ਅਭੀ ਤੋਂ ਹਮ ਜ਼ਿੰਦਾ ਹੈ, 20 ਦਿਨ ਬਾਅਦ ਨਜ਼ਰ ਆਇਆ ਉੱਤਰੀ ਕੋਰੀਆ ਦਾ ਤਾਨਾਸ਼ਾਹ ਕਿਮ ਜੋਂਗ ਉਨ

TeamGlobalPunjab
2 Min Read

ਪਓਂਗਯਾਂਗ : ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਆਪਣੀ ਮੌਤ ਦੀਆਂ ਖਬਰਾਂ ਤੋਂ ਬਾਅਦ ਸ਼ੁੱਕਰਵਾਰ ਨੂੰ ਜਨਤਕ ਤੌਰ ‘ਤੇ ਲੋਕਾਂ ‘ਚ ਪਹੁੰਚੇ। ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ ਕਿਮ ਜੋਂਗ ਨੇ ਰਾਜਧਾਨੀ ਪਓਂਗਯਾਂਗ ਦੇ ਨੇੜੇ ਸ਼ੰਚੋਨ ‘ਚ ਇੱਕ ਖਾਦ ਕੰਪਨੀ ਦਾ ਉਦਘਾਟਨ ਕੀਤਾ। ਦੱਸ ਦਈਏ ਕਿ ਪਿਛਲੇ ਇੱਕ ਮਹੀਨੇ ਤੋਂ ਉੱਤਰੀ ਕੋਰੀਆ ਤਾਨਾਸ਼ਾਹ ਦੀ ਸਿਹਤ ਅਤੇ ਮੌਤ ਬਾਰੇ ਕਈ ਕਿਆਸ ਅਰਾਈਆਂ ਅਤੇ ਦਾਅਵੇ ਕੀਤੇ ਜਾ ਰਹੇ ਸਨ ਪਰ ਲਗਭਗ ਤਿੰਨ ਹਫ਼ਤਿਆਂ ਬਾਅਦ ਕਿਮ ਜੋਂਗ ਫਿਰ ਜਨਤਕ ਰੂਪ ‘ਚ ਉੱਤਰੀ ਕੋਰੀਆ ਦੇ ਲੋਕਾਂ ਸਾਹਮਣੇ ਪਹੁੰਚੇ। ਉੱਤਰੀ ਕੋਰੀਆ ਦੀ ਸਰਕਾਰੀ ਨਿਊਜ਼ ਏਜੰਸੀ ਕੋਰੀਆਨ ਸੈਂਟ੍ਰਲ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।

ਦਰਅਸਲ ਕਿਮ ਜੋਂਗ 11 ਅਪ੍ਰੈਲ ਨੂੰ ਪੋਲਿਟ ਬਿਓਰੋ ਦੀ ਬੈਠਕ ਤੋਂ ਬਾਅਦ ਜਨਤਕ ਤੌਰ ‘ਤੇ ਸਾਹਮਣੇ ਨਹੀਂ ਆਏ ਸਨ। ਜਿਸ ਤੋਂ ਬਾਅਦ ਉਸ ਦੀ ਮੌਤ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਪਰ ਹੁਣ ਉੱਤਰੀ ਕੋਰੀਆ ਦੇ ਮੀਡੀਆ ਵੱਲੋਂ ਕਿਮ ਜੋਂਗ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ ਜਿਸ ਨੇ ਕਿਮ ਜੋਂਗ ਦੀ ਮੌਤ ਦੀਆਂ ਖਬਰਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਕੇਸੀਐੱਨਏ ਨੇ ਆਪਣੀ ਰਿਪੋਰਟ ਵਿਚ ਦੱਸਿਆ ਕਿ ਕਿਮ ਜੋਂਗ ਆਪਣੀ ਭੈਣ ਕਿਮ ਯੋ ਜੋਂਗ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਸ਼ੁੱਕਰਵਾਰ ਨੂੰ ਜਨਤਕ ਤੌਰ ‘ਤੇ ਲੋਕਾਂ ‘ਚ ਪਹੁੰਚੇ। ਏਜੰਸੀ ਨੇ ਕਿਹਾ, “ਵਿਸ਼ਵ ਦੇ ਕਿਰਤੀ ਲੋਕਾਂ ਲਈ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮੌਕੇ ਸ਼ੰਚੋਨ ਫਾਸਫੈਟਿਕ ਫਰਟੀਲਾਈਜ਼ਰ ਵੱਲੋਂ ਆਯੋਜਿਤ ਸਮਾਰੋਹ ‘ਚ ਕਿਮ ਜੋਂਗ ਸ਼ਾਮਲ ਹੋਏ।”

ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਸੀ ਕਿ ਉਨ੍ਹਾਂ ਦਾ ‘ਬ੍ਰੇਨ ਡੈੱਡ’ ਹੋ ਗਿਆ ਹੈ। ਮਤਲਬ ਉਹ ਕੋਮਾ ‘ਚ ਚਲੇ ਗਏ ਹਨ। ਇਸ ਤੋਂ ਪਹਿਲਾਂ ਅਮਰੀਕੀ ਖੁਫੀਆ ਏਜੰਸੀਆਂ ਨੇ ਦਾਅਵਾ ਕੀਤਾ ਸੀ ਕਿ ਕਿਮ ਜੋਂਗ ਦੇ ਦਿਲ ਦੀ ਸਰਜਰੀ ਅਸਫਲ ਰਹੀ ਸੀ ਅਤੇ ਉਨ੍ਹਾਂ ਦੀ ਮੌਤ ਹੋ ਗਈ ਹੈ। ਹਾਲਾਂਕਿ, ਉੱਤਰੀ ਕੋਰੀਆ ਵੱਲੋਂ ਅਧਿਕਾਰਤ ਤੌਰ ‘ਤੇ ਕਿਸੇ ਵੀ ਦਾਅਵੇ ਦੀ ਪੁਸ਼ਟੀ ਨਹੀਂ ਕੀਤੀ ਗਈ ਸੀ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਕਿਮ ਜੋਂਗ ਲੋਕਾਂ ਦੀ ਨਜ਼ਰ ਤੋਂ ਗ਼ਾਇਬ ਹੋਇਆ ਹੈ। ਸਾਲ 2014 ‘ਚ ਵੀ ਇੱਕ ਵਾਰ ਉਹ ਲਗਭਗ ਇੱਕ ਮਹੀਨੇ ਲਈ ਗ਼ਾਇਬ ਹੋ ਗਿਆ ਸੀ।

Share this Article
Leave a comment