ਜਗਤਾਰ ਸਿੰਘ ਸਿੱਧੂ;
ਹਰਿਆਣਾ ਵਿਧਾਨ ਸਭਾ ਦੀਆਂ ਨੱਬੇ ਸੀਟਾਂ ਲਈ ਅੱਜ ਹਰਿਆਣਵੀਆਂ ਨੇ ਬੇਸ਼ਕ ਆਪਣਾ ਫਤਵਾ ਵੋਟ ਦੇਕੇ ਵੋਟਿੰਗ ਮਸ਼ੀਨਾਂ ਵਿੱਚ ਬੰਦ ਕਰ ਦਿਤਾ ਹੈ ਅਤੇ ਨਤੀਜੇ ਅੱਠ ਅਕਤੂਬਰ ਨੂੰ ਵੋਟਾਂ ਦੀ ਗਿਣਤੀ ਨਾਲ ਸਾਹਮਣੇ ਆਉਣਗੇ ਪਰ ਰਾਜ ਦੀਆਂ ਮੁੱਖ ਧਿਰਾਂ ਭਾਜਪਾ ਅਤੇ ਕਾਂਗਰਸ ਵਲੋਂ ਪੂਰੇ ਭਰੋਸੇ ਨਾਲ ਸਰਕਾਰ ਬਨਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇੰਡੀਅਨ ਨੈਸ਼ਨਲ ਲੋਕ ਦਲ ਅਤੇ ਬਸਪਾ ਗਠਜੋੜ ਆਪਣੇ ਤੌਰ ਤੇ ਸਰਕਾਰ ਬਨਾਉਣ ਦਾ ਦਾਅਵਾ ਕਰ ਰਿਹਾ ਹੈ। ਇਸ ਸਾਰੇ ਦੇ ਇਲਾਵਾ ਜੇ ਜੇ ਪੀ ਅਤੇ ਅਜਾਦ ਉਮੀਦਵਾਰ ਦਾਅਵਾ ਕਰ ਰਹੇ ਹਨ ਕਿ ਇਹ ਗਰੁਪ ਵੱਡੀ ਗਿਣਤੀ ਵਿਚ ਜਿੱਤਕੇ ਆ ਰਿਹਾ ਹੈ ਅਤੇ ਜਿਹੜੀ ਵੀ ਹਰਿਆਣਾ ਦੀ ਸਰਕਾਰ ਬਣੇਗੀ, ਉਹ ਅਜਾਦ ਧੜੇ ਦੀ ਮਦਦ ਨਾਲ ਹੀ ਬਣੇਗੀ। ਇਸ ਤਰਾਂ ਜੇ ਕਰ ਦਾਅਵੇਦਾਰੀਆਂ ਨੂੰ ਵੇਖਿਆ ਜਾਵੇ ਤਾਂ ਆਪ ਦਾ ਜਿਕਰ ਕਰਨਾ ਵੀ ਬਣਦਾ ਹੈ। ਆਪ ਨੇ ਵੀ ਪੂਰੀਆਂ ਸੀਟਾਂ ਲਈ ਚੋਣ ਲੜੀ ਹੈ ਅਤੇ ਦਾਅਵਾ ਕੀਤਾ ਹੈ ਕਿ ਸਰਕਾਰ ਆਪ ਦੀ ਮਦਦ ਨਾਲ ਹੀ ਬਣੇਗੀ।
ਜੇਕਰ ਪਿਛਲੀ ਵਿਧਾਨ ਸਭਾ ਲਈ ਝਾਤ ਮਾਰੀ ਜਾਵੇ ਤਾਂ ਪਤਾ ਲਗਦਾ ਹੈ ਕਿ 40 ਸੀਟਾਂ ਭਾਜਪਾ,ਕਾਂਗਰਸ 31 ਸੀਟਾਂ , ਜੇਜੇਪੀ ਦਸ ਸੀਟਾਂ ਅਤੇ ਬਾਕੀ ਅਜਾਦ ਸਨ। ਪਿਛਲੀ ਪਾਰਲੀਮੈਂਟ ਚੋਣ ਵੇਲੇ ਕਾਂਗਰਸ ਅਤੇ ਭਾਜਪਾ ਬਰਾਬਰ ਰਹੀਆਂ। ਇਹ ਅੰਕੜੇ ਦਸਦੇ ਹਨ ਕਿ ਭਾਜਪਾ ਲਈ ਹਰਿਆਣਾ ਦੀ ਅੱਜ ਦੀ ਚੋਣ ਤਲਵਾਰ ਦੀ ਧਾਰ ਤੇ ਤੁਰਨ ਦੇ ਬਰਾਬਰ ਹੈ।
ਹਰਿਆਣਾ ਦੀ ਚੋਣ ਦੀ ਅਹਿਮੀਅਤ ਦਾ ਪਤਾ ਇਸ ਤੱਥ ਨਾਲ ਵੀ ਸਾਹਮਣੇ ਆਇਆ ਹੈ ਕਿ ਅੱਜ ਵੋਟਾਂ ਦੇ ਦਿਨ ਵੀ ਭਾਜਪਾ ਨੇ ਕਾਂਗਰਸ ਨੂੰ ਨਿਸ਼ਾਨਾ ਬਨਾਉਣ ਦੀ ਬਾਖੂਬੀ ਸਕੀਮ ਤਿਆਰ ਕੀਤੀ ਹੋਈ ਸੀ। ਹਾਲਾਂ ਕਿ ਚੋਣ ਕਮਿਸ਼ਨ ਨੇ ਦੋ ਦਿਨ ਪਹਿਲਾਂ ਹਰਿਆਣਾ ਵਿਚ ਚੋਣ ਪ੍ਰਚਾਰ ਤਾਂ ਬੰਦ ਕਰ ਕਰਨ ਦਾ ਆਦੇਸ਼ ਦੇ ਦਿਤਾ ਸੀ ਪਰ ਮਹਾਂਰਾਸ਼ਟਰ ਵਿਚ ਜਾਕੇ ਸਰਕਾਰ ਨੇ ਖੇਤੀ ਨਾਲ ਜੁੜੇ ਮਾਮਲਿਆਂ ਉਪਰ ਸਮਾਗਮ ਰੱਖ ਲਿਆ। ਉਹ ਸਮਾਗਮ ਲਾਈਵ ਸੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁੱਖ ਮਹਿਮਾਨ ਸਨ। ਪ੍ਰਧਾਨ ਮੋਦੀ ਨੇ ਹੋਰ ਗੱਲਾਂ ਵੀ ਕੀਤੀਆਂ ਪਰ ਉਨਾ ਕਿਹਾ ਕੇ ਦੇਸ਼ ਦੇਖ ਰਿਹਾ ਹੈ ਕਾਂਗਰਸ ਦਾ ਇਕ ਆਗੂ ਹਜਾਰਾਂ ਕਰੋੜ ਰੁਪਏ ਦੇ ਡਰਗ ਕੇਸ ਵਿਚ ਸ਼ਾਮਲ ਹੈ! ਮੋਦੀ ਦਾ ਕਹਿਣਾ ਹੈ ਕਿ ਕਾਂਗਰਸ ਡਰਗ ਦੇ ਪੈਸੇ ਨਾਲ ਚੋਣ ਜਿੱਤਣਾ ਚਾਹੁੰਦੀ ਹੈ। ਹਾਲਾਂ ਕਿ ਕਾਂਗਰਸ ਦਾ ਕਹਿਣਾ ਹੈ ਕਿ ਇਹ ਵਿਅਕਤੀ ਤਾਂ 2022 ਵਿਚ ਹੀ ਕਾਂਗਰਸ ਤੋਂ ਕੱਢਿਆ ਹੋਇਆ ਹੈ ਪਰ ਪ੍ਰਧਾਨ ਮੰਤਰੀ ਦਾ ਬਿਆਨ ਪੰਜਾਬ ਅਤੇ ਹਰਿਆਣਾ ਦੇ ਚੈਨਲਾਂ ਉਪਰ ਵਾਰ ਵਾਰ ਇਸ ਤਰਾਂ ਵਿਖਾਇਆ ਜਾ ਰਿਹਾ ਹੈ ਜਿਵੇਂ ਸ਼ਾਇਦ ਦੱਖਣ ਦੇ ਚੈਨਲਾਂ ਉਤੇ ਵੀ ਐਨਾ ਨਾ ਆ ਰਿਹਾ ਹੋਵੇ। ਬੇਸ਼ਕ ਹਰਿਆਣਾ ਦਾ ਪ੍ਰਧਾਨ ਮੰਤਰੀ ਨੇ ਜਿਕਰ ਨਹੀ ਕੀਤਾ ਪਰ ਕਿਸ ਸੂਬੇ ਵਿਚ ਵੋਟਾਂ ਪੈ ਰਹੀਆਂ ਹਨ, ਉਥੇ ਮਹਾਂਰਸ਼ਟਰ ਦੇ ਸੁਨੇਹੇ ਦੇ ਅਸਰ ਬਾਰੇ ਕੋਈ ਬਹਿਸ ਦਾ ਮੁੱਦਾ ਹੀ ਨਹੀ। ਇਹ ਜਰੂਰ ਹੈ ਕਿ ਰੁਜਗਾਰ , ਪ੍ਰਸ਼ਾਸ਼ਨ ਦੀ ਕਾਰਗੁਜਾਰੀ , ਪਹਿਲਵਾਨਾਂ ਦਾ ਮਾਮਲਾ, ਅਗਨੀਵੀਰ , ਐਸ ਵਾਈ ਐਲ , ਨਸ਼ੇ ਅਤੇ ਕਿਸਾਨੀ ਦੇ ਅਹਿਮ ਮੁੱਦਿਆਂ ਨਾਲ ਜੁੜੇ ਲੋਕਾਂ ਲਈ ਆਪਣਾ ਸੁਨੇਹਾ ਹਾਕਮ ਅਤੇ ਵਿਰੋਧੀ ਧਿਰਾਂ ਨੂੰ ਦੇਣ ਲਈ ਵੋਟ ਦੇਣ ਤੋੰ ਵਧੇਰੇ ਚੰਗਾ ਮੌਕਾ ਨਹੀਂ ਹੋ ਸਕਦਾ। ਇਸ ਦੇਸ਼ ਦੇ ਨੇਤਾ ਤਾਂ ਕੋਈ ਮੁੱਖ ਮੰਤਰੀ ਅਤੇ ਕੋਈ ਪ੍ਰਧਾਨ ਮੰਤਰੀ ਬਣਕੇ ਆਖਦਾ ਹੈ ਕਿ ਦੇਖੋ ਸਧਾਰਨ ਘਰ ਦਾ ਵਿਅਕਤੀ ਜਮੂਹਰੀਅਤ ਨੇ ਕਿਥੇ ਪੁਜਾ ਦਿਤਾ ਪਰ ਇਸ ਦੇਸ਼ ਦਾ ਵੋਟਰ ਲੰਮਾ ਸਾਹ ਲੈ ਕੇ ਆਖਦਾ ਹੈ ਕਿ ਬਾਬਾ ਭੀਮ ਰਾਉ ਤੇਰੇ ਸਦਾ ਧੰਨਵਾਦੀ ਹਾਂ ਜਿਸ ਨੇ ਸਧਾਰਨ ਵਿਅਕਤੀ ਨੂੰ ਪੰਜ ਸਾਲ ਵਿੱਚ ਇਕ ਵਾਰ ਤਾਂ ਮੌਕਾ ਪੱਕਾ ਦੇ ਦਿੱਤਾ ਹੈ ਕਿ ਆਪਣੇ ਨੇਤਾ ਨਾਲ ਵੋਟ ਪਾਕੇ ਮਨ ਕੀ ਬਾਤ ਆਖ ਸਕਦਾ ਹੈ। ਪ੍ਰਧਾਨ ਮੰਤਰੀ ਮਨ ਕੀ ਬਾਤ ਕਰਦਾ ਹੈ ਤਾਂ ਸਾਰੇ ਦੇਸ਼ ਦਾ ਸਰਕਾਰੀ ਅਤੇ ਗੈਰ ਸਰਕਾਰੀ ਮੀਡੀਆ ਤੰਤਰ ਸੁਨਾਉਣ ਲਈ ਪੱਬਾਂਭਾਰ ਹੁੰਦਾ ਹੈ ਪਰ ਸਧਾਰਨ ਵਿਅਕਤੀ ਆਪਣੇ ਮਨ ਨਾਲ ਇਕ ਬਟਨ ਦਬਾਉਂਦਾ ਹੈ ਤਾਂ ਸਰਕਾਰਾਂ ਬਦਲਦੀਆਂ ਅਤੇ ਬਣਦੀਆਂ ਹਨ।
ਸੰਪਰਕਃ 9814002186