-ਅਵਤਾਰ ਸਿੰਘ
ਕੋਰੋਨਾ ਵਾਇਰਸ ਜਾਂ ਕੋਵਿਡ-19 ਦੀ ਮਹਾਮਾਰੀ ਨੇ ਹਰ ਵਰਗ ਨੂੰ ਬੁਰੀ ਤਰ੍ਹਾਂ ਨਾਲ ਹਲੂਣ ਕੇ ਰੱਖ ਦਿੱਤਾ ਹੈ। ਮਨੁੱਖੀ ਜਾਨਾਂ ਨੂੰ ਬਚਾਉਣ ਲਈ ਲੌਕ ਡਾਊਨ ਦੇ ਮੱਦੇਨਜ਼ਰ ਲੱਗੇ ਕਰਫ਼ਿਊ ਨਾਲ ਹਰ ਕਾਰੋਬਾਰ/ਜਨ-ਜੀਵਨ ਠੱਪ ਹੋ ਕੇ ਰਹਿ ਗਿਆ ਹੈ। ਹਰ ਰੋਜ਼ ਦਿਹਾੜੀ ਕਰਕੇ ਪਰਿਵਾਰ ਦਾ ਪੇਟ ਪਾਲ ਰਹੇ ਲੋਕਾਂ ਨੂੰ ਭਾਵੇਂ ਸਮਾਜ ਸੇਵੀ ਸੰਸਥਾਵਾਂ ਤੇ ਸਰਕਾਰ ਵਲੋਂ ਰਾਸ਼ਨ ਮਿਲ ਰਿਹਾ ਪਰ ਅਜੇ ਵੀ ਕਈ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਇਸ ਵਕਤ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ ਹੈ। ਧਾਰਮਿਕ ਅਸਥਾਨਾਂ ਵਿਚ ਲੋਕਾਂ/ਸ਼ਰਧਾਲੂਆਂ ਦੇ ਜਾਣ ‘ਤੇ ਲੱਗੀ ਰੋਕ ਕਾਰਨ ਉਥੋਂ ਦੀ ਵੀ ਆਰਥਿਕ ਸਥਿਤੀ ਵਿਗੜ ਗਈ ਹੈ। ਗੁਰਦੁਆਰਿਆਂ ਤੇ ਮੰਦਰਾਂ ਵਿਚ ਸੇਵਾਦਾਰਾਂ ਦੀਆਂ ਤਨਖਾਹਾਂ ਸੇਵਾ ਸੰਭਾਲ ਦੇ ਹੋਰ ਖਰਚੇ ਉਸੇ ਤਰ੍ਹਾਂ ਚੱਲ ਰਹੇ ਪਰ ਆਮਦਨ (ਚੜ੍ਹਾਵਾ) ਘੱਟ ਗਿਆ ਹੈ। ਇਸੇ ਤਰ੍ਹਾਂ ਛੋਟੇ ਵੱਡੇ ਧਾਰਮਿਕ ਸਮਾਗਮਾਂ ਨਾਲ ਜੁੜੇ ਰਾਗੀਆਂ ਪਾਠੀਆਂ ਤੇ ਪੰਡਿਤਾਂ ਦੇ ਘਰ ਦਾ ਗੁਜ਼ਾਰਾ ਵੀ ਇਥੋਂ ਹੀ ਚਲਦਾ ਸੀ। ਉਹ ਸ਼ਾਦੀ ਗਮੀ ਮੌਕਿਆਂ ਵਿਚ ਜਾਂ ਲੋਕਾਂ ਦੇ ਘਰਾਂ ਵਿਚ ਪਾਠ/ਪੂਜਾ ਕਰਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾਉਂਦੇ ਸਨ ਪਰ ਅੱਜ ਹਾਲਾਤ ਨੇ ਉਨ੍ਹਾਂ ਦੇ ਘਰਾਂ ਦੇ ਚੁੱਲ੍ਹੇ ਵੀ ਠੰਢੇ ਕਰ ਦਿੱਤੇ ਹਨ।
ਰਿਪੋਰਟਾਂ ਮੁਤਾਬਿਕ ਸ੍ਰੀ ਮੁਕਤਸਰ ਸਾਹਿਬ ਪੰਜਾਬ ’ਚ ਕਰਫਿਊ ਕਾਰਨ ਗ੍ਰੰਥੀ ਸਿੰਘ ਅਤੇ ਰਾਗੀ ਸਿੰਘ ਨੂੰ ਵੀ ਆਰਥਿਕ ਮੰਦਹਾਲੀ ਦੀ ਮਾਰ ਝੱਲਣੀ ਪੈ ਰਹੀ ਹੈ। ਇਥੋਂ ਦੇ ਗ੍ਰੰਥੀ ਸਿੰਘਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਰਿਵਾਰਾਂ ਦਾ ਗੁਜ਼ਾਰਾ ਨਿੱਜੀ ਤੌਰ ’ਤੇ ਸੰਗਤ ਦੇ ਘਰਾਂ ’ਚ ਜਾਂ ਗੁਰੂ ਘਰਾਂ ’ਚ ਖੁਸ਼ੀ-ਗਮੀ ਦੇ ਪ੍ਰੋਗਰਾਮ ਕਰਨ ’ਤੇ ਚੱਲਦਾ ਹੈ ਪਰ ਕਰਫਿਊ ਕਰ ਕੇ ਧਾਰਮਿਕ ਪ੍ਰੋਗਰਾਮ ਬੰਦ ਹਨ। ਇਸ ਲਈ ਰਾਗੀ ਤੇ ਗ੍ਰੰਥੀ ਸਿੰਘਾਂ ਨੂੰ ਆਰਥਿਕ ਪੱਖ ਤੋਂ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕਰਫਿਊ ਲਾਗੂ ਹੋਣ ਤੋਂ ਬਾਅਦ ਹੁਣ ਤੱਕ ਕਿਸੇ ਵੀ ਸੰਸਥਾ ਜਾਂ ਸਰਕਾਰ ਵੱਲੋਂ ਰਾਗੀ ਜਾਂ ਗ੍ਰੰਥੀ ਸਿੰਘਾਂ ਦੀ ਕੋਈ ਮਦਦ ਨਹੀਂ ਕੀਤੀ ਗਈ।
ਉਨ੍ਹਾਂ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸਮੇਰ ਸਿੰਘ ਨੂੰ ਮੰਗ ਪੱਤਰ ਦੇ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਰਕਾਰ ਪਾਸੋਂ ਮੰਗ ਕੀਤੀ ਕਿ ਰਾਗੀ ਤੇ ਗ੍ਰੰਥੀ ਸਿੰਘਾਂ ਦੀ ਆਰਥਿਕ ਪੱਖ ਤੋਂ ਸਹਾਇਤਾ ਕੀਤੀ ਜਾਵੇ ਤਾਂ ਕਿ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕਣ।
ਸੰਪਰਕ : 7888973676