ਰਹੇ ਬਾਬਿਆਂ ਨੂੰ ਵੀ ਵਾਰ ਵਾਰ ਨਿਯਮਾਂ ਅਧੀਨ ਪੈਰੋਲ ਦੇਣ ਦੀ ਥਾਂ ਇਕੋ ਵਾਰ ਪੈਰੋਲ ਦੇ ਦਿੱਤੀ ਜਾਵੇਗੀ। ਹੁਣ ਪ੍ਰਸ਼ਾਸ਼ਕਾਂ ਅਤੇ ਹੁਕਮਰਾਨਾਂ ਨੂੰ ਮੁਸ਼ਕਲ ਆਉਂਦੀ ਹੈ ਕਿਉਂ ਜੋ ਪੈਰੋਲ ਤੇ ਬੇਲੋੜੇ ਸਵਾਲ ਉੱਠਦੇ ਹਨ।ਕੁਝ ਧਿਰਾਂ ਅਤੇ ਲੋਕ ਸਮਝਦੇ ਨਹੀਂ ਕਿ ਦੇਸ਼ ਦੀ ਜਮੂਹਰੀਅਤ ਦੀ ਮਜਬੂਤੀ ਵਾਸਤੇ ਚੋਣਾ ਨੇੜੇ ਆਕੇ ਜੇਲਾਂ ਅੰਦਰ ਬੈਠੇ ਚੰਗੇ ਕਿਰਦਾਰ ਵਾਲੇ ਚੇਹਰੇ ਬਾਹਰ ਲਿਆਉਣੇ ਕਿਉਂ ਜਰੂਰੀ ਹਨ ਪਰ ਸ਼ੁਕਰ ਹੈ ਕਿ ਚੋਣ ਕਮਿਸ਼ਨ ਹੈ ਕਿ ਸਭ ਜਾਣਦਾ ਹੈ।
ਅਸਲ ਗੱਲ ਤਾਂ ਹਰਿਆਣਵੀਆਂ ਨੂੰ ਮਿਲੇ ਇਕ ਦਿਨ ਦੀ ਵਰਤੋਂ ਦੀ ਹੈ। ਦੇਸ਼ ਦੇ ਨੇਤਾ ਨੂੰ ਬਾਖੂਬੀ ਇਸ ਇਕ ਦਿਨ ਦੀ ਸਮਝ ਹੈ । ਇਸੇ ਲਈ ਤਾਂ ਐਨੇ ਦਿਨ ਨੇਤਾਵਾਂ ਨੇ ਝੱਖ ਮਾਰੀ ਹੈ ਕਿ ਇਸ ਵੋਟਾਂ ਦੇ ਇਕ ਦਿਨ ਨੂੰ ਕਿਵੇਂ ਕਾਬੂ ਕੀਤਾ ਜਾ ਸਕਦਾ ਹੈ? ਪਤਾ ਵੋਟਰ ਨੂੰ ਵੀ ਹੈ ਕਿ ਪੂਰੇ ਪੰਜ ਸਾਲ ਉਸ ਨੇ ਨੇਤਾ ਦੀ ਭਾਲ ਵਿਚ ਕਦੇ ਸਿਵਲ ਸਕਤਰੇਤ, ਕਦੇ ਦਫਤਰਾਂ ਅਤੇ ਕੋਠੀਆਂ ਅੱਗੇ ਖੜੇ ਅਰਦਲੀਆਂ ਨੂੰ ਨਿਮਾਣੀਆਂ ਸ਼ਕਲਾਂ ਨਾਲ ਨੇਤਾ ਲਈ ਮੁਲਾਕਾਤ ਦਾ ਤਰਲਾ ਕਰਨਾ ਹੈ। ਇਸੇ ਲਈ ਵੋਟਰ ਭੱਜ ਭੱਜ ਕੇ ਲਾਈਨਾਂ ਵਿੱਚ ਲਗਦਾ ਹੈ ਕਿ ਪਤਾ ਨਹੀਂ ਇਹ ਇਕ ਦਿਨ ਉਸ ਦੀ ਜਿੰਦਗੀ ਵਿਚ ਦੁਬਾਰਾ ਆੳਣਾ ਹੈ ਕਿ ਨਹੀਂ ਜਿਸ ਦਿਨ ਉਹ ਆਖਦਾ ਹੈ ਕਿ ਮੇਰੀ ਬਣੇਗੀ ਸਰਕਾਰ!
ਸੰਪਰਕਃ 9814002186