ਪਣਜੀ: ਗੋਆ ਦੇ ਸ਼੍ਰੀ ਦੇਵੀ ਲੈਰਾਈ ਦੇਵੀ ਮੰਦਿਰ ਵਿੱਚ ਭਗਦੜ ਦੀ ਘਟਨਾ ਦੇ ਮਾਮਲੇ ਵਿੱਚ ਜਾਂਚ ਕਮੇਟੀ ਨੇ ਅੱਜ ਰਾਜ ਦੇ ਮੁੱਖ ਮੰਤਰੀ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਹੈ। ਜਾਂਚ ਲਈ ਬਣਾਈ ਗਈ ਕਮੇਟੀ ਨੇ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ, ਮੰਦਿਰ ਕਮੇਟੀ ਅਤੇ ਭੀੜ ਦੇ ਵਿਵਹਾਰ ਨੂੰ ਇਸ ਦੁਖਾਂਤ ਲਈ ਸਮੂਹਿਕ ਤੌਰ ‘ਤੇ ਜ਼ਿੰਮੇਵਾਰ ਠਹਿਰਾਇਆ ਹੈ। 3 ਮਈ ਦੀ ਸਵੇਰ ਨੂੰ ਉੱਤਰੀ ਗੋਆ ਜ਼ਿਲ੍ਹੇ ਦੇ ਸ਼ਿਰਗਾਓ ਪਿੰਡ ਦੇ ਸ੍ਰੀ ਦੇਵੀ ਲਾਇਰਾਈ ਮੰਦਿਰ ਵਿੱਚ ਇੱਕ ਸਾਲਾਨਾ ਤਿਉਹਾਰ ਦੌਰਾਨ ਭਗਦੜ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ ਅਤੇ 100 ਤੋਂ ਵੱਧ ਜ਼ਖਮੀ ਹੋ ਗਏ ਸਨ। ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਕਾਰਨਾਂ ਦਾ ਪਤਾ ਲਗਾਉਣ ਲਈ ਸਕੱਤਰ (ਮਾਲ) ਸੰਦੀਪ ਜਾਕੀਸ਼ ਦੀ ਅਗਵਾਈ ਵਿੱਚ ਇੱਕ ਜਾਂਚ ਕਮੇਟੀ ਦਾ ਗਠਨ ਕੀਤਾ ਸੀ। ਸਾਵੰਤ ਨੇ ਮੰਗਲਵਾਰ ਨੂੰ ਕਮੇਟੀ ਦੀ ਰਿਪੋਰਟ ਜਨਤਕ ਕਰਦੇ ਹੋਏ ਕਿਹਾ ਕਿ ਕਮੇਟੀ ਨੇ ਪਾਇਆ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਅਤੇ ਮੰਦਿਰ ਕਮੇਟੀ ਦੀਆਂ ਗਲਤੀਆਂ ਤੋਂ ਇਲਾਵਾ, “ਭੀੜ ਦਾ ਵਿਵਹਾਰ” ਵੀ ਇਸ ਦੁਖਾਂਤ ਦਾ ਕਾਰਨ ਬਣਇਆ। ਪੁਲਿਸ ਨੇ ਇਸ ਮਾਮਲੇ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਪਹਿਲਾਂ ਹੀ ਐਫਆਈਆਰ ਦਰਜ ਕਰ ਲਈ ਹੈ।
ਸਾਵੰਤ ਨੇ ਕਿਹਾ ਕਿ ਜਾਂਚ ਕਮੇਟੀ ਵੱਲੋਂ ਜ਼ਿੰਮੇਵਾਰ ਠਹਿਰਾਏ ਗਏ ਅਧਿਕਾਰੀਆਂ ਨੂੰ ‘ਕਾਰਨ ਦੱਸੋ ਨੋਟਿਸ’ ਜਾਰੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਘਟਨਾ ਤੋਂ ਕੁਝ ਘੰਟਿਆਂ ਬਾਅਦ, ਰਾਜ ਸਰਕਾਰ ਨੇ ਜ਼ਿਲ੍ਹਾ ਮੈਜਿਸਟਰੇਟ ਸਨੇਹਾ ਗਿੱਟੇ ਅਤੇ ਪੁਲਿਸ ਸੁਪਰਡੈਂਟ (ਉੱਤਰੀ) ਅਕਸ਼ਿਤ ਕੌਸ਼ਲ ਸਮੇਤ ਹੋਰਾਂ ਦਾ ਤਬਾਦਲਾ ਕਰ ਦਿੱਤਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਮੰਦਿਰ ਵਿੱਚ ਰਸਮਾਂ ਚੱਲ ਰਹੀਆਂ ਸਨ ਅਤੇ ਭੀੜ ਵੱਧ ਰਹੀ ਸੀ ਜਦੋਂ ਪਵਿੱਤਰ ਸਰੋਵਰ ਅਤੇ ‘ਹੋਮਕੁੰਡ’ ਦੇ ਵਿਚਕਾਰ ਢਲਾਣ ਵਾਲੇ ਰਸਤੇ ‘ਤੇ ਭਗਦੜ ਮਚ ਗਈ, ਜਿੱਥੇ ਰਸਮਾਂ ਲਈ ਅੱਗ ਬਾਲੀ ਜਾਂਦੀ ਹੈ।
ਸਾਵੰਤ ਨੇ ਕਿਹਾ ਕਿ ਅਧਿਕਾਰੀਆਂ ਨੇ ਭੀੜ ਨੂੰ ਕੰਟਰੋਲ ਨਹੀਂ ਕੀਤਾ ਅਤੇ ਯੋਜਨਾਬੰਦੀ ਵੀ ਮਾੜੀ ਸੀ। ਉਨ੍ਹਾਂ ਕਿਹਾ ਕਿ ਕੁਝ ਸ਼ਰਧਾਲੂਆਂ ਦਾ ਵਿਵਹਾਰ ਵੀ ਸਹੀ ਨਹੀਂ ਸੀ। ਮੰਦਿਰ ਪ੍ਰਬੰਧਕ ਕਮੇਟੀ ਨੇ ਵੀ ਤਿਉਹਾਰ ਦੇ ਪ੍ਰਬੰਧ ਕਰਦੇ ਸਮੇਂ ਪ੍ਰਸ਼ਾਸਨ ਨਾਲ ਲੋੜੀਂਦਾ ਸਹਿਯੋਗ ਨਹੀਂ ਕੀਤਾ। ਸਾਵੰਤ ਨੇ ਕਿਹਾ, “ਮੰਦਿਰ ਕਮੇਟੀ ਨੇ ਭੀੜ ਨੂੰ ਕੰਟਰੋਲ ਕਰਨ ਲਈ ਕੋਈ ਪਹਿਲ ਨਹੀਂ ਕੀਤੀ।” ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਪੱਧਰ ਦੇ ਤਿਉਹਾਰ ਲਈ ਲੋੜੀਂਦੇ ਸੁਰੱਖਿਆ ਉਪਾਅ ਕਰਨ ਵਿੱਚ ਅਸਫਲ ਰਿਹਾ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।