ਕਿਸਾਨ ਮਹਿਲਾ ਨਾਲ ਬਦਸਲੂਕੀ ਲਈ ਕੌਣ ਹੈ ਜ਼ਿਮੇਵਾਰ ?

TeamGlobalPunjab
4 Min Read

-ਅਵਤਾਰ ਸਿੰਘ;

ਕੇਂਦਰ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵਲੋਂ ਲਿਆਂਦੇ ਗਏ ਤਿੰਨ ਕਾਲੇ ਖੇਤੀ ਕਾਨੂੰਨਾਂ ਖਿਲਾਫ ਦੇਸ਼ਵਿਆਪੀ ਰੋਹ ਜਾਰੀ ਹੈ। ਦਿੱਲੀ ਦੀਆਂ ਸਰਹੱਦਾਂ ਉੱਪਰ ਪੰਜਾਬ, ਹਰਿਆਣਾ ਸਮੇਤ ਵੱਖ ਵੱਖ ਸੂਬਿਆਂ ਦੇ ਕਿਸਾਨ ਲੱਗਪਗ ਅੱਠ ਮਹੀਨਿਆਂ ਤੋਂ ਧਰਨਾ ਦੇ ਰਹੇ ਹਨ।ਉਹ ਮੌਸਮ ਦੀ ਹਰ ਮਾਰ ਝੱਲ ਰਹੇ ਹਨ। ਇਸ ਦੌਰਾਨ ਬਹੁਤ ਸਾਰੇ ਕਿਸਾਨ ਆਪਣੇ ਪਰਿਵਾਰਾਂ ਨੂੰ ਵਿਛੋੜਾ ਦੇ ਕੇ ਸ਼ਹੀਦੀਆਂ ਵੀ ਪਾ ਚੁੱਕੇ ਹਨ। ਇਸ ਦੌਰਾਨ ਭਾਰਤੀ ਜਨਤਾ ਪਾਰਟੀ ਸਮੇਤ ਹੋਰ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਕਿਸਾਨਾਂ ਦੇ ਵਿਰੋਧ ਦਾ ਸ਼ਿਕਾਰ ਵੀ ਹੋਣਾ ਪੈ ਰਿਹਾ ਹੈ। ਪਰ ਮੋਦੀ ਸਰਕਾਰ ਇਸ ਮੁੱਦੇ ਨੂੰ ਸੰਜੀਦਗੀ ਨਾਲ ਨਹੀਂ ਲੈ ਰਹੀ। ਸਰਕਾਰ ਉਪਰ ਕਾਰਪੋਰੇਟ ਨਾਲ ਰਲੇ ਹੋਣ ਦੇ ਦੋਸ਼ ਵੀ ਲੱਗ ਰਹੇ ਹਨ।

ਆਪਣਾ ਘਰ ਬਾਰ ਛੱਡ ਕੇ ਧਰਨਿਆਂ ‘ਤੇ ਬੈਠੇ ਕਿਸਾਨ ਪਰਿਵਾਰ ਹਰ ਤਸ਼ੱਦਦ ਦੇ ਸ਼ਿਕਾਰ ਹੋ ਰਹੇ ਹਨ। ਇਸ ਸੰਘਰਸ਼ ਵਿੱਚ ਔਰਤਾਂ ਅਤੇ ਬੱਚੇ ਵੀ ਆਪਣਾ ਯੋਗਦਾਨ ਪਾ ਰਹੇ ਹਨ। ਉਨ੍ਹਾਂ ਦੇ ਮਨਾਂ ਵਿੱਚ ਸਰਕਾਰ ਪ੍ਰਤੀ ਰੋਸ ਤੇ ਗੁੱਸਾ ਹੈ। ਉਹ ਆਪਣਾ ਗੁੱਸਾ ਲੀਡਰਾਂ ਨੂੰ ਘੇਰਨ ‘ਤੇ ਕੱਢ ਰਹੇ ਹਨ।

ਮੀਡੀਆ ਰਿਪੋਰਟਾਂ ਮੁਤਾਬਿਕ ਚੰਡੀਗੜ੍ਹ ਸਥਿਤ ਹਿਮਾਚਲ ਭਵਨ ਵਿੱਚ ਵੀਰਵਾਰ ਨੂੰ ਭਾਰਤੀ ਜਨਤਾ ਪਾਰਟੀ ਦੀ ‘ਜਨ ਅਸ਼ੀਰਵਾਦ ਯਾਤਰਾ’ ਦੌਰਾਨ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੂੰ ਕਿਸਾਨ ਸਮਰਥਕਾਂ ਵੱਲੋਂ ਕਾਲੇ ਝੰਡੇ ਦਿਖਾਏ ਗਏ ਸਨ। ਇਸ ਦੌਰਾਨ ਕੁਝ ਭਾਜਪਾ ਵਰਕਰਾਂ ਨੇ ਰੋਸ ਪ੍ਰਦਰਸ਼ਨ ਕਰ ਰਹੀ ਇੱਕ ਕਿਸਾਨ ਮਹਿਲਾ ਦੇ ਵਾਲ ਪੁੱਟਦਿਆਂ ਉਸ ਨਾਲ ਬਦਸਲੂਕੀ ਕੀਤੀ ਸੀ। ਇਸ ਘਟਨਾ ਦੀ ਸੋਸ਼ਲ ਮੀਡੀਆ ਉਪਰ ਇਕ ਵੀਡੀਓ ਵੀ ਖੂਬ ਵਾਇਰਲ ਹੋਈ ਜਿਸ ਵਿੱਚ ਇਕ ਸਖਸ਼ ਸ਼ਰੇਆਮ ਮਹਿਲਾ ਨਾਲ ਬਦਸਲੂਕੀ ਕਰਦਾ ਨਜ਼ਰ ਆ ਰਿਹਾ ਹੈ। ਭਾਰਤੀ ਸੰਵਿਧਾਨ ਅਨੁਸਾਰ ਆਪਣੇ ਹੱਕਾਂ ਲਈ ਹਰ ਇਕ ਨੂੰ ਰੋਸ ਜ਼ਾਹਿਰ ਕਰਨ ਦਾ ਅਧਿਕਾਰ ਹੈ।

- Advertisement -

 

 

ਇਸ ਘਟਨਾ ਦੇ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਸ਼ੁਰੂ ਕੀਤੀ ਜਾ ਚੁੱਕੀ ਹੈ। ਸੰਯੁਕਤ ਕਿਸਾਨ ਯੂਨੀਅਨ ਦੇ 6 ਮੈਂਬਰਾਂ ਨੇ ਚੰਡੀਗੜ੍ਹ ਦੇ ਮਟਕਾ ਚੌਕ ’ਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਕਿਸਾਨ ਯੂਨੀਅਨ ਅਤੇ ਪੀੜਤ ਮਹਿਲਾ ਵੱਲੋਂ ਚੰਡੀਗੜ੍ਹ ਪੁਲੀਸ ਦੇ ਐੱਸਐੱਸਪੀ ਕੁਲਦੀਪ ਸਿੰਘ ਚਹਿਲ ਨੂੰ ਇਕ ਪੱਤਰ ਦਿੱਤਾ ਗਿਆ ਜਿਸ ਵਿੱਚ ਮਹਿਲਾ ਨਾਲ ਬਦਸਲੂਕੀ ਕਰਨ ਵਾਲੇ ਕਥਿਤ ਭਾਜਪਾ ਵਰਕਰਾਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਪੁਲੀਸ ਨੇ ਮਾਮਲੇ ਦੀ ਪੜਤਾਲ ਕਰਨ ਵਾਸਤੇ ਰਾਜ ਕੌਰ ਨਾਂ ਦੀ ਪੀੜਤ ਮਹਿਲਾ ਨੂੰ 22 ਅਗਸਤ ਤੱਕ ਦਾ ਸਮਾਂ ਦਿੱਤਾ ਹੈ। ਕਿਸਾਨ ਮਹਿਲਾ ਰਾਜ ਕੌਰ ਦਾ ਕਹਿਣਾ ਹੈ ਕਿ ਉਸ ਨੂੰ ਐੱਸਐੱਸਪੀ ਨੇ ਕਾਰਵਾਈ ਕਰਨ ਲਈ 22 ਅਗਸਤ ਦਾ ਸਮਾਂ ਦਿੱਤਾ ਹੈ ਅਤੇ ਜੇ 22 ਤੱਕ ਕਾਰਵਾਈ ਨਾ ਕੀਤੀ ਗਈ ਤਾਂ ਯੂਨਾਈਟਿਡ ਕਿਸਾਨ ਮੋਰਚੇ ਵੱਲੋਂ ਸ਼ਹਿਰ ਵਿੱਚ ਇੱਕ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ।

ਮਹਿਲਾ ਨਾਲ ਬਦਸਲੂਕੀ ਦੇ ਮਾਮਲੇ ਵਿੱਚ ਮਟਕਾ ਚੌਕ ਵਿੱਚ ਕੁਝ ਕਿਸਾਨ ਜਿਨ੍ਹਾਂ ਵਿੱਚ ਕੁਲਦੀਪ ਕੁੰਡੂ ਸਣੇ ਗੁਰਜੀਤ ਸਿੰਘ ਢਿੱਲੋਂ, ਬਾਲ ਕ੍ਰਿਸ਼ਨ, ਗੁਰਮੀਤ ਸਿੰਘ ਨਾਡਾ, ਸੰਸਾਰ ਸਿੰਘ ਅਤੇ ਕਿਸਾਨ ਯੂਨੀਅਨ ਦੇ ਬਲਬੀਰ ਕੌਰ ਭੁੱਖ ਹੜਤਾਲ ’ਤੇ ਬੈਠ ਗਏ। ਭੁੱਖ ਹੜਤਾਲ ਉਦੋਂ ਤੱਕ ਜਾਰੀ ਰੱਖਣਗੇ ਜਦੋਂ ਤੱਕ ਮਹਿਲਾ ਨਾਲ ਦੁਰਵਿਹਾਰ ਕਰਨ ਵਾਲੇ ਭਾਜਪਾ ਆਗੂਆਂ ਤੇ ਵਰਕਰਾਂ ਵਿਰੁੱਧ ਕੇਸ ਦਰਜ ਨਹੀਂ ਕੀਤਾ ਜਾਂਦਾ। ਇਸ ਘਟਨਾ ਦੇ ਵਿਰੋਧ ਵਿੱਚ ਸ਼ੁਕਰਵਾਰ ਨੂੰ ਕਾਂਗਰਸ ਦੇ ਕਾਰਕੁਨਾਂ ਨੇ ਭਰਤੀ ਜਨਤਾ ਪਾਰਟੀ ਦੇ ਦਫਤਰ ਸੈਕਟਰ 33 ਦਾ ਘੇਰਾਓ ਕਰਕੇ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ।

 

- Advertisement -

ਹੁਣ ਦੇਖਣ ਵਾਲੀ ਗੱਲ ਹੈ ਕਿ ਦੇਸ਼ ਦੇ ਵੱਖ ਵੱਖ ਥਾਂਵਾਂ ਵਿੱਚ ਅਜਿਹੀਆਂ ਅਣਸੁਖਾਵੀਆਂ ਘਟਨਾਵਾਂ ਵਾਪਰ ਰਹੀਆਂ ਹਨ ਪਰ ਸਰਕਾਰ ਇਨ੍ਹਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ। ਇਸ ਨਾਲ ਆਪਸੀ ਨਫਰਤ ਵਧ ਰਹੀ ਹੈ, ਭਾਈਚਾਰਕ ਸਾਂਝ ਨੂੰ ਖੋਰਾ ਲੱਗ ਰਿਹਾ ਹੈ। ਔਰਤਾਂ ਜਿਨ੍ਹਾਂ ਦੀ ਸੁਰੱਖਿਆ ਦੀ ਪੈਰਵੀ ਦਾ ਸਰਕਾਰ ਦਾਅਵਾ ਕਰ ਰਹੀ ਹੈ, ਉਨ੍ਹਾਂ ਨਾਲ ਬਦਸਲੂਕੀ ਹੋ ਰਹੀ। ਅਜਿਹੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਸਰਕਾਰ ਨੂੰ ਖੇਤੀ ਕਾਨੂੰਨਾਂ ਪ੍ਰਤੀ ਸੰਜੀਦਗੀ ਨਾਲ ਸੋਚ ਵਿਚਾਰ ਕਰਕੇ ਹੱਲ ਕੱਢਿਆ ਜਾਵੇ ਤਾਂ ਕਿ ਫੈਲ ਰਹੀ ਅਰਾਜਕਤਾ ਖਤਮ ਹੋ ਸਕੇ।

Share this Article
Leave a comment