ਜੀਨੇਵਾ : ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਵਾਇਰਸ ਦੇ ਇਲਾਜ ਵਿਚ ਮਲੇਰੀਆ ਦੀ ਦਵਾਈ ਹਾਈਡ੍ਰੋਕਸਾਈਕਲੋਰੋਕਿਨ ਦੇ ਕਲੀਨਿਕਲ ਅਜ਼ਮਾਇਸ਼ ‘ਤੇ ਅਸਥਾਈ ਤੌਰ ‘ਤੇ ਪਾਬੰਦੀ ਲਗਾ ਦਿੱਤੀ ਹੈ। ਕੋਵਿਡ -19 ਦੇ ਇਲਾਜ ਲਈ ਇਸ ਦਵਾਈ ‘ਤੇ ਪਾਬੰਦੀ ਲਗਾਉਣ ਦੇ ਨਾਲ ਹੀ ਡਬਲਯੂਐੱਚਓ ਨੇ ਕਿਹਾ ਹੈ ਕਿ ਇਸਦੇ ਮਾਹਿਰਾਂ ਨੂੰ ਹੁਣ ਤੱਕ ਦੇ ਸਾਰੇ ਅੰਕੜਿਆਂ ਦੀ ਸਮੀਖਿਆ ਕਰਨ ਦੀ ਜ਼ਰੂਰਤ ਹੈ। ਹਾਲ ਹੀ ‘ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਦਵਾਈ ਦਾ ਸੇਵਨ ਕਰਨ ਦਾ ਦਾਅਵਾ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਉਹ ਕੋਰੋਨਾ ਵਾਇਰਸ ਤੋਂ ਬਚਾਅ ਲਈ ਹਾਈਡ੍ਰੋਸੀਕਲੋਰੋਕਿਨ ਦਾ ਸੇਵਨ ਕਰ ਰਹੇ ਹਨ। ਹਾਲਾਂਕਿ ਅਜੇ ਤੱਕ ਇਸ ਗੱਲ ਦਾ ਕੋਈ ਪ੍ਰਮਾਣ ਨਹੀਂ ਮਿਲਿਆ ਕਿ ਇਹ ਦਵਾਈ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੇ ਮਾਮਲੇ ‘ਚ ਕਿੰਨੀ ਕੁ ਕਾਰਗਰ ਹੈ।
ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਕੋਰੋਨਾ ਸੰਕਰਮਿਤ ਮਰੀਜ਼ਾਂ ਦੇ ਲਈ ਹਾਈਡ੍ਰੋਕਸਾਈਕਲੋਰੋਕਿਨ ਦੇ ਇਸਤੇਮਾਲ ਨਾਲ ਕੋਰੋਨਾ ਦੇ ਮਰੀਜ਼ਾਂ ਦੀ ਮੌਤ ਦੀ ਸੰਭਾਵਨਾ ਵਧਣ ਦੇ ਦਾਅਵਿਆਂ ਦੇ ਚੱਲਦਿਆਂ ਅਹਿਤਿਆਤ ਦੇ ਤੌਰ ‘ਤੇ ਇਸ ਦਵਾਈ ਦੇ ਇਸਤੇਮਾਲ ‘ਤੇ ਅਸਥਾਈ ‘ਤੌਰ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸੰਸਥਾ ਦੇ ਡਾਇਰੈਕਟਰ ਡਾ. ਟੇਡਰੋਸ ਐਡਹੋਨਸ ਗੀਬ੍ਰਿਏਸੂਸ ਨੇ ਪਿਛਲੇ ਹਫ਼ਤੇ ਸਾਇੰਸ ਜਰਨਲ ਲੈਂਸੈੱਟ ਵਿਚ ਪ੍ਰਕਾਸ਼ਤ ਕੀਤੀ ਰਿਪੋਰਟ ਦਾ ਹਵਾਲਾ ਦਿੱਤਾ, ਇਸ ਰਿਪੋਰਟ ਅਨੁਸਾਰ ਜੋ ਲੋਕ ਹਾਈਡ੍ਰੋਕਸਾਈਕਲੋਰੋਕਿਨ ਦਵਾਈ ਦਾ ਸੇਵਨ ਕਰ ਰਹੇ ਹਨ ਉਨ੍ਹਾਂ ਮਰੀਜ਼ਾਂ ਦੀ ਮੌਤ ਅਤੇ ਦਿਲ ਸਬੰਧੀ ਰੋਗਾਂ ਦਾ ਜੋਖਮ ਹੋਰ ਵਧਿਆ ਹੈ। ਇਸ ਲਈ ਮਲੇਰੀਆ ਦੀ ਦਵਾਈ ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ‘ਚ ਇਸਤੇਮਾਲ ਨਾ ਕੀਤੀ ਜਾਵੇ।
ਉਨ੍ਹਾਂ ਅੱਗੇ ਕਿਹਾ ਕਿ ਇਸ ਦਵਾਈ ਦੇ ਸੁਰੱਖਿਅਤ ਇਸਤੇਮਾਲ ਬਾਰੇ ਡਾਟਾ ਸੇਫਟੀ ਮੋਨੀਟਰਿੰਗ ਬੋਰਡ ਅਧਿਐਨ ਕਰੇਗਾ। ਇਸ ਦੇ ਨਾਲ ਹੀ ਇਸ ਦਵਾਈ ਨਾਲ ਜੁੜੇ ਵਿਸ਼ਵ-ਵਿਆਪੀ ਪ੍ਰਯੋਗਾਂ ਦਾ ਵਿਆਪਕ ਵਿਸ਼ਲੇਸ਼ਣ ਵੀ ਕੀਤਾ ਜਾਵੇਗਾ। ਸੰਸਥਾ ਦੇ ਡਾਇਰੈਕਟਰ ਨੇ ਇਹ ਵੀ ਕਿਹਾ ਕਿ ਹਾਈਡ੍ਰੋਕਸਾਈਕਲੋਰੋਕਿਨ ਦੀ ਵਰਤੋਂ ਮਲੇਰੀਆ ਅਤੇ ਆਟੋਇਮਿਊਨ ਦੇ ਇਲਾਜ ਲਈ ਪ੍ਰਮਾਣਿਤ ਹੈ।
ਦਰਅਸਲ, ਕੋਰੋਨਾ ਦੇ ਮਰੀਜ਼ਾਂ ਵਿਚ ਹਾਈਡ੍ਰੋਕਸਾਈਕਲੋਰੋਕਿਨ ਦਵਾਈ ਨੂੰ ਲੈ ਕੇ ਕੀਤੇ ਜਾ ਰਹੇ ਬਹੁਤ ਸਾਰੇ ਦਾਅਵਿਆਂ ਦੇ ਚੱਲਦਿਆ ਇਸ ਦੇ ਸੁਰੱਖਿਅਤ ਇਸਤੇਮਾਲ ਨੂੰ ਲੈ ਕੇ ਡਬਲਯੂਐਚਓ ਨੇ ਚਿੰਤਾ ਜ਼ਾਹਿਰ ਕੀਤੀ ਹੈ। ਅਧਿਐਨ ਦੇ ਸਾਹਮਣੇ ਆਉਣ ਤੋਂ ਬਾਅਦ, ਵਿਸ਼ਵ ਸਿਹਤ ਸੰਗਠਨ ਦੇ ਸੋਲੀਡੇਰਿਟੀ ਟਰਾਇਲ ਦੇ ਐਗਜੂਕੇਟਿਵ ਸਮੂਹ ਦੀ ਮੀਟਿੰਗ ਹੋਈ ਜਿਸ ‘ਚ 10 ਮੈਂਬਰ ਦੇਸ਼ਾਂ ਦੇ ਪ੍ਰਤੀਨਿਧਾਂ ਵਾਲੇ ਇਸ ਸਮੂਹ ਨੇ ਬੈਠਕ ਤੋਂ ਬਾਅਦ ਇਸ ਦਵਾਈ ਨਾਲ ਜੁੜੇ ਕਲੀਨਿਕਲ ਟਰਾਇਲ ‘ਤੇ ਅਸਥਾਈ ਤੌਰ ‘ਤੇ ਰੋਕ ਲਗਾਉਣ ਦਾ ਫੈਸਲਾ ਲਿਆ ਹੈ।