Home / ਓਪੀਨੀਅਨ / ਅੰਗਰੇਜ਼ ਸਰਕਾਰ ਖਿਲਾਫ ਕੀ ਸੀ ਕਾਕੋਰੀ ਕਾਂਡ ?

ਅੰਗਰੇਜ਼ ਸਰਕਾਰ ਖਿਲਾਫ ਕੀ ਸੀ ਕਾਕੋਰੀ ਕਾਂਡ ?

-ਅਵਤਾਰ ਸਿੰਘ  

ਕ੍ਰਾਂਤੀਕਾਰੀ ਨੌਜਵਾਨਾਂ ਨੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਸੰਗਠਨ ਕਾਇਮ ਕਰਕੇ ਅੰਗਰੇਜ਼ ਸਰਕਾਰ ਖਿਲਾਫ ਹਥਿਆਰਬੰਦ ਕਾਰਵਾਈਆਂ ਕਰਨ ਦਾ ਫੈਸਲਾ ਕੀਤਾ।

ਇਸੇ ਕੜੀ ਵਿੱਚ ਹਿੰਦੁਸਤਾਨ ਸ਼ੋਸਲਿਸਟ ਰੀਪਬਲਿਕਨ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ ਜੋ 1931 ਤੱਕ ਸਰਗਰਮ ਰਹੀ। ਦੇਸ਼ ਉਪਰੋਂ ਅੰਗਰੇਜ਼ ਸਾਮਰਾਜਵਾਦ ਦੀ ਗੁਲਾਮੀ ਦਾ ਜੂਲਾ ਉਤਾਰਨ ਖਾਤਰ ਉਤਰ ਪ੍ਰਦੇਸ਼ ਵਿੱਚ ਕ੍ਰਾਂਤੀਕਾਰੀ ਸੂਰਬੀਰਾਂ ਨੇ ਇਨਕਲਾਬੀਆਂ ਸਰਗਰਮੀਆਂ ਨੂੰ ਤੇਜ ਕਰਦਿਆਂ ਕਾਨਪੁਰ ਵਿੱਚ ਗਣੇਸ਼ ਸ਼ੰਕਰ ਵਿਦਿਆਰਥੀ ਦੀ ਪ੍ਰੈਸ ਨੂੰ ਆਪਣਾ ਅੱਡਾ ਬਣਾਇਆ ਹੋਇਆ ਸੀ।

ਉਥੇ ਚੰਦਰ ਸ਼ੇਖਰ ਆਜ਼ਾਦ, ਪੰਡਤ ਰਾਮ ਪ੍ਰਸ਼ਾਦਿ ਬਿਸਮਲਾ, ਯੋਗੇਸ਼ ਚੰਦਰ ਚੈਟਰਜੀ, ਵਿਜੈ ਕੁਮਾਰ ਸਿਨਹਾ ਤੇ ਬੁਟਕੇਸ਼ਵਰ ਦੱਤ, ਗਣੇਸ਼ ਸ਼ੰਕਰ ਕੋਲ ਅਕਸਰ ਹੀ ਆਉਦੇ ਜਾਂਦੇ ਰਹਿੰਦੇ ਸਨ।

ਪਾਰਟੀ ਦੇ ਖਰਚੇ ਤੋਰਨ ਲਈ ਰਾਜਸੀ ਡਾਕਿਆਂ ਦੀ ਸਕੀਮ ਬਣਾਈ ਗਈ। ਚੰਦਰ ਸ਼ੇਖਰ ਆਜ਼ਾਦ, ਰਾਮ ਪ੍ਰਸ਼ਾਦਿ ਬਿਸਮਲਾ ਤੇ ਹੋਰ ਸਾਥੀਆਂ ਨੇ ਫਤਿਹਪੁਰ ਦੇ ਸਰਪੰਚ ਦੇ ਘਰ ਡਾਕਾ ਮਾਰਿਆ।

ਇਸ ਤੋਂ ਕੁਝ ਦਿਨਾਂ ਬਾਅਦ ਹੋਰ ਡਾਕਾ ਮਾਰਨ ਗਏ ਪਰ ਅਸਫਲ ਰਹੇ। 9 ਅਗਸਤ 1925 ਦੀ ਰਾਤ ਨੂੰ ਸਹਾਰਨਪੁਰ ਤੋਂ ਲਖਨਊ ਜਾ ਰਹੀ ਰੇਲ ਗੱਡੀ ਨੂੰ ਕਾਕੋਰੀ ਅਤੇ ਆਲਮ ਨਗਰ ਦੇ ਰੇਲਵੇ ਸ਼ਟੇਸਨਾਂ ਵਿਚਕਾਰ ਖੜੀ ਕਰ ਕੇ ਡਾਕਾ ਮਾਰਿਆ।

ਯਾਤਰਾ ਗੱਡੀ ਦੇ ਦੂਜੇ ਦਰਜੇ ਵਿੱਚ ਤਿੰਨ ਇਨਕਲਾਬੀ ਅਸ਼ਫਾਕ ਉਲਾ ਖਾਨ, ਰਾਜਿੰਦਰ ਨਾਥ ਲਹਿਰੀ ਤੇ ਸੁਰਿੰਦਰ ਨਾਥ ਸਨ। ਉਨ੍ਹਾਂ ਨੇ ਮਿਥੀ ਥਾਂ ‘ਤੇ ਗੱਡੀ ਰੋਕਣ ਲਈ ਜੰਜੀਰ ਖਿਚੀ ਤੇ ਗੱਡੀ ਰੁਕ ਗਈ।

ਗੱਡੀ ਵਿਚੋਂ ਸਾਰੇ ਇਨਕਲਾਬੀ ਹੇਠਾਂ ਉਤਰੇ ਤੇ ਆਪਣੀ ਆਪਣੀ ਡਿਊਟੀ ਸੰਭਾਲ ਲਈ। ਇਨ੍ਹਾਂ ਵਿੱਚ ਪੰਡਿਤ ਰਾਮ ਪ੍ਰਸ਼ਾਦਿ ਬਿਸਮਲਾ, ਚੰਦਰ ਸ਼ੇਖਰ ਆਜ਼ਾਦ, ਬਨਵਾਰੀ ਲਾਲ, ਮੁਕੰਦ ਲਾਲ, ਮੁਰਾਰੀ ਲਾਲ, ਕ੍ਰਿਸ਼ਨ ਚੱਕਰਵਰਤੀ ਅਤੇ ਮਨਮੋਹਨ ਗੁਪਤਾ ਸੀ। ਇਨਕਲਾਬੀਆਂ ਨੇ ਪਿਸਤੌਲਾਂ ਤਾਣ ਕੇ ਮੁਸਾਫਰਾਂ ਨੂੰ ਚੇਤਾਵਨੀ ਦਿੱਤੀ ਕਿ ਕੋਈ ਵੀ ਗੱਡੀ ਤੋਂ ਨਾ ਉਤਰੇ। ਦਸਾਂ ਮਿੰਟਾਂ ਵਿੱਚ ਇਨਕਲਾਬੀਆਂ ਨੇ ਆਪਣਾ ਕੰਮ ਮੁਕਾ ਲਿਆ। ਗੱਡੀ ਅਗਲੇ ਸ਼ਟੇਸਨ ਵਲ ਰਵਾਨਾ ਹੋ ਗਈ।

ਕ੍ਰਾਂਤੀਕਾਰੀਆਂ ਦੇ ਹੱਥ ਬਹੁਤ ਸਾਰਾ ਸਰਕਾਰੀ ਖਜਾਨਾ ਲਗਾ। ਲਗਭਗ 14000 ਰੁਪਏ ਤਿੰਨ ਪੰਡਾਂ ਵਿੱਚ ਬੰਨ੍ਹ ਕੇ ਬਿਨਾ ਰੋਕ ਟੋਕ ਲਖਨਉ ਵਲ ਚਲ ਪਏ। ਘਟਨਾ ਸਰਕਾਰ ਲਈ ਚੈਲਿੰਜ ਸੀ। ਇਸ ਡਕੈਤੀ ਦੀ ਸੂਹ ਦੇਣ ਵਾਸਤੇ ਸਰਕਾਰ ਨੇ ਪੰਜ ਹਜਾਰ ਰੁਪਏ ਨਗਦ ਇਨਾਮ ਰੱਖ ਦਿਤਾ। ਵੱਡੀ ਪੱਧਰ ‘ਤੇ ਇਨਕਲਾਬੀਆਂ ਦੀਆਂ ਗ੍ਰਿਫਤਾਰੀਆਂ ਦਾ ਦੌਰ ਸ਼ੁਰੂ ਹੋਇਆ।

ਕਾਕੋਰੀ ਕੇਸ ਡੇਢ ਸਾਲ ਚਲਦਾ ਰਿਹਾ, ਸਰਕਾਰ ਨੇ ਇਸ ਕਾਂਡ ਵਿਚ 18 ਕ੍ਰਾਂਤੀਕਾਰੀਆਂ ਨੂੰ ਸ਼ਾਮਿਲ ਕੀਤਾ। ਇਸ ਦਾ ਫੈਸਲਾ 6 ਅਪ੍ਰੈਲ 1927 ਨੂੰ ਹੋਇਆ। ਜਿਸ ਵਿਚ 17 ਦਸੰਬਰ 1927 ਨੂੰ ਰਾਜਿੰਦਰ ਨਾਥ ਲਹਿਰੀ ਨੂੰ ਗੌਂਡਾ ਜੇਲ ਤੇ 19 ਦਸੰਬਰ 1927 ਨੂੰ ਪੰਡਤ ਰਾਮ ਪ੍ਰਸ਼ਾਦਿ ਬਿਸਮਲ ਨੂੰ ਗੋਰਖਪੁਰ, ਰੋਸ਼ਨ ਸਿੰਘ ਨੈਨੀ ਨੂੰ ਇਲਾਹਾਬਾਦ ਤੇ ਅਸ਼ਫਾਕ ਉਲਾ ਨੂੰ ਫੈਜਾਬਾਦ ਜੇਲ ਵਿੱਚ ਫਾਂਸੀ ਦਿੱਤੀ ਗਈ।

ਚਾਰ ਨੂੰ ਉਮਰ ਕੈਦ ਕਾਲੇ ਪਾਣੀ ਤੇ ਬਾਕੀ ਇਨਕਲਾਬੀਆਂ ਨੂੰ ਪੰਜ ਸਾਲ ਤੋਂ 14 ਸਾਲ ਤਕ ਦੀ ਕੈਦ ਸਜ਼ਾਵਾਂ ਦਿੱਤੀਆਂ ਗਈਆਂ। ਇਸ ਨਾਲ ਕ੍ਰਾਂਤੀਕਾਰੀ ਸੰਗਠਨ ਦੇ ਕੰਮ ‘ਤੇ ਬਹੁਤ ਅਸਰ ਪਿਆ। ਚੰਦਰ ਸ਼ੇਖਰ ਆਜ਼ਾਦ ਸਾਧੂ ਦਾ ਭੇਸ ਵਟਾ ਕੇ ਝਾਂਸੀ ਵਲ ਚਲਾ ਗਿਆ ਜੋ ਅਖੀਰ ਤਕ ਪੁਲਿਸ ਦੇ ਹੱਥ ਨਹੀਂ ਆਇਆ।

Check Also

ਨੰਗੇ ਧੜ ਲੜ ਰਹੇ ਅੰਨਦਾਤਾ ਅੱਗੇ ਝੁਕੀ ਸਿਆਸਤ !

-ਅਵਤਾਰ ਸਿੰਘ ਪੰਜਾਬ ਦੀ ਸਿਆਸਤ ਵਿੱਚ ਸ਼ਨਿਚਰਵਾਰ ਰਾਤ ਨੂੰ ਇਕ ਵੱਡੀ ਤਬਦੀਲੀ ਆਈ ਜਿਸ ਵਿਚ …

Leave a Reply

Your email address will not be published. Required fields are marked *