-ਅਵਤਾਰ ਸਿੰਘ
ਜਿਉਦਾਰਨੋ (ਫਿਲੀਪੋ) ਬਰੂਨੋ ਵਿਗਿਆਨੀ ਦਾ ਜਨਮ 1548 ਨੂੰ ਇਟਲੀ ਦੇ ਰਾਜ ਨੈਪਲਜ ਦੀ ਰਾਜਧਾਨੀ ਨੋਲਾ ਦੇ ਫੌਜੀ ਜਿਉਵਾਨੀ ਬਰੂਨੋ ਦੇ ਘਰ ਹੋਇਆ। ਉਸ ਨੂੰ ਮੁੱਢਲੀ ਵਿਦਿਆ ਤੋਂ ਬਾਅਦ ਨੈਪਲਜ ਸ਼ਹਿਰ ਪੜ੍ਹਨ ਲਈ ਭੇਜਿਆ, ਉਹ ਵਿਹਲੇ ਸਮੇਂ ਲੋਕਾਂ ਦੇ ਲੈਕਚਰ ਸੁਨਣ ਵਾਸਤੇ ਸਟੇਡੀਅਮ ਚਲਾ ਜਾਂਦਾ ਸੀ। ਫਿਰ ਉਸਨੇ ਸੇਂਟ ਡੋਮੀਨੀਕੋ ਦਾ ਮਤ ਧਾਰਨ ਕੀਤਾ ਤੇ 1572 ਵਿੱਚ ਉਹ ਚਰਚ ਦਾ ਪਾਦਰੀ ਬਣਿਆ। ਇਸ ਮਤ ਦਾ ਉਦੇਸ਼ ਪ੍ਰਚਾਰ ਤੇ ਸਿੱਖਿਆ ਸੀ।
ਇਸ ਦੇ ਪ੍ਰਚਾਰਕ ਸੂਹੀਏ ਪ੍ਰਣਾਲੀ ਵਿਚ ਰੂੜੀਵਾਦੀ ਦੇ ਮਦਈ ਸਨ ਤੇ ਉਹ ਨਵੇਂ ਸੰਸਾਰ ਲਈ ਉਪਦੇਸ਼ਕਾਂ ਦੀ ਅਗਵਾਈ ਕਰਦੇ। ਸੰਨ 1576 ਵਿੱਚ ਨਾਸਤਿਕਤਾ ਦਾ ਦੋਸ਼ੀ ਠਹਿਰਾਉਣ ‘ਤੇ ਉਹ ਰੋਮ ਚਲਾ ਗਿਆ ਤੇ ਆਪਣਾ ਮੱਤ ਛਡ ਦਿੱਤਾ। ਉਹ ਯੂਰਪ ਦੇ ਅਨੇਕਾਂ ਦੇਸ਼ਾਂ ‘ਚ ਘੁੰਮਿਆ। ਫਰਾਂਸ ਦੇ ਰਾਜੇ ਹੈਨਰੀ-3 ਨੇ ਕਾਲਜ ਆਫ ਫਰਾਂਸ ਵਿੱਚ ਉਸਦੀ ਨਿਯੁਕਤੀ ਕੀਤੀ। 1583 ਨੂੰ ਇੰਗਲੈਂਡ ਜਾ ਕੇ ਪਹਿਲੀ ਵਾਰ ਤਿੰਨ ਕਿਤਾਬਾਂ ਲਿਖੀਆਂ। ਫਿਰ ਉਹ ਵਿਗਿਆਨੀ ਕਾਪਰਨੀਕਸ ਦੇ ਵਿਚਾਰਾਂ ਦਾ ਖੁੱਲ੍ਹ ਕੇ ਪ੍ਰਚਾਰ ਕਰਨ ਲੱਗਾ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ, ਅਣਗਣਿਤ ਬ੍ਰਹਿਮੰਡ ਹਨ। ਧਾਰਮਿਕ ਲੋਕਾਂ ਨੇ ਇਨ੍ਹਾਂ ਵਿਚਾਰਾਂ ਦਾ ਵਿਰੋਧ ਕੀਤਾ ਕਿਉਂਕਿ ਇਹ ਬਾਈਬਲ ਦੇ ਸ਼ਿਰਸਟੀ ਦੇ ਹੋਂਦ ਵਿੱਚ ਆਉਣ ਦੇ ਸਿਧਾਂਤ ਦੇ ਉਲਟ ਸੀ। ਉਸਨੇ 30 ਤੋਂ ਵੱਧ ਕਿਤਾਬਾਂ ਤੇ ਕਈ ਪੈਂਫਲਿਟ ਛਾਪੇ।
ਬ੍ਰਹਿਮੰਡ ਬਾਰੇ ਤਿੰਨ ਕਿਤਾਬਾਂ ਲਿਖੀਆਂ, ਪਹਿਲੀ ਕਿਤਾਬ ਬੁੱਧਵਾਰ ਰਾਤਰੀ ਭੋਜਨ ਵਿੱਚ ਬਰੂਨੋ ਨੇ ਕਾਪਰੀਨਿਕਸ ਦੇ ਸੂਰਜੀ ਕੇਂਦਰਕ ਬ੍ਰਹਿਮੰਡ ਦੇ ਵਿਚਾਰਾਂ ਦੀ ਪ੍ਰੋੜਤਾ ਕੀਤੀ। ਦੂਜੀ ਕਿਤਾਬ ਕਾਰਨ, ਸਿਧਾਂਤ ਤੇ ਏਕਤਾ ਬਾਰੇ ਵਿੱਚ ਲਿਖਿਆ ਹੈ, ਇਸ ਸਮੁੱਚੇ ਭੂ-ਮੰਡਲ ਦੀ, ਇਸ ਤਾਰੇ ਦੀ, ਕਿਉਕਿ ਨਾ ਮੌਤ ਤੇ ਨਾ ਹੀ ਤਬਾਹੀ ਹੋ ਸਕਦੀ ਹੈ ਅਤੇ ਵਿਨਾਸ਼ ਕੁਦਰਤ ‘ਚ ਕਿਤੇ ਵੀ ਸੰਭਵ ਨਹੀਂ। ਤੀਜੀ ਲਿਖਤ ਵਿਚ ਬਰੂਨੋ ਨੇ ਦਲੀਲ ਦਿੱਤੀ ਹੈ ਕਿ ਬ੍ਰਹਿਮੰਡ ਅਸੀਮ ਹੈ, ਇਸ ਅੰਦਰ ਅਨੰਤ ਸੰਸਾਰ ਹਨ।
- Advertisement -
1591 ਨੂੰ ਉਸਨੇ ਇਕ ਪੁਸਤਕ ਵਿੱਚ ਲਿਖਿਆ ਹੈ, ਜਿਹੜਾ ਵੀ ਦਾਰਸ਼ਨਿਕ ਬਨਣਾ ਚਾਹੁੰਦਾ ਹੈ, ਉਸਨੂੰ ਸਭ ਤੋਂ ਪਹਿਲਾਂ ਸਾਰੀਆਂ ਗੱਲਾਂ ਤੇ ਕਿੰਤੂ ਕਰਨਾ ਚਾਹੀਦਾ ਹੈ। ਉਸਨੂੰ ਕਿਸੇ ਵੀ ਵਾਦ-ਵਿਵਾਦ ਅੰਦਰ ਵੱਖ ਵੱਖ ਰਾਵਾਂ ਸੁਨਣ ਅਤੇ ਹੱਕ ਤੇ ਵਿਰੋਧ ਵਿੱਚ ਦਿੱਤੀਆਂ ਦਲੀਲਾਂ ਉਪਰ ਵਿਚਾਰ ਕਰਨ ਤੋਂ ਬਿਨਾਂ ਆਪਣੀ ਰਾਏ ਨਹੀਂ ਬਨਾਉਣੀ ਚਾਹੀਦੀ।
ਉਸਨੂੰ ਸਿਰਫ ਸੁਣੀ ਸੁਣਾਈ ਗੱਲ ‘ਤੇ ਭਰੋਸਾ ਕਰਕੇ ਜਾਂ ਬਹੁ-ਗਿਣਤੀ ਦੀ ਰਾਏ ਦੇ ਅਧਾਰ ‘ਤੇ ਜਾਂ ਬੋਲਣ ਵਾਲੇ ਦੀ ਉਮਰ,ਯੋਗਤਾ ਜਾਂ ਸ਼ੋਹਰਤ ਦੇ ਅਧਾਰ ‘ਤੇ ਕਦੇ ਵੀ ਆਪਣਾ ਮਨ ਨਹੀਂ ਬਨਾਉਣਾ ਚਾਹੀਦਾ ਸਗੋਂ ਉਸਨੂੰ ਇਕ ਜੀਵਤ ਸਿਧਾਂਤ ਦੀ ਸੇਧ ਅਨੁਸਾਰ ਚਲਣਾ ਚਾਹੀਦਾ ਹੈ ਜਿਹੜਾ ਹਕੀਕਤ ਤੇ ਸਚਾਈ ਨਾਲ ਮੇਲ ਖਾਂਦਾ ਹੋਵੇ ਤੇ ਤਰਕ ਦੀ ਕਸੌਟੀ ਤੇ ਖਰਾ ਉਤਰਦਾ ਹੋਵੇ।
1591 ਵਿੱਚ ਇਕ ਪਾਦਰੀ ਦੇ ਸੱਦੇ ‘ਤੇ ਇਟਲੀ ਵਾਪਸ ਆ ਗਿਆ। 23 ਮਈ 1592 ਨੂੰ ਪਾਦਰੀਆਂ ਨੇ ਗ੍ਰਿਫਤਾਰ ਕਰਕੇ ਵੀਨਸ ਦੀ ਜੇਲ੍ਹ ਵਿਚ ਸੁੱਟ ਦਿੱਤਾ ਤੇ ਅੱਠ ਸਾਲ ਰੋਮ ਦੇ ਹਨੇਰੇ ਤਹਿਖਾਨੇ ਵਿੱਚ ਕੈਦ ਰੱਖਿਆ। ਉਸਨੂੰ ਵਾਰ ਵਾਰ ਆਪਣੇ ਬਿਆਨਾਂ ‘ਤੇ ਮੁੜ ਵਿਚਾਰ ਕਰਨ ਲਈ ਕਿਹਾ ਜਾਂਦਾ ਰਿਹਾ ਪਰ ਉਹ ਵਿਚਾਰਾਂ ਤੋਂ ਨਾ ਥਿੜਕਿਆ।
ਜਦੋਂ ਰੋਮ ਦੇ ਗਵਰਨਰ ਮੂਹਰੇ ਪੇਸ਼ ਕੀਤਾ ਤਾਂ ਉਸਨੇ ਡਰਨ ਦੀ ਥਾਂ ਧਮਕੀ ਵਾਲੇ ਲਹਿਜੇ ਵਿਚ ਕਿਹਾ, ਮੇਰਾ ਇਨਸਾਫ ਕਰਨ ਵਾਲਿਉ, ਮੇਰੇ ਸਜ਼ਾ ਲੈਣ ਵਾਲੇ ਨਾਲੋਂ, ਮੈਨੂੰ ਸਜ਼ਾ ਦੇਣ ਵਾਲੇ ਤੁਸੀਂ, ਵੱਧ ਡਰੇ ਹੋਏ ਹੋ।
ਅੰਤ ਵਿਚ 20 ਜਨਵਰੀ 1600 ਨੂੰ ਸੁਣਾਏ ਫੈਸਲੇ ਅਨੁਸਾਰ ਉਸਨੂੰ 17 ਫਰਵਰੀ 1600 ਨੂੰ ਰੋਮਨ ਮਾਰਕਿਟ ਚੌਂਕ ਵਿਚ ਥੜੇ ‘ਤੇ ਖੜਾ ਕਰਕੇ ਖੰਭੇ ਨਾਲ ਬੰਨ੍ਹ ਕੇ ਜਿਉਂਦਿਆਂ ਸਾੜ ਦਿੱਤਾ, ਮਰਦੇ ਦਮ ਤਕ ਉਹ ਵਿਦਰੋਹੀ ਰਿਹਾ। 20-1-2000 ਵਿੱਚ ਚਰਚ ਦੇ ਪੋਪ ਸਤਵੇਂ ਨੇ ਮਹਾਨ ਵਿਗਿਆਨੀ ਨੂੰ ਸਜ਼ਾ ਦੇਣ ਦੇ ਫੈਸਲੇ ਲਈ ਮੁਆਫੀ ਮੰਗੀ ‘ਤੇ ਦੁੱਖ ਪ੍ਰਗਟ ਕੀਤਾ।