ਚੰਡੀਗੜ੍ਹ : ਮੋਹਾਲੀ ਦੇ ਪ੍ਰਮੁੱਖ ਸ਼ਾਪਿੰਗ ਅਤੇ ਮਨੋਰੰਜਨ ਕੇਂਦਰ ਵੀਆਰ ਪੰਜਾਬ ਮਾਲ ਨੂੰ ਅਣਮਿਥੇ ਸਮੇ ਲਈ ਲੋਕਾਂ ਲਈ ਬੰਦ ਕਰ ਦਿੱਤਾ ਗਿਆ ਹੈ। ਅਚਾਨਕ ਇਸ ਤਰ੍ਹਾਂ ਮਾਲ ਦੇ ਬੰਦ ਹੋਣ ਨਾਲ ਉੱਥੇ ਕੰਮ ਕਰਨ ਵਾਲੇ ਸੈਂਕੜੇ ਮੁਲਾਜ਼ਮਾਂ ਅਤੇ ਦੁਕਾਨਦਾਰਾਂ ਲਈ ਪਰੇਸ਼ਾਨੀ ਖੜ੍ਹੀ ਹੋ ਗਈ ਹੈ। ਇਹ ਵੀ ਸਪਸ਼ਟ ਨਹੀਂ ਹੈ ਕਿ ਮਾਲ ਕਦੋਂ ਤੱਕ ਬੰਦ ਰਹੇਗਾ। ਸੋਮਵਾਰ ਨੂੰ ਕਈ ਲੋਕ ਮਾਲ ਪਹੁੰਚੇ, ਪਰ ਉਨ੍ਹਾਂ ਨੂੰ ਗੇਟ ਤੋਂ ਹੀ ਨਿਰਾਸ਼ ਹੋ ਕੇ ਪਰਤਣਾ ਪਿਆ।
ਮਿਲੀ ਜਾਣਕਾਰੀ ਅਨੁਸਾਰ ਮਾਲ ਪ੍ਰਬੰਧਕਾਂ ਨੇ ਇਸ ਦਾ ਕਾਰਨ ਤਿੰਨ ਅਪ੍ਰੈਲ ਨੂੰ ਆਏ ਭੂਚਾਲ ਕਾਰਨ ਇਮਾਰਤ ਨੂੰ ਹੋਏ ਨੁਕਸਾਨ ਨੂੰ ਦੱਸਿਆ ਹੈ। ਕੰਪਨੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਦੁਬਾਰਾ ਖੋਲ੍ਹਣ ਤੋਂ ਪਹਿਲਾਂ ਪੂਰੇ ਢਾਂਚੇ ਦੀ ਵਿਸਤ੍ਰਿਤ ਜਾਂਚ ਕਰਵਾਈ ਜਾਵੇਗੀ।
ਮਾਲ ਨੂੰ ਮਾਲਵਾ ਪ੍ਰਾਈਵੇਟ ਲਿਮਟਿਡ ਕੰਪਨੀ ਚਲਾ ਰਹੀ ਹੈ। ਕੰਪਨੀ ਵੱਲੋਂ ਗੇਟ ‘ਤੇ ਇੱਕ ਪਬਲਿਕ ਨੋਟਿਸ ਲਗਾਇਆ ਗਿਆ ਹੈ। ਜਿਸ ‘ਚ ਵੀਆਰ ਪੰਜਾਬ ਮਾਲ ਨੇ ਘੋਸ਼ਣਾ ਕੀਤੀ ਹੈ ਕਿ 3 ਅਪ੍ਰੈਲ ਨੂੰ ਆਏ ਭੂਚਾਲ ਤੋਂ ਬਾਅਦ ਬਿਲਡਿੰਗ ਦੀ ਮਜ਼ਬੂਤੀ ਕਮਜ਼ੋਰ ਹੋਣ ਦੇ ਖ਼ਦਸ਼ੇ ਦੇ ਚਲਦਿਆਂ ਮਾਲ ਨੂੰ ਤੁਰੰਤ ਬੰਦ ਕੀਤਾ ਜਾ ਰਿਹਾ ਹੈ, ਤਾਂ ਜੋ ਲੋਕਾਂ ਅਤੇ ਦੁਕਾਨਦਾਰਾਂ ਦੀ ਸੁਰੱਖਿਆ ਬਣੀ ਰਹੇ।
ਮਾਲ ਦਾ ਸੰਚਾਲਨ ਕਰਨ ਵਾਲੀ ਕੰਪਨੀ ਅਨੁਸਾਰ, ਮਾਲ ਦੀ ਆਪਣੀ ਟੀਮ ਅਤੇ ਬਾਹਰ ਦੀ ਤਕਨੀਕੀ ਟੀਮ ਨੇ ਜਾਂਚ ਕੀਤੀ, ਜਿਸ ਵਿੱਚ ਬਿਲਡਿੰਗ ਵਿੱਚ ਗੰਭੀਰ ਖ਼ਤਰੇ ਦੀ ਸੰਭਾਵਨਾ ਸਾਹਮਣੇ ਆਈ। ਇਸੇ ਕਾਰਨ ਕੰਪਨੀ ਦੇ ਬੋਰਡ ਨੇ ਫੈਸਲਾ ਲਿਆ ਕਿ ਮਾਲ ਨੂੰ ਆਮ ਲੋਕਾਂ ਲਈ ਬੰਦ ਰੱਖਿਆ ਜਾਵੇ। ਇਸ ਫੈਸਲੇ ਦੀ ਜਾਣਕਾਰੀ ਪ੍ਰਸ਼ਾਸਨ, ਦੁਕਾਨਦਾਰਾਂ, ਕਰਮਚਾਰੀਆਂ, ਸਪਲਾਇਰਾਂ ਅਤੇ ਬਾਕੀ ਜੁੜੇ ਲੋਕਾਂ ਨੂੰ ਦੇ ਦਿੱਤੀ ਗਈ ਹੈ। ਕੰਪਨੀ ਨੇ ਇਹ ਵੀ ਕਿਹਾ ਹੈ ਕਿ ਮਾਲ ਤਦ ਹੀ ਦੁਬਾਰਾ ਖੋਲ੍ਹਿਆ ਜਾਵੇਗਾ, ਜਦੋਂ ਪੂਰੀ ਜਾਂਚ ਤੋਂ ਬਾਅਦ ਇਹ ਪੱਕਾ ਹੋ ਜਾਵੇਗਾ ਕਿ ਬਿਲਡਿੰਗ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਲੋਕਾਂ ਦੇ ਇਸਤੇਮਾਲ ਦੇ ਲਾਇਕ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

