ਪ੍ਰੇਰਨਾਮਈ ਸੰਦੇਸ਼ਾਂ ਨਾਲ ਭਰਪੂਰ ਹੈ ਵੱਟਸਐਪ

TeamGlobalPunjab
4 Min Read

-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ

ਸਮਾਰਟ ਫ਼ੋਨ ਅਤੇ ਕੰਪਿਊਟਰ ਦੇ ਇਸ ਯੁਗ ਵਿੱਚ ਸਾਡੀ ਨੌਜਵਾਨ ਪੀੜ੍ਹੀ ਦੀ ਤਾਂ ਕੀ ਗੱਲ ਕਰਨੀ ਨਿੱਕੀ ਉਮਰ ਦੇ ਬੱਚੇ ਤੇ ਵਡੇਰੀ ਉਮਰ ਦੇ ਬਜ਼ੁਰਗ ਵੀ ਇਨ੍ਹਾਂ ਆਧੁਨਿਕ ਗੈਜੇਟਸ ਦੀ ਪਕੜ ਤੋਂ ਬਚ ਨਹੀਂ ਪਾਏ ਹਨ। ਸਵੇਰ ਅੱਖ ਖੋਲ੍ਹਣ ਤੋਂ ਲੈ ਕੇ ਰਾਤ ਅੱਖ ਬੰਦ ਹੋਣ ਤੱਕ ਮੋਬਾਇਲ ਫ਼ੋਨ ਸਾਡਾ ਸੱਚਾ ਸਾਥੀ ਹੋ ਨਿਬੜਿਆ ਹੈ ਪਰ ਮੋਬਾਇਲ ਫ਼ੋਨ ਤੋਂ ਕੁਝ ਘਟੀਆ ਤੇ ਮਾੜਾ ਸਿੱਖਣ ਦੀ ਥਾਂ ਜੇਕਰ ਯੂਟਿਊਬ, ਵੱਟਸਐਪ, ਟਵਿੱਟਰ, ਇੰਸਟਾਗ੍ਰਾਮ, ਫ਼ੇਸਬੁੱਕ ਦੀ ਵਰਤੋਂ ਜੇਕਰ ਕੁਝ ਚੰਗਾ ਵੇਖਣ, ਸੁਣਨ ਤੇ ਪੜ੍ਹਨ ਦੇ ਨਾਲ ਨਾਲ ਦੂਜਿਆਂ ਨਾਲ ਸ਼ੇਅਰ ਕਰਨ ਲਈ ਕੀਤੀ ਜਾਵੇ ਤਾਂ ਸੰਚਾਰ ਦੇ ਇਹ ਮਾਧਿਅਮ ਕਈ ਜ਼ਿੰਦਗੀਆਂ ਬਦਲ ਸਕਦੇ ਹਨ।

ਆਓ ਅੱਜ ਵੱਟਸਐਪ ‘ਤੇ ਚੱਲਦੇ ਕੁਝ ਅਜਿਹੇ ਸੰਦੇਸ਼ ਸਾਂਝੇ ਕਰੀਏ ਜੋ ਨਾ ਕੇਵਲ ਸਾਨੂੰ ਪ੍ਰੇਰਨਾ ਦੇ ਕੇ ਸਾਡਾ ਜੀਵਨ ਬਦਲ ਸਕਦੇ ਹਨ ਸਗੋਂ ਦੂਜਿਆਂ ਦੇ ਜੀਵਨ ਵੀ ਰੁਸ਼ਨਾ ਸਕਦੇ ਹਨ :
‘ਕੱਲ੍ਹ ਤੋਂ ਕਰਾਂਗੇ ਸ਼ੁਰੂ’ ਇਹ ਸ਼ਬਦ ਤੁਹਾਨੂੰ ਜੀਵਨ ਦੇ ਕਿਸੇ ਵੀ ਖੇਤਰ ਵਿੱਚ ਕਾਮਯਾਬ ਨਹੀਂ ਹੋਣ ਦੇਣਗੇ।

ਰਿਸ਼ਤਿਆਂ ‘ਚ ਮਿਠਾਸ ਤੇ ਨਿੱਘ ਰੱਖਣ ਦੀ ਕੇਵਲ ਇੱਕ ਹੀ ਸ਼ਰਤ ਹੈ ਕਿ ਰਿਸ਼ਤੇ ਨਿਭਾਉਂਦੇ ਸਮੇਂ ਦਿਲ ਇਸਤੇਮਾਲ ਕਰੋ ਦਿਮਾਗ ਨਹੀਂ।

- Advertisement -

ਵਿਸ਼ਵਾਸ਼ ਅਤੇ ਅਸੀਸ ਵਿਖਾਈ ਨਹੀਂ ਦਿੰਦੇ ਹਨ ਪਰ ਅਸੰਭਵ ਨੂੰ ਸੰਭਵ ਜ਼ਰੂਰ ਬਣਾ ਦਿੰਦੇ ਹਨ।

ਕਿਸੇ ਚੰਗੇ ਕੰਮ ਲਈ ਸੋਭਾ ਚਾਹੇ ਮਿਲੇ ਜਾਂ ਨਾ ਮਿਲੇ ਪਰ ਚੰਗਾ ਕੰਮ ਕਰਨਾ ਬੰਦ ਨਾ ਕਰੋ ਕਿਉਂਕਿ ਆਸ ਚਾਹੇ ਕਿੰਨੀ ਵੀ ਥੋੜ੍ਹੀ ਕਿਉਂ ਨਾ ਹੋਵੇ ਹਰ ਹਾਲਤ ਵਿੱਚ ਨਿਰਾਸ਼ਾ ਤੋਂ ਬਿਹਤਰ ਹੀ ਹੁੰਦੀ ਹੈ।

ਖ਼ੁਸ਼ ਹੋਣਾ ਹੋਵੇ ਤਾਂ ਆਪਣੀ ਤਾਰੀਫ਼ ਸੁਣੋ ਪਰ ਜੇ ਬਿਹਤਰ ਬਣਨਾ ਹੈ ਤਾਂ ਆਪਣੀ ਨਿੰਦਾ ਸੁਣਨ ਦੀ ਆਦਤ ਪਾਓ।

ਸੰਘਰਸ਼ ਸਾਨੂੰ ਥਕਾਉਂਦਾ ਜ਼ਰੂਰ ਹੈ ਪਰ ਸੱਚ ਇਹ ਵੀ ਹੈ ਕਿ ਇਹ ਸਾਨੂੰ ਅੰਦਰ ਖ਼ੂਬਸੂਰਤ ਤੇ ਮਜ਼ਬੂਤ ਵੀ ਬਣਾਉਂਦਾ ਹੈ।

ਪਰਮਾਤਮਾ ਸਾਡੀ ਕਿਸਮਤ ਨਹੀਂ ਲਿਖ਼ਦਾ ਹੈ। ਜੀਵਨ ਦੇ ਹਰੇਕ ਕਦਮ ‘ਤੇ ਸਾਡੀ ਸੋਚ, ਸਾਡੇ ਬੋਲ ਤੇ ਸਾਡੇ ਕਰਮ ਹੀ ਸਾਡੀ ਕਿਸਮਤ ਲਿਖ਼ਦੇ ਹਨ।

- Advertisement -

ਜਿੱਤਣ ਤੋਂ ਪਹਿਲਾਂ ਜਿੱਤ ਤੇ ਹਾਰਨ ਤੋਂ ਪਹਿਲਾਂ ਹਾਰ ਕਦੇ ਨਹੀਂ ਮੰਨਣੀ ਚਾਹੀਦੀ ਹੈ।

ਦੁਨੀਆਂ ਵਿੱਚ ਅਜਿਹੇ ਬੜੇ ਲੋਕ ਹਨ ਜੋ ਤੁਹਾਨੂੰ ਜਾਣਦੇ ਹਨ ਪਰ ਐਸੇ ਲੋਕ ਬਹੁਤ ਘੱਟ ਹਨ ਜੋ ਤੁਹਾਨੂੰ ਸਮਝਦੇ ਹਨ।

ਜੋ ਲੋਕ ਸਾਰਾ ਦਿਨ ਆਪਣੇ ਕੱਲ੍ਹ ਦੀ ਭਾਲ ਵਿੱਚ ਰਹਿੰਦੇ ਹਨ ਉਹ ਆਪਣਾ ਅੱਜ ਵੀ ਗੁਆ ਬੈਠਦੇ ਹਨ।

ਜਦੋਂ ਅਸੀਂ ਦਿਨ ਦੀ ਸ਼ੁਰੂਆਤ ਕਰਦੇ ਹਾਂ ਤਾਂ ਲੱਗਦਾ ਹੈ ਕਿ ਪੈਸਾ ਹੀ ਜੀਵਨ ਹੈ ਪਰ ਸ਼ਾਮ ਨੂੰ ਜਦੋਂ ਘਰ ਪਰਤਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਸ਼ਾਂਤੀ ਹੀ ਜੀਵਨ ਹੈ।

ਪ੍ਰੇਮ ਨਾਲ ਸਰਸ਼ਾਰ ਅੱਖਾਂ, ਸ਼ਰਧਾ ਨਾਲ ਝੁਕਿਆ ਸਿਰ, ਮਦਦ ਕਰਦੇ ਹੱਥ, ਸੱਚ ਉਚਾਰਦੀ ਜੀਭ ਅਤੇ ਧਰਮ ਦੇ ਮਾਰਗ ‘ਤੇ ਤੁਰਦੇ ਕਦਮ ਪਰਮਾਤਮਾ ਨੂੰ ਬਹੁਤ ਚੰਗੇ ਲੱਗਦੇ ਹਨ।

ਜ਼ਿੰਦਗੀ ਵਿੱਚ ਆਏ ਉਤਰਾਅ-ਚੜ੍ਹਾਅ ਤੋਂ ਬਾਅਦ ਵੀ ਜੇਕਰ ਕੋਈ ਤੁਹਾਡਾ ਸਾਥ ਨਹੀਂ ਛੱਡਦਾ ਹੈ ਤਾਂ ਉਸ ਇਨਸਾਨ ਦੀ ਹਮੇਸ਼ਾ ਕਦਰ ਕਰੋ।

ਹਾਲਾਤ ਉਹ ਨਾ ਰੱਖੋ ਜੋ ਹੌਂਸਲਾ ਬਦਲਣ ਦੇਣ ਸਗੋਂ ਹੌਸਲਾ ਉਹ ਰੱਖੋ ਜੋ ਹਾਲਾਤ ਬਦਲ ਦੇਵੇ।

ਤਾਕਤ ਤੇ ਪੈਸਾ ਜ਼ਿੰਦਗੀ ਦੇ ਫ਼ਲ ਹਨ ਪਰ ਪਰਿਵਾਰ ਤੇ ਦੋਸਤ ਜ਼ਿੰਦਗੀ ਦੀ ਜੜ੍ਹ ਹਨ।

ਕਾਮਯਾਬੀ ਦੇ ਸਫ਼ਰ ‘ਚ ਧੁੱਪ ਦਾ ਬੜਾ ਮਹੱਤਵ ਹੁੰਦਾ ਹੈ ਕਿਉਂਕਿ ਛਾਂ ਮਿਲਦੇ ਹੀ ਕਦਮ ਰੁਕਣ ਲੱਗ ਪੈਂਦੇ ਹਨ।

ਝੂਠ ਵੀ ਕਿੰਨਾ ਅਜੀਬ ਹੁੰਦਾ ਹੈ ਖ਼ੁਦ ਬੋਲੋ ਤਾਂ ਚੰਗਾ ਲੱਗਦਾ ਹੈ ਪਰ ਜੇਕਰ ਕੋਈ ਦੂਸਰਾ ਬੋਲੇ ਤਾਂ ਗੁੱਸਾ ਆਉਂਦਾ ਹੈ।

ਸੰਪਰਕ: 97816-46008

Share this Article
Leave a comment