ਮੈਡੀਕਲ ਅਫਸਰਾਂ ਦੀਆਂ 634 ਅਸਾਮੀਆਂ ਲਈ 9 ਤੇ 10 ਨਵੰਬਰ ਨੂੰ ਹੋਵੇਗੀ ਵਾਕ-ਇਨ ਇੰਟਰਵਿਊ

Global Team
2 Min Read

ਚੰਡੀਗੜ੍ਹ: ਪੰਜਾਬ ਵਿੱਚ ਸਿਹਤ ਸੰਭਾਲ ਸਹੂਲਤਾਂ ਵਿੱਚ ਸੁਧਾਰ ਕਰਨ ਵੱਲ ਵੱਡੀ ਪੁਲਾਂਘ ਪੱਟਦਿਆਂ, ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸਿਹਤ ਵਿਭਾਗ ਵਿੱਚ ਸਪੈਸ਼ਲਿਸਟ ਡਾਕਟਰਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਡਾਇਰੈਕਟੋਰੇਟ ਸਿਹਤ ਅਤੇ ਪਰਿਵਾਰ ਭਲਾਈ ਨੇ 634 (ਅਹੁਦਿਆਂ ਦੀ ਗਿਣਤੀ ਵਧ ਜਾਂ ਘਟ ਸਕਦੀ ਹੈ) ਮੈਡੀਕਲ ਅਫਸਰਾਂ (ਸਪੈਸ਼ਲਿਸਟ) ਦੀ ਭਰਤੀ ਲਈ ਵਾਕ-ਇਨ ਇੰਟਰਵਿਊ ਲਈ ਜਨਤਕ ਨੋਟਿਸ ਜਾਰੀ ਕੀਤਾ ਹੈ। ਇਹ ਇੰਟਰਵਿਊ 9 ਅਤੇ 10 ਨਵੰਬਰ ਨੂੰ ਸਵੇਰੇ 10:00 ਵਜੇ ਤੋਂ ਡਾਇਰੈਕਟੋਰੇਟ ਸਿਹਤ ਅਤੇ ਪਰਿਵਾਰ ਭਲਾਈ ਪੰਜਾਬ, ਪਰਿਵਾਰ ਕਲਿਆਣ ਭਵਨ, ਸੈਕਟਰ-34-ਏ, ਚੰਡੀਗੜ੍ਹ ਵਿਖੇ ਹੋਵੇਗੀ।

ਇਹ ਜਾਣਕਾਰੀ ਦਿੰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਜਦੋਂ ਤੋਂ ਉਨ੍ਹਾਂ ਨੇ ਸਿਹਤ ਵਿਭਾਗ ਦਾ ਚਾਰਜ ਸੰਭਾਲਿਆ ਹੈ, ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਪੇਂਡੂ ਖੇਤਰਾਂ ਵਿੱਚ ਡਾਕਟਰਾਂ ਵਿਸ਼ੇਸ਼ ਤੌਰ ‘ਤੇ ਮਾਹਿਰ ਡਾਕਟਰਾਂ ਦੀ ਘਾਟ ਹੈ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਦੀਆਂ ਜਨਤਕ ਸਿਹਤ ਸੰਸਥਾਵਾਂ ਵਿੱਚ ਦੇਖਭਾਲ ਸਹੂਲਤਾਂ ਦੇ ਸੁਧਾਰ ਵੱਲ ਕੋਈ ਧਿਆਨ ਨਹੀਂ ਦਿੱਤਾ।

ਸਿਹਤ ਵਿਭਾਗ ਵਿੱਚ ਇਸ ਵਿਆਪਕ ਭਰਤੀ ਮੁਹਿੰਮ ਬਾਰੇ ਹੋਰ ਜਾਣਕਾਰੀ ਦਿੰਦਿਆਂ ਜੌੜਾਮਾਜਰਾ ਨੇ ਦੱਸਿਆ ਕਿ ਇਨ੍ਹਾਂ 634 ਅਸਾਮੀਆਂ ਵਿੱਚ ਵੱਖ-ਵੱਖ ਮਾਹਰ ਸ਼ਾਮਲ ਹਨ ਜਿਵੇਂ ਕਿ ਮੈਡੀਸਨ ਨਾਲ ਸਬੰਧਤ 103, ਜਨਰਲ ਸਰਜਰੀ 78, ਗਾਇਨੀਕੋਲੋਜੀ 100, ਪੀਡੀਆਟ੍ਰਿਕਸ 122, ਅਨੈਸਥੀਸੀਆ 75, ਆਰਥੋ 113, ਰੇਡਿਓਲੋਜੀ 31, ਈ.ਐਨ.ਟੀ. 16, ਅੱਖਾਂ ਦੇ ਮਾਹਰ 16, ਸਕਿੱਨ ਐਂਡ ਵੀ.ਡੀ. 24, ਮਨੋਰੋਗ ਮਾਹਰ 10, ਛਾਤੀ ਅਤੇ ਟੀ.ਬੀ. ਦੇ ਮਾਹਰ 6, ਪੈਥੋਲੋਜੀ 12, ਮਾਈਕਰੋਬਾਇਓਲੋਜੀ 5, ਕਮਿਊਨਿਟੀ ਮੈਡੀਸਨ 4, ਬੀ.ਟੀ.ਓ. 9 ਅਤੇ ਫੋਰੈਂਸਿਕ ਮੈਡੀਸਨ 12 ਸ਼ਾਮਲ ਹਨ।

ਸਪੈਸ਼ਲਿਟੀ ਅਨੁਸਾਰ ਬ੍ਰੇਕ-ਅੱਪ, ਐਪਲੀਕੇਸ਼ਨ ਫਾਰਮੈਟ ਅਤੇ ਹੋਰ ਵੇਰਵੇ https://nhm.punjab.gov.in/ ‘ਤੇ ਦੇਖੇ ਜਾ ਸਕਦੇ ਹਨ। ਉਮੀਦਵਾਰਾਂ ਨੂੰ 01.11.2022 ਤੱਕ https://nhm.punjab.gov.in/ ‘ਤੇ ਆਪਣਾ ਆਨਲਾਈਨ ਅਰਜ਼ੀ ਫਾਰਮ ਜਮ੍ਹਾਂ ਕਰਾਉਣ ਦੀ ਅਪੀਲ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਉਮੀਦਵਾਰ ਕਾਉਂਸਲਿੰਗ/ਇੰਟਰਵਿਊ ਸਮੇਂ ਡਾਇਰੈਕਟੋਰੇਟ, ਸਿਹਤ ਅਤੇ ਪਰਿਵਾਰ ਭਲਾਈ, ਪੰਜਾਬ, ਪਰਿਵਾਰ ਕਲਿਆਣ ਭਵਨ, ਸੈਕਟਰ-34/ਏ, ਚੰਡੀਗੜ੍ਹ ਵਿਖੇ ਆਪਣੇ ਸਾਰੇ ਦਸਤਾਵੇਜ਼ (ਸਵੈ ਤਸਦੀਕ) ਜਮ੍ਹਾਂ ਕਰਾਉਣ।

Share This Article
Leave a Comment