ਖੇਤੀ ਮੁੱਦੇ ‘ਤੇ ਗੁੰਮਰਾਹ ਕੌਣ ? ਕਿਸਾਨ ਜਾਂ ਦੇਸ਼ ਦਾ ਨੇਤਾ ?

TeamGlobalPunjab
5 Min Read

-ਜਗਤਾਰ ਸਿੰਘ ਸਿੱਧੂ

 

ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਰਲੀਮੈਂਟ ‘ਚ ਪਾਸ ਕਰਵਾਏ ਤਿੰਨ ਖੇਤੀ ਬਿੱਲਾਂ ਵਿਰੁੱਧ ਪੂਰਾ ਪੰਜਾਬ ਇੱਕਜੁਟ ਹੈ। ਬਹੁਤੇ ਲੰਮੇ ਸਮੇਂ ਬਾਅਦ ਪੰਜਾਬ ‘ਚ ਅਜਿਹਾ ਮਾਹੌਲ ਬਣਿਆ ਹੈ ਕਿ ਬੱਚਾ-ਬੱਚਾ ਪੰਜਾਬ ਦਾ ਇੱਕੋ ਬੋਲੀ ਬੋਲ ਰਿਹਾ ਹੈ। ਪਿੰਡਾਂ ਦੀਆਂ ਸੱਥਾਂ ‘ਚ ਇਹੋ ਚਰਚਾ ਹੈ। ਸਮਾਜਿਕ ਇਕੱਠਾਂ ‘ਚ ਇਹ ਚਰਚਾ ਹੈ। ਇਹ ਕਿਸੇ ਇੱਕ ਧਿਰ ਦੀ ਲੜਾਈ ਨਹੀਂ ਸਗੋਂ ਸਮੁੱਚੇ ਪੰਜਾਬੀਆਂ ਦੀ ਲੜਾਈ ਬਣ ਗਈ ਹੈ। ਇਸ ਲੜਾਈ ਨੂੰ ਖੜ੍ਹੀ ਕਰਨ ਦਾ ਸਿਹਰਾ ਸਮੁੱਚੀਆਂ ਕਿਸਾਨ ਜਥੇਬੰਦੀਆਂ ਸਿਰ ਜਾਂਦਾ ਹੈ। ਇਸ ਤੋਂ  ਪਹਿਲਾਂ ਵੀ ਕਿਸਾਨ ਅੰਦੋਲਨ ਉੱਠਦੇ ਰਹੇ ਹਨ ਪਰ ਐਨਾ ਭਰਵਾ ਹੁੰਗਾਰਾ ਪਹਿਲੀ ਵਾਰ ਮਿਲਿਆ ਹੈ। ਇਸ ਹੁੰਗਾਰੇ ‘ਚ ਟਰਾਂਸਪੋਰਟਰ, ਆੜਤੀਏ, ਗੀਤਕਾਰ, ਧਾਰਮਿਕ ਜਥੇਬੰਦੀਆਂ ਅਤੇ ਹੋਰ ਵੱਖ-ਵੱਖ ਵਰਗਾਂ ਦੇ ਲੋਕ ਸ਼ਾਮਲ ਹਨ। ਮੈਂ ਕਿਸਾਨ ਸੰਘਰਸ਼ ਕਮੇਟੀ ਦੇ ਇੱਕ ਨੇਤਾ ਨਾਲ ਗੱਲ ਕਰ ਰਿਹਾ ਸੀ ਤਾਂ ਉਸ ਦਾ ਕਹਿਣਾ ਸੀ ਕਿ ਪੰਜਾਬ ਦੀਆਂ ਰਾਜਸੀ ਧਿਰਾਂ ਨੂੰ ਕਿਸਾਨ ਅੰਦੋਲਨ ਨੇ ਮੁੱਦੇ ਦੀ ਹਮਾਇਤ ਲਈ ਮਜ਼ਬੂਰ ਕੀਤਾ ਹੈ ਪਰ ਰਾਜਸੀ ਧਿਰਾਂ ਦਾ ਆਪਣਾ ਏਜੰਡਾ ਹੈ ਕਿ ਪੰਜਾਬ ਦੀ ਸਤਾ ‘ਤੇ ਕਬਜ਼ਾ ਕਿਵੇਂ ਕਰਨਾ ਹੈ। ਮਿਸਾਲ ਵਜੋਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਦੀ ਨੇਤਾ ਹਰਸਿਮਰਤ ਕੌਰ ਬਾਦਲ ਨੇ ਅੰਦੋਲਨ ਦੇ ਦਬਾ ਕਾਰਨ ਕੇਂਦਰੀ ਵਜ਼ਾਰਤ ‘ਚੋਂ ਅਸਤੀਫਾ ਦੇ ਦਿੱਤਾ ਹੈ ਪਰ ਭਾਜਪਾ ਨਾਲ ਗਠਜੋੜ ਕਾਇਮ ਹੈ। ਉਂਝ ਵੀ ਅਕਾਲੀ ਦਲ ਕੇਵਲ ਖੇਤੀ ਆਰਡੀਨੈਂਸਾਂ ਨਾਲ ਜੁੜੇ ਮੁੱਦੇ ਵਾਪਸ ਲੈਣ ਦੀ ਗੱਲ ਲਗਾਤਾਰ ਆਖ ਰਿਹਾ ਹੈ ਪਰ ਭਾਜਪਾ ਦੀ ਲੀਡਰਸ਼ਿਪ ਵਿਰੁੱਧ ਇੱਕ ਸ਼ਬਦ ਨਹੀਂ ਬੋਲਿਆ। ਇਸੇ ਤਰ੍ਹਾਂ ਭਾਜਪਾ ‘ਚੋਂ ਸੇਵਾ ਮੁਕਤ ਹੋ ਚੁੱਕੇ ਨੇਤਾ ਮਦਨ ਮੋਹਨ ਮਿੱਤਲ ਤਾਂ ਅਗਲੀ ਵਿਧਾਨ ਸਭਾ ਚੋਣ ਲਈ ਅਕਾਲੀ ਦਲ ਨੂੰ ਵਧੇਰੇ ਸੀਟਾਂ ਲੈਣ ਦੀ ਚੁਣੌਤੀ ਦੇ ਰਹੇ ਹਨ ਪਰ ਪੰਜਾਬ ਦੇ ਅਹੁਦਿਆਂ  ‘ਤੇ ਬੈਠੇ ਨੇਤਾ ਅਕਾਲੀ ਲੀਡਰਸ਼ਿਪ ਵਿਰੁੱਧ ਕੁਝ ਵੀ ਬੋਲਣ ਲਈ ਤਿਆਰ ਨਹੀਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਧਾਨ ਸਭਾ ‘ਚ ਮਤਾ ਪਾ ਕੇ ਰਵਾਇਤੀ ਢੰਗ ਨਾਲ ਖੇਤੀ ਬਿੱਲ ਰੱਦ ਕਰ ਦਿੱਤੇ ਪਰ ਕਾਂਗਰਸ ਦਾ ਅਸਲ ਮੁੱਦਾ ਵਿਧਾਨ ਸਭਾ ਚੋਣ ਹੀ ਹੈ। ਰਾਜਸੀ ਹਲਕਿਆਂ ‘ਚ ਹੈਰਾਨੀ ਹੈ ਕਿ ਪੰਜਾਬ ਕਾਂਗਰਸ ਨੇ 23 ਸਤੰਬਰ ਨੂੰ ਦਿੱਲੀ ‘ਚ ਰੋਸ ਮਾਰਚ ਕਰਨ ਦਾ ਬਕਾਇਦਾ ਐਲਾਨ ਕੀਤਾ ਸੀ ਪਰ ਇੱਕ ਦਿਨ ਪਹਿਲਾਂ ਹੀ ਅਚਾਨਕ ਰੱਦ ਕਰ ਦਿੱਤਾ। ਇਹ ਕਿਸ ਦੇ ਦਬਾ ਹੇਠ ਰੱਦ ਹੋਇਆ? ਬੇਹਤਰ ਜੁਆਬ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਦੇ ਸਕਦੇ ਹਨ। ਇਹ ਜ਼ਰੂਰ ਹੈ ਕਿ ਪੰਜਾਬ ਕਾਂਗਰਸ ਦੇ ਨਵੇਂ ਬਣੇ ਇੰਚਾਰਜ ਹਰੀਸ਼ ਰਾਵਤ ਨੇ ਪਹਿਲਾਂ 23  ਸਤੰਬਰ ਨੂੰ ਚੰਡੀਗੜ੍ਹ ਆਉਣਾ ਸੀ ਪਰ ਕਾਂਗਰਸ ਦੇ ਦਿੱਲੀ ਰੋਸ ਮੁਜ਼ਾਹਰੇ ਕਾਰਨ ਇਹ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ ਸੀ।  ਹੁਣ 23 ਦਾ ਰੋਸ ਮੁਜ਼ਾਹਰਾ ਵੀ ਰੱਦ ਹੋ ਗਿਆ ਤਾਂ ਸਵਾਲ ਤਾਂ ਉੱਠਣਗੇ। ਪੰਜਾਬ ਦੀ ਆਮ ਆਦਮੀ ਪਾਰਟੀ ਵੱਲੋਂ ਵੀ ਦੋਸ਼ ਲੱਗ ਰਹੇ ਹਨ ਕਿ ਅਕਾਲੀ ਦਲ ਅਤੇ ਕਾਂਗਰਸ ਮੋਦੀ ਸਰਕਾਰ ਨਾਲ ਮਿਲ ਕੇ ਚੱਲ ਰਹੇ ਹਨ। ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੀ ਕੱਲ ਅੰਮ੍ਰਿਤਸਰ ‘ਚ ਚਾਰ ਜ਼ਜ਼ਬਾਤੀ ਗੱਲਾਂ ਕਰਕੇ ਕਿਸਾਨਾਂ ਦੇ ਹੱਕ ‘ਚ ਹਾਜ਼ਰੀ ਲੁਆਈ ਪਰ ਸੜਕਾਂ ‘ਤੇ ਅੰਦੋਲਨ ਕਰ ਰਹੇ ਕਿਸਾਨਾਂ ਲਈ ਸੰਘਰਸ਼ ‘ਚ ਕੌਣ ਕੁਦੇਗਾ? ਅਕਾਲੀ ਦਲ (ਡੈਮੋਕ੍ਰੇਟਿਕ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਰਾਜਸੀ ਧਿਰਾਂ ਨੂੰ ਪ੍ਰੋਗਰਾਮ ਉਲੀਕਣ ਦੀ ਥਾਂ ਕਿਸਾਨੀ ਮੁੱਦੇ ਦੀ ਹਮਾਇਤ ਕਰਨੀ ਚਾਹੀਦੀ ਹੈ। ਇਸੇ ਲਈ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਰਾਜਸੀ ਧਿਰਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਰੇਲ ਰੋਕੋ ਪ੍ਰੋਗਰਾਮ ‘ਚ ਸ਼ਾਮਲ ਨਾ ਹੋਣ। ਅਸਲ ‘ਚ ਇਹ ਅੰਦੋਲਨ ਆਮ ਲੋਕਾਂ ਦੀ ਹਮਾਇਤ ਨਾਲ ਅੱਗੇ ਵੱਧ ਰਿਹਾ ਹੈ। ਕਿਸਾਨਾਂ ਦੇ ਮੋਰਚਿਆਂ ‘ਚ ਪਿੰਡਾਂ ਤੋਂ ਆ ਰਿਹਾ ਦੁੱਧ, ਸਬਜ਼ੀਆਂ, ਦਾਲਾਂ ਅਤੇ ਆਟਾ ਇਸ ਦੀ ਇੱਕ ਮਿਸਾਲ ਹਨ। ਕਿਸਾਨ ਜਥੇਬੰਦੀਆਂ ਦਾ ਵਿਸ਼ਾਲ ਏਕਾ ਇਸ ਸੰਘਰਸ਼ ਨੂੰ ਅਮਲੀ ਰੂਪ ਦੇ ਰਿਹਾ ਹੈ।

ਕਿਸਾਨ ਅੰਦੋਲਨ ਦੇ ਮੁੱਦੇਨਜ਼ਰ ਭਾਜਪਾ ਦੀ ਪੰਜਾਬ ਇਕਾਈ ‘ਚ ਪ੍ਰੇਸ਼ਾਨੀ ਬਣੀ ਹੋਈ ਹੈ। ਕੇਂਦਰ ਦੇ ਆਗੂਆਂ ਦੀ ਹਦਾਇਤ ‘ਤੇ ਪੰਜਾਬ ਅਤੇ ਹਰਿਆਣਾ ਦੇ ਭਾਜਪਾ ਆਗੂ ਸਾਂਝੇ ਤੌਰ ‘ਤੇ ਮੀਟਿੰਗਾਂ ਕਰ ਰਹੇ ਹਨ। ਭਾਜਪਾ ਦਾ ਇੱਕ ਹਿੱਸਾ ਇਹ ਮਹਿਸੂਸ ਕਰ ਰਿਹਾ ਹੈ ਕਿ ਕਿਸਾਨ ਠੀਕ ਹਨ ਪਰ ਭਾਜਪਾ ਦੀ ਲੀਡਰਸ਼ਿਪ ਆਖ ਰਹੀ ਹੈ ਕਿ ਕਿਸਾਨਾਂ ਨੂੰ ਰਾਜਸੀ ਪਾਰਟੀਆਂ ਗੁੰਮਰਾਹ ਕਰ ਰਹੀਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਕੁਝ ਸਮਾਂ ਪਹਿਲਾਂ ਦੇਸ਼ ਦੇ ਕਿਸਾਨਾਂ ਨੇ ਭਾਜਪਾ ਨੂੰ ਵੋਟਾਂ ਪਾ ਕੇ ਵੱਡੀ ਗਿਣਤੀ ਨਾਲ ਜਿਤਾਇਆ ਸੀ ਤਾਂ ਉਸ ਵੇਲੇ ਕਿਸਾਨ ਨੂੰ ਕਿਸ ਨੇ ਗੁੰਮਰਾਹ ਕੀਤਾ ਸੀ? ਸਾਡੇ ਰਾਜਸੀ ਆਗੂਆਂ ਦੀ ਤ੍ਰਾਸਦੀ ਇਹ ਹੈ ਕਿ ਉਹ ਵਿਰੋਧੀ ਸੁਰ ਸੁਣਨ ਲਈ ਤਿਆਰ ਨਹੀਂ। ਵਿਰੋਧੀ ਸੁਰਾਂ ‘ਤੇ ਵੱਖਵਾਦ, ਦੰਗੇ ਭੜਕਾਉਣ ਅਤੇ ਨਫਰਤ ਫੈਲਾਉਣ ਵਰਗੇ ਦੋਸ਼ ਲਾ ਕੇ ਕੇਸ ਦਰਜ ਕੀਤੇ ਜਾਂਦੇ ਹਨ ਪਰ ਜੇ ‘ਜੈ ਜਵਾਨ ਜੈ ਕਿਸਾਨ’ ਦਾ ਨਾਅਰਾ ਬੋਲਣ ਵਾਲੇ ਦੇਸ਼ ਦੇ ਕਿਸਾਨ ‘ਤੇ ਗੁੰਮਰਾਹ ਹੋਣ ਦੇ ਦੋਸ਼ ਲੱਗਣ ਤਾਂ ਅਸੀਂ ਆਪਣੇ ਗੌਰਵ ਵੱਲ ਪਿੱਠ ਕਰਕੇ ਖੜ੍ਹੇ ਹੋ ਗਏ ਹਾਂ।

- Advertisement -

ਸੰਪਰਕ : 98140-02186

Share this Article
Leave a comment