ਨਵੀ ਦਿੱਲੀ : ਅੱਜ ਦੇ ਦੌਰ ਵਿੱਚ ਬੱਚੇ, ਬਾਲਗ- ਨਾਬਾਲਗ ਸਭ ਲੋਕ WhatsApp, Instagram ਅਤੇ Snapchat ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰਦੇ ਹਨ। ਅਜਿਹੀ ਸਥਿਤੀ ਵਿੱਚ, ਕਈ ਵਾਰ ਉਹਨਾਂ ਨੂੰ ਅਣਜਾਣ ਲੋਕਾਂ ਦੇ ਸੁਨੇਹਿਆਂ ਜਾਂ ਇਤਰਾਜ਼ਯੋਗ ਸਮੱਗਰੀ (ਕੰਟੈਂਟ) ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸੇ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ, WhatsApp ਨੇ ਇਹ ਨਵਾਂ ਸੁਰੱਖਿਆ ਫੀਚਰ ਸ਼ੁਰੂ ਕੀਤਾ ਹੈ।
ਪ੍ਰਸਿੱਧ ਮੈਸੇਜਿੰਗ ਪਲੇਟਫਾਰਮ WhatsApp ਬੱਚਿਆਂ ਦੀ ਔਨਲਾਈਨ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਨਵਾਂ ਫੀਚਰ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। WhatsApp ਜਲਦ ਹੀ “ਪੇਰੈਂਟ ਮੈਨੇਜਡ ਅਕਾਊਂਟਸ” ਨਾਮਕ ਇੱਕ ਫੀਚਰ ਜੋੜਨ ‘ਤੇ ਵਿਚਾਰ ਕਰ ਰਿਹਾ ਹੈ। ਇਸ ਫੀਚਰ ਦਾ ਉਦੇਸ਼ ਬੱਚਿਆਂ ਲਈ WhatsApp ਨੂੰ ਸੁਰੱਖਿਅਤ ਬਣਾਉਣਾ ਹੈ।
ਦੱਸ ਦਈਏ ਰਿਪੋਰਟਾਂ ਦੇ ਅਨੁਸਾਰ ਇਹ ਸਿਸਟਮ ਖਾਸ ਤੌਰ ‘ਤੇ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਤਿਆਰ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਬੱਚਿਆਂ ਦੇ WhatsApp ਖਾਤਿਆਂ ਨੂੰ ਉਨ੍ਹਾਂ ਦੇ ਮਾਪਿਆਂ ਦੇ ਖਾਤਿਆਂ ਨਾਲ ਜੋੜਿਆ ਜਾਵੇਗਾ, ਜਿਸ ਨਾਲ ਮਾਪੇ ਆਪਣੇ ਬੱਚਿਆਂ ਦੀਆਂ WhatsApp ਗਤੀਵਿਧੀਆਂ ਦੀ ਨਿਗਰਾਨੀ ਕਰ ਸਕਣਗੇ।
ਇਸ ਨਵੀਂ ਵਿਸ਼ੇਸ਼ਤਾ ਦੇ ਨਾਲ ਮਾਪਿਆਂ ਕੋਲ ਕਈ ਤਰ੍ਹਾਂ ਦੇ ਨਿਯੰਤਰਣ ਹੋਣਗੇ। ਉਹ ਇਹ ਫੈਸਲਾ ਕਰਨ ਦੇ ਯੋਗ ਹੋਣਗੇ ਕਿ ਉਨ੍ਹਾਂ ਦੇ ਬੱਚਿਆਂ ਨੂੰ ਕੌਣ ਸੁਨੇਹੇ ਭੇਜ ਸਕਦਾ ਹੈ, ਉਨ੍ਹਾਂ ਦੀ ਸੰਪਰਕ ਸੂਚੀ ਵਿੱਚ ਕਿਸ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ ਅਤੇ ਉਨ੍ਹਾਂ ਨੂੰ ਕਿਹੜੇ ਗਰੁਪਾਂ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਇਸਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਬੱਚੇ ਸੁਰੱਖਿਅਤ ਵਾਤਾਵਰਣ ਵਿੱਚ ਸੁਨੇਹਾ ਭੇਜ ਸਕਣ ਅਤੇ ਅਜਨਬੀਆਂ ਦੇ ਸੰਪਰਕ ਤੋਂ ਬਚ ਸਕਣ।
ਦੱਸਣਯੋਗ ਹੈ ਕਿ ਇਹ WhatsApp ਫ਼ੀਚਰ ਬੱਚਿਆਂ ਦੇ ਖਾਤਿਆਂ ‘ਤੇ ਕੁਝ ਪਾਬੰਦੀਆਂ ਵੀ ਲਗਾਏਗਾ। ਰਿਪੋਰਟ ਦੇ ਅਨੁਸਾਰ ਬੱਚਿਆਂ ਨੂੰ ਐਪ ਦੀਆਂ ਕੁਝ ਉੱਨਤ ਵਿਸ਼ੇਸ਼ਤਾਵਾਂ ਦੀ ਵਰਤੋਂ ਕਰਨ ਦੀ ਆਗਿਆ ਨਹੀਂ ਹੋਵੇਗੀ। ਇਨ੍ਹਾਂ ਵਿੱਚ ਸਟੇਟਸ ਅਪਡੇਟਸ, ਚੈਨਲ ਅਤੇ ਮੈਟਾ ਏਆਈ ਨਾਲ ਸਬੰਧਤ ਵਿਸ਼ੇਸ਼ਤਾਵਾਂ ਸ਼ਾਮਲ ਹੋਣਗੀਆਂ। ਇਸ ਨਵੇਂ ਸਿਸਟਮ ਵਿੱਚ ਵਾਧੂ ਸੁਰੱਖਿਆ ਵਿਸ਼ੇਸ਼ਤਾਵਾਂ ਵੀ ਸ਼ਾਮਲ ਹੋ ਸਕਦੀਆਂ ਹਨ। ਰਿਪੋਰਟਾਂ ਅਨੁਸਾਰ ਕਿਸੇ ਅਣਜਾਣ ਜਾਂ ਸ਼ੱਕੀ ਵਿਅਕਤੀ ਦਾ ਕੋਈ ਵੀ ਸੁਨੇਹਾ ਇੱਕ ਵੱਖਰੇ ਫੋਲਡਰ ਵਿੱਚ ਭੇਜਿਆ ਜਾਵੇਗਾ। ਮਾਪੇ ਇਹਨਾਂ ਸੁਨੇਹਿਆਂ ਨੂੰ ਦੇਖ ਸਕਣਗੇ ਅਤੇ ਲੋੜ ਪੈਣ ‘ਤੇ ਵਿਅਕਤੀ ਨੂੰ ਬਲਾਕ ਕਰ ਸਕਣਗੇ।

