ਵਰਲਡ ਡੈਸਕ :- ਥਾਈਲੈਂਡ ਦੇ ਪ੍ਰਧਾਨਮੰਤਰੀ ਜਨਰਲ ਪ੍ਰਯੁਤ ਚੈਨ-ਓ-ਚਾ ਨੂੰ ਸੋਮਵਾਰ ਮਾਸਕ ਨਾ ਪਹਿਨਣ ‘ਤੇ 14270 ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਥਾਈਲੈਂਡ ਦੀ ਸਰਕਾਰ ਦੇਸ਼ ‘ਚ ਕੋਰੋਨਾ ਵਾਇਰਸ ਦੀ ਨਵੀਂ ਲਹਿਰ ਦਾ ਮੁਕਾਬਲਾ ਕਰਨ ਲਈ ਜੱਦੋਜਹਿਦ ਕਰ ਰਹੀ ਹੈ। ਥਾਈਲੈਂਡ ‘ਚ ਸੋਮਵਾਰ ਨੂੰ ਕੋਵਿਡ -19 ਦੇ 2,048 ਨਵੇਂ ਕੇਸ ਸਾਹਮਣੇ ਆਏ ਤੇ ਅੱਠ ਹੋਰ ਮਰੀਜ਼ਾਂ ਦੀ ਮੌਤ ਹੋ ਗਈ।
ਦੱਸ ਦਈਏ ਜਨਰਲ ਪ੍ਰਯੁਤ ਨੂੰ ਬੀਤੇ ਸੋਮਵਾਰ ਟੀਕਾ ਖਰੀਦ ਸਲਾਹਕਾਰਾਂ ਨਾਲ ਮੁਲਾਕਾਤ ਦੌਰਾਨ ਮਾਸਕ ਨਾ ਪਹਿਣਨ ਕਰਕੇ ਜ਼ੁਰਮਾਨਾ ਕੀਤਾ ਗਿਆ ਹੈ। ਥਾਈਲੈਂਡ ਦੀ ਰਾਜਧਾਨੀ ਬੈਂਕਾਕ ‘ਚ ਸੋਮਵਾਰ ਤੋਂ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਬੈਂਕਾਕ ਦੇ ਰਾਜਪਾਲ ਅਸਵਿਨ ਕਵਾਂਮੁਆਂਗ ਨੇ ਬੀਤੇ ਸੋਮਵਾਰ ਨੂੰ ਫੇਸਬੁੱਕ ‘ਤੇ ਪੋਸਟ ਕੀਤਾ ਕਿ ਉਸਨੇ ਪ੍ਰਧਾਨ ਮੰਤਰੀ ਖਿਲਾਫ ਪੁਲਿਸ ਸ਼ਿਕਾਇਤ ਦਰਜ ਕਰਵਾਈ ਹੈ।
ਇਸਤੋਂ ਇਲਾਵਾ ਸੋਸ਼ਲ ਮੀਡੀਆ ‘ਤੇ ਪ੍ਰਧਾਨ ਮੰਤਰੀ ਦੀ ਅਲੋਚਨਾ ਹੋਣ ਤੋਂ ਬਾਅਦ ਸ਼ਹਿਰ ਦੇ ਅਧਿਕਾਰੀ ਹਰਕਤ ‘ਚ ਆਏ। ਆਪਣੇ ਫੇਸਬੁੱਕ ਪੇਜ ‘ਤੇ ਉਹ ਬਿਨਾਂ ਮਾਸਕ ਦੇ ਬੈਠਕ ‘ਚ ਬੈਠੇ ਦਿਖੇ ਜਦਕਿ ਹਰ ਇਕ ਨੇ ਮਾਸਕ ਪਾਇਆ ਹੋਇਆ ਸੀ।
ਜ਼ਿਕਰਯੋਗ ਹੈ ਕਿ ਥਾਈਲੈਂਡ ‘ਚ ਥਾਈਲੈਂਡ ਦੇ ਨਾਗਰਿਕਾਂ ਨੂੰ ਛੱਡ ਕੇ, 1 ਮਈ ਤੋਂ ਭਾਰਤ ਤੋਂ ਯਾਤਰੀਆਂ ਦੇ ਦਾਖਲੇ ‘ਤੇ ਪਾਬੰਦੀ ਲਗਾਈ ਗਈ ਹੈ।