2275 ਕਰੋੜ ਰੁਪਏ ਦੀ ਲਾਗਤ ਵਾਲੀ ”ਸਮਾਰਟ ਵਿਲੇਜ਼” ਮੁਹਿੰਮ ‘ਚ ਕੀ ਕੁਝ ਹੈ ਖ਼ਾਸ, ਮਾਰੋ ਇੱਕ ਨਜ਼ਰ

TeamGlobalPunjab
8 Min Read

ਚੰਡੀਗੜ੍ਹ :  ਕਾਂਗਰਸੀ ਨੇਤਾ ਰਾਹੁਲ ਗਾਂਧੀ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬੇ ਦੇ ਪੇਂਡੂ ਖੇਤਰ ਦੀ ਮੁਕੰਮਲ ਤੌਰ ਉਤੇ ਕਾਇਆ ਕਲਪ ਕਰਨ ਲਈ 2275 ਕਰੋੜ ਰੁਪਏ ਦੀ ਲਾਗਤ ਵਾਲੀ ਪੰਜਾਬ ਦੀ ‘ਸਮਾਰਟ ਪਿੰਡ ਮੁਹਿੰਮ’ ਦੇ ਦੂਜੇ ਪੜਾਅ ਦੀ ਵਰਚੁਅਲ ਤੌਰ ‘ਤੇ ਸ਼ੁਰੂਆਤ ਕੀਤੀ।

      ਰਾਹੁਲ ਗਾਂਧੀ ਨੇ ਨਵੀਂ ਦਿੱਲੀ ਤੋਂ ਮੁਹਿੰਮ ਦੀ ਸ਼ੁਰੂਆਤ ਤੋਂ ਕੀਤੀ ਜਦਕਿ ਮੁੱਖ ਮੰਤਰੀ ਅਤੇ ਪੰਜਾਬ ਦੇ ਮੰਤਰੀ, ਅਧਿਕਾਰੀ ਅਤੇ ਸਰਪੰਚਾਂ ਨੇ 1500 ਡਿਜੀਟਲ ਥਾਂਵਾਂ ਤੋਂ ਸ਼ਿਰਕਤ ਕੀਤੀ ਅਤੇ ਸੂਬਾ ਭਰ ਵਿੱਚ 48910 ਕਾਰਜਾਂ ਦੀ ਆਰੰਭਤਾ ਦਾ ਆਗਾਜ਼ ਕੀਤਾ।

      ਰਾਹੁਲ ਗਾਂਧੀ ਵੱਲੋਂ ਇਸ ਯਾਦਗਾਰੀ ਪਲਾਂ ਦਾ ਹਿੱਸਾ ਬਣਨ ਉਤੇ ਖੁਸ਼ੀ ਜਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਕੀਮ ਪੇਂਡੂ ਮੁਹਾਂਦਰੇ ਨੂੰ ਬਦਲਣ ਦੀ ਉਹਨਾਂ ਦੀ ਸਰਕਾਰ ਦੀ ਰਣਨੀਤੀ ਦੀ ਲੜੀ ਵਜੋਂ ਤਕਨਾਲੋਜੀ ਦੀਆਂ ਖੂਬੀਆਂ ਰਾਹੀਂ ਲੋਕਾਂ ਦਾ ਜੀਵਨ ਪੱਧਰ ਉਚਾ ਚੁੱਕਣ ਲਈ ਵਿਆਪਕ ਪੱਧਰ ਉਤੇ ਪੇਂਡੂ ਬੁਨਿਆਦੀ ਢਾਂਚਾ ਸਿਰਜੇਗੀ। ਉਹਨਾਂ ਨੇ ਦੂਜੇ ਪੜਾਅ ਅਧੀਨ ਵੱਖ-ਵੱਖ ਸਕੀਮਾਂ ਲਈ ਫੰਡਾਂ ਦੀ ਢੁਕਵੀਂ ਵੰਡ ਦਾ ਭਰੋਸਾ ਦਿੱਤਾ ਜੋ ਪਹਿਲੇ ਪੜਾਅ ਦੀ ਸਫਲਤਾਪੂਰਵਕ ਸਮਾਪਤੀ ਤੋਂ ਬਾਅਦ ਸ਼ੁਰੂ ਕੀਤੀਆਂ ਗਈਆਂ ਹਨ। ਪਹਿਲੇ ਪੜਾਅ ਦਾ ਆਗਾਜ਼ ਸਾਲ 2019 ਵਿੱਚ ਕੀਤਾ ਗਿਆ ਸੀ ਜਿਸ ਲਈ 835 ਕਰੋੜ ਰੁਪਏ ਦੀ ਲਾਗਤ ਨਾਲ 19,132 ਕਾਰਜ ਕੀਤੇ ਗਏ ਸਨ।

      ਮੁਲਕ ਦੀ ਨੀਂਹ ਮਜ਼ਬੂਤ ਰੱਖਣ ਲਈ ਪਿੰਡਾਂ ਦੀ ਮਹੱਤਤਾ ਦਾ ਜਿਕਰ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਪੇਂਡੂ ਢਾਂਚੇ ਵਿੱਚ ਕਿਸੇ ਤਰ੍ਹਾਂ ਦੀ ਕਮਜੋਰੀ ਮੁਲਕ ਦੀ ਪ੍ਰਗਤੀ ਵਿੱਚ ਅੜਿੱਕਾ ਪੈਦਾ ਕਰੇਗੀ। ਉਹਨਾਂ ਨੇ ਭਾਰਤ ਦੀ ਤਰੱਕੀ ਲਈ ਇਹਨਾਂ ਨੀਂਹਾਂ ਨੂੰ ਮਜ਼ਬੂਤ ਕਰਨ ਦੀ ਲੋੜ ਉਤੇ ਜੋਰ ਦਿੰਦਿਆਂ ਕਿਹਾ ਕਿ ਪਿੰਡਾਂ ਅਤੇ ਇੱਥੋਂ ਦੇ ਲੋਕਾਂ ਦੀ ਸੁਰੱਖਿਆ ਸ਼ਹਿਰਾਂ ਅਤੇ ਮੁਲਕ ਨੂੰ ਬਚਾਉਣ ਲਈ ਸਹਾਈ ਹੋਵੇਗੀ।ਕਾਂਗਰਸੀ ਸੰਸਦ ਮੈਂਬਰ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਪੇਂਡੂ ਬੁਨਿਆਦੀ ਢਾਂਚੇ ਦੇ ਸੁਧਾਰ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਪਿੰਡ ਵਿੱਚ ਖਰਚਿਆ ਜਾ ਰਿਹਾ ਪੈਸਾ ਸੂਬੇ ਦੇ ਲੋਕਾਂ ਦੀ ਖੂਨ-ਪਸੀਨੇ ਦੀ ਕਮਾਈ ਹੈ ਅਤੇ ਇਕ-ਇਕ ਪੈਸਾ ਭਿਰਸ਼ਟ ਗੁੰਝਲਾਂ ਤੋਂ ਮੁਕਤ ਹੋ ਕੇ ਲਾਭਪਾਤਰੀਆਂ ਤੱਕ ਪਹੁੰਚਣਾ ਚਾਹੀਦਾ ਹੈ।

- Advertisement -

      ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਪਾਰਟੀ ਜ਼ਮੀਨੀ ਪੱਧਰ ਉਤੇ ਕੰਮ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ ਅਤੇ ਕਾਂਗਰਸ ਸਰਕਾਰਾਂ ਨੇ ਪੰਚਾਇਤਾਂ ਦੇ ਵਿਚਾਰ ਜਾਣਨ ਤੋਂ ਬਾਅਦ ਹੀ ਆਪਣੇ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ ਹੈ। ਉਹਨਾਂ ਕਿਹਾ ਕਿ ਸਮਾਰਟ ਪਿੰਡ ਮੁਹਿੰਮ ਤਹਿਤ ਸਕੀਮਾਂ ਵੀ ਹੇਠਲੇ ਪੱਧਰ ਉਤੇ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਤਿਆਰ ਕੀਤੀਆਂ ਹਨ ਜਿਸ ਨਾਲ ਯਕੀਨਨ ਤੌਰ ਉਤੇ ਇੱਛਾਜਨਕ ਨਤੀਜੇ ਸਾਹਮਣੇ ਆਉਣਗੇ।

      ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਮੁਹਿੰਮ ਦੇ ਪਹਿਲੇ ਪੜਾਅ ਵਿੱਚ ਛੱਪੜਾਂ ਦੀ ਸਫਾਈ, ਸਟਰੀਟ ਲਾਈਟਾਂ, ਪਾਰਕ, ਜਿਮਨੇਜੀਅਮ, ਕਮਿਊਨਿਟੀ ਹਾਲਜ਼, ਪੀਣ ਵਾਲੇ ਪਾਣੀ ਦੀ ਸਪਲਾਈ, ਮਾਡਲ ਆਂਗਣਵਾੜੀ ਸੈਂਟਰ, ਸਮਾਰਟ ਸਕੂਲ ਅਤੇ ਰਹਿੰਦ-ਖੂੰਹਦ ਦਾ ਪ੍ਰਬੰਧਨ ਵਰਗੇ ਮੁੱਖ ਖੇਤਰਾਂ ਨੂੰ ਤਰਜੀਹ ਦਿੱਤੀ ਗਈ ਤਾਂ ਕਿ ਯੋਗ ਵਾਤਾਵਰਣ ਮੁਹੱਈਆ ਕਰਵਾ ਕੇ ਪੰਜਾਬ ਦੇ ਪਿੰਡਾਂ ਨੂੰ ਸਵੈ-ਸਥਿਰ ਬਣਾਇਆ ਜਾ ਸਕੇ।

      ਮੁੱਖ ਮੰਤਰੀ ਨੇ ਦੱਸਿਆ ਕਿ ਦੂਜੇ ਪੜਾਅ ਵਿੱਚ ਪੰਜਾਬ ਵਿੱਚ 13,264 ਪੰਚਾਇਤਾਂ ਨੂੰ ਢੁਕਵੇਂ ਫੰਡ ਤਬਦੀਲ ਕੀਤੇ ਜਾ ਚੁੱਕੇ ਹਨ। ਉਹਨਾਂ ਕਿਹਾ ਕਿ ਸੂਬਾ ਸਰਕਾਰ ਦਾ ਇੱਛਾ ਉਹਨਾਂ ਮਕਾਨ ਮਾਲਕਾਂ ਦੀ ਸਹਾਇਤਾ ਕਰਨ ਦੀ ਵੀ ਹੈ ਜੋ ਆਰਜੀ ਛੱਤਾਂ ਵਾਲੇ ਘਰਾਂ ਵਿੱਚ ਰਹਿ ਰਹੇ ਹਨ। ਉਹਨਾਂ ਕਿਹਾ ਕਿ ‘ਹਰ ਘਰ ਪੱਕੀ ਛੱਤ’ ਦੇ ਇਰਾਦੇ ਨਾਲ ਪਿੰਡਾਂ ਦੇ ਗਰੀਬਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਹਨਾਂ ਕਿਹਾ ਕਿ ਅਜਿਹਾ ਕਰਦਿਆਂ ਟੀਚਾ ਸਮੂਹਿਕ ਵਿਕਾਸ ਦਾ ਹੋਵੇਗਾ ਅਤੇ ਮਿਸਾਲ ਦੇ ਤੌਰ ਉਤੇ ਇਹਨਾਂ ਪਰਿਵਾਰਾਂ ਵਿੱਚ ਮਹਿਲਾ ਮੁਖੀ ਪਰਿਵਾਰ, ਦਿਵਿਆਂਗ ਵਿਅਕਤੀਆਂ, ਸਖ਼ਤ ਬਿਮਾਰ ਵਿਅਕਤੀ, ਸ਼ਹੀਦਾਂ ਦੇ ਪਰਿਵਾਰ, ਅਨੁਸੂਚਿਤ ਜਾਤੀਆਂ ਆਦਿ ਨੂੰ ਸ਼ਾਮਲ ਕੀਤਾ ਜਾਵੇਗਾ।

      ਇਸ ਤੋਂ ਇਲਾਵਾ ਸਾਲ 2020-21 ਲਈ ਪੇਂਡੂ ਇਲਾਕਿਆਂ ਵਿੱਚ ਵਿਕਾਸ ਲਈ 750 ਸਟੇਡੀਅਮ ਬਣਾਏ ਜਾ ਰਹੇ ਹਨ। ਇਸ ਮੰਤਵ ਲਈ ਇਕ ਬਲਾਕ ਵਿੱਚ ਘੱਟੋ-ਘੱਟ ਪੰਜ ਸਟੇਡੀਅਮ ਬਣਾਉਣ ਦਾ ਟੀਚਾ ਹੈ। ਨਵੇਂ ਡਿਜਾਈਨ ਦੇ ਚਾਰ ਏਕੜ, ਦੋ ਏਕੜ ਅਤੇ ਇਕ ਏਕੜ ਵਾਲੇ ਖੇਡ ਮੈਦਾਨ ਵਿਕਸਤ ਕੀਤੇ ਗਏ ਹਨ।

      ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਦੇ ਹਿੱਸੇ ਵਜੋਂ ਹਰੇਕ ਪਿੰਡ ਵਿਚ 550 ਬੂਟੇ ਲਾਏ ਗਏ ਜਿਸ ਤਹਿਤ ਸੂਬੇ ਦੇ ਸਾਰੇ ਪਿੰਡਾਂ ਵਿੱਚ 77 ਲੱਖ ਬੂਟੇ ਲਾਏ ਗਏ ਅਤੇ ਇਹਨਾਂ ਬੂਟਿਆਂ ਦੀ ਸੰਭਾਲ ਲਈ 22000 ਵਣ ਮਿੱਤਰ ਵੀ ਨਿਯੁਕਤ ਕੀਤੇ ਗਏ ਹਨ। ਇਸ ਦੇ ਨਤੀਜੇ ਵਜੋਂ ਸਾਲ 2017 ਤੋਂ ਹਰਿਆਲੀ ਹੇਠ 11363 ਹੈਕਟੇਅਰ ਰਕਬਾ ਵਧਿਆ।

- Advertisement -

      ਆਪਣੀ ਸਰਕਾਰ ਦੇ ਲੀਹੋਂ ਹਟਵੇ ਅਤੇ ਲੋਕ ਪੱਖੀ ਉਪਰਾਲਿਆਂ ਦਾ ਜਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਘਰ ਘਰ ਰੋਜ਼ਗਾਰ ਪ੍ਰੋਗਰਾਮ ਤਹਿਤ 15.32 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਗਏ ਜਦਕਿ ਸਾਲ 2020-22 ਤੱਕ ਇਕ ਲੱਖ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ। ਮੁੱਖ ਮੰਤਰੀ ਨੇ ਦੱਸਿਆ ਕਿ ਉਹਨਾਂ ਦੀ ਸਰਕਾਰ ਵੱਲੋਂ ਹਾਲ ਹੀ ਵਿੱਚ ਔਰਤਾਂ ਦੇ ਸਸ਼ਕਤੀਕਰਨ ਪ੍ਰਤੀ ਵੱਡਾ ਕਦਮ ਚੁੱਕਦਿਆਂ ਸਰਕਾਰੀ ਨੌਕਰੀਆਂ ਵਿੱਚ ਸਿੱਧੀ ਭਰਤੀ ਵਿੱਚ ਔਰਤਾਂ ਲਈ 33 ਫੀਸਦੀ ਰਾਖਵਾਂਕਰਨ ਕੀਤਾ ਗਿਆ।

      ਸੂਬਾ ਸਰਕਾਰ ਵੱਲੋਂ ਆਰੰਭ ਕੀਤੀ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਦਾ ਜਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 11.05 ਲੱਖ ਵਿਅਕਤੀਆਂ ਨੂੰ ਲਾਭ/ਰਾਹਤ ਪ੍ਰਦਾਨ ਕੀਤੀ ਗਈ ਤਾਂ ਕਿ ਸਮਾਜ ਦੇ ਪੱਛੜੇ ਤਬਕਿਆਂ ਦੇ ਸਮੂਹਿਕ ਵਿਕਾਸ ਨੂੰ ਯਕੀਨੀ ਬਣਾਇਆ ਜਾ ਸਕੇ।

      ਇਸ ਮੌਕੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸਮਾਰਟ ਪਿੰਡ ਮੁਹਿੰਮ ਤਹਿਤ ਵਿਕਾਸ ਸਕੀਮਾਂ ਨੂੰ ਤੈਅ ਸਮੇਂ ਵਿੱਚ ਪੂਰਾ ਕਰਨ ਲਈ ਡੂੰਘੀ ਦਿਲਚਸਪੀ ਦਿਖਾਉਣ ‘ਤੇ ਪੰਚਾਇਤਾਂ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਪੰਚਾਇਤਾਂ ਦੇ ਇਸੇ ਉੱਦਮ ਨੇ ਸੂਬਾ ਸਰਕਾਰ ਨੂੰ ਦੂਜੇ ਪੜਾਅ ਵਿੱਚ ਤਿੰਨ ਗੁਣਾ ਪੂੰਜੀ ਲਾਗਤ ਵਧਾਉਣ ਲਈ ਉਤਸ਼ਾਹਤ ਕੀਤਾ।

      ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਭਾਵੇਂ ਪੰਜਾਬ ਵਿੱਤੀ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ ਪਰ ਪੇਂਡੂ ਅਤੇ ਸ਼ਹਿਰੀ ਸੈਕਟਰਾਂ ਵਿੱਚ ਵਿਕਾਸ ਦੀ ਗਤੀ ਇਸੇ ਤਰ੍ਹਾਂ ਜਾਰੀ ਰਹੇਗੀ।

      ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਵੱਲੋਂ ਲਏ ਸਪੁਨੇ ਦੀ ਲੀਹ ਉੱਤੇ ਸਮਾਰਟ ਪਿੰਡ ਮੁਹਿੰਮ ਪੇਂਡੂ ਖੇਤਰ ਦੀ ਨੁਹਾਰ ਬਦਲਣ ਵਿੱਚ ਸਹਾਈ ਹੋਵੇਗੀ। ਸ੍ਰੀ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਪੰਚਾਇਤੀ ਸੰਸਥਾਵਾਂ ਅਤੇ ਸ਼ਹਿਰੀ ਸਥਾਨਕ ਇਕਾਈਆਂ ਵਿੱਚ 50 ਫੀਸਦੀ ਰਾਖਵਾਂਕਰਨ ਨੂੰ ਯਕੀਨੀ ਬਣਾਉਣ ਲਈ ਵਧਾਈ ਦਿੱਤੀ।

      ਪੰਜਾਬ ਕਾਂਗਰਸ ਦੇ ਮੁਖੀ ਬਰਿੰਦਰ ਸਿੰਘ ਢਿੱਲੋਂ ਨੇ ਮੁੱਖ ਮੰਤਰੀ ਦੇ ਵਿਰੋਧੀਆਂ ਉਤੇ ਵਰ੍ਹਦਿਆਂ ਕਿਹਾ, “ਤੁਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਤੋਂ ਬਾਹਰ ਕਰ ਸਕਦੇ ਹੋ ਪਰ ਪੰਜਾਬ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਦਿਲ ਵਿੱਚੋਂ ਕਦੇ ਬਾਹਰ ਨਹੀਂ ਕਰ ਸਕਦੇ।“

      ਇਸ ਦੌਰਾਨ ਪੰਜ ਸਰਪੰਚਾਂ ਜਿਹਨਾਂ ਵਿੱਚ ਪਟਿਆਲਾ ਜਿਲ੍ਹੇ ਦੇ ਪਿੰਡ ਪੀਲਖਾਨੀ ਦੇ ਸਰਪੰਚ ਬੂਟਾ ਸਿੰਘ, ਮਹਾਦੀਪੁਰ ਦੇ ਹਰਭਜਨ ਸਿੰਘ, ਜਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਦੇ ਪਿੰਡ ਪੱਤੋਂ ਤੋਂ ਰੁਪਿੰਦਰ ਕੌਰ ਅਤੇ ਪਿੰਡ ਬਾਕਰਪੁਰ ਤੋਂ ਜਗਤਾਰ ਸਿੰਘ, ਫਤਿਹਗੜ੍ਹ ਸਾਹਿਬ ਜਿਲ੍ਹੇ ਦੇ ਪਿੰਡ ਹਵਾਰਾ ਕਲਾਂ ਤੋਂ ਸਤਨਾਮ ਕੌਰ ਸ਼ਾਮਲ ਹਨ, ਨੇ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਦੇ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਸਾਂਝੀ ਕੀਤੀ।

      ਇਸ ਪ੍ਰੋਗਰਾਮ ਵਿੱਚ ਸਾਰੇ ਕੈਬਨਿਟ ਮੰਤਰੀਆਂ, ਕਾਂਗਰਸ ਦੇ ਸੰਸਦ ਮੈਂਬਰਾਂ, ਵਿਧਾਇਕਾਂ ਤੋਂ ਇਲਾਵਾ ਮੁੱਖ ਸਕੱਤਰ ਵਿਨੀ ਮਹਾਜਨ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਪ੍ਰਮੁੱਖ ਸਕੱਤਰ ਸੀਮਾ ਜੈਨ ਸਮੇਤ ਹੋਰ ਸੀਨੀਅਰ ਅਧਿਕਾਰੀਆਂ ਨੇ ਵੀ ਵੀਡੀਓ ਕਾਨਫਰੰਸਿੰਗ ਜ਼ਰੀਏ ਸ਼ਮੂਲੀਅਤ ਕੀਤੀ।

Share this Article
Leave a comment