ਵੀਕੇ ਭਾਵਰਾ ਨੂੰ ਪੰਜਾਬ ਦੇ ਡੀਜੀਪੀ ਦੇ ਅਹੁਦੇ ਤੋਂ ਹਟਾ ਕੇ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਕੀਤਾ ਨਿਯੁਕਤ

Rajneet Kaur
2 Min Read

ਚੰਡੀਗੜ੍ਹ: ਵੀਕੇ ਭਾਵਰਾ ਨੂੰ ਪੰਜਾਬ ਦੇ ਡੀਜੀਪੀ ਦੇ ਅਹੁਦੇ ਤੋਂ ਹਟਾ ਦਿੱਤੀ ਗਿਆ ਹੈ। ਉਨ੍ਹਾਂ ਨੂੰ ਹੁਣ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ।ਹੁਣ ਗੌਰਵ ਯਾਦਵ ਵਧੀਕ ਡੀਜੀਪੀ ਵਜੋਂ ਅਹੁਦੇ ਉਤੇ ਬਣੇ ਰਹਿਣਗੇ। ਦੱਸ ਦਈਏ ਕਿ ਵੀਕੇ ਭਾਵਰਾ5 ਜੁਲਾਈ ਤੋਂ 2 ਮਹੀਨਿਆਂ ਦੀ  ਲੰਬੀ ਛੁੱਟੀ ‘ਤੇ ਚਲੇ ਗਏ ਸਨ। ਉਨ੍ਹਾਂ ਦੀ ਥਾਂ ਉਤੇ ਗੌਰਵ ਯਾਦਵ ਨੂੰ ਵਧੀਕ ਡੀਜੀਪੀ ਵਜੋਂ ਨਿਯੁਕਤ ਕੀਤਾ ਗਿਆ ਸੀ।

 ਪੰਜਾਬ ਵਿੱਚ ਸੱਤਾ ਤਬਦੀਲੀ ਮਗਰੋਂ 1987 ਬੈਚ ਦੇ ਇਹ ਸੀਨੀਅਰ ਪੁਲਿਸ ਅਧਿਕਾਰੀ ਭਾਵੇਂ ਪੁਲਿਸ ਮੁਖੀ ਵਜੋਂ ਸੇਵਾਵਾਂ ਨਿਭਾਉਂਦੇ ਆ ਰਹੇ ਸਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਚਾਨਕ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਖ਼ਤਮ ਹੁੰਦਿਆਂ ਹੀ ਜੂਨ ਮਹੀਨੇ ਦੇ ਅਖ਼ਰੀਲੇ ਦਿਨਾਂ ਦੌਰਾਨ ਵੀਕੇ ਭਾਵਰਾ ਨੂੰ ਬਦਲਣ ਦੇ ਸੰਕੇਤ ਦੇ ਦਿੱਤੇ ਸਨ।

ਸੂਤਰਾਂ ਅਨੁਸਾਰ ਇਸ ਪੁਲਿਸ ਅਧਿਕਾਰੀ ਨੂੰ ਲਾਂਭੇ ਕਰਨ ਲਈ ਕਈ ਪੇਸ਼ਕਸ਼ਾਂ ਦਿੱਤੀਆਂ ਗਈਆਂ ਸਨ ਪਰ ਜਦੋਂ ਭਾਵਰਾ ਨੇ ਕੋਈ ਪੇਸ਼ਕਸ਼ ਨਾ ਸਵੀਕਾਰੀ ਤਾਂ ਅਖ਼ੀਰ ਉਨ੍ਹਾਂ ਨੂੰ ਛੁੱਟੀ ’ਤੇ ਜਾਣਾ ਪਿਆ ਸੀ। ਪੁਲਿਸ ਅਧਿਕਾਰੀ ਦੀ ਛੁੱਟੀ ਖ਼ਤਮ ਹੋਣ ਤੋਂ ਪਹਿਲਾਂ ਹੀ ਸੂਬੇ ਦੇ ਵਧੀਕ ਮੁੱਖ ਸਕੱਤਰ (ਗ੍ਰਹਿ) ਅਨੁਰਾਗ ਵਰਮਾ ਨੇ ਨਿੱਜੀ ਤੌਰ ’ਤੇ ਪਹੁੰਚ ਕਰਕੇ ਭਾਵਰਾ ਨੂੰ ਕੁੱਝ ਹੋਰ ਮਹੀਨਿਆਂ ਲਈ ਛੁੱਟੀ ’ਤੇ ਜਾਣ ਲਈ ਸਰਕਾਰ ਦੇ ਨਿਰਦੇਸ਼ਾਂ ਬਾਰੇ ਜਾਣੂ ਕਰਾਇਆ ਸੀ। ਜਦੋਂ ਉਨ੍ਹਾਂ ਮੁੜ ਛੁੱਟੀ ’ਤੇ ਜਾਣ ਤੋਂ ਨਾਂਹ ਕਰ ਦਿੱਤੀ ਤਾਂ ਵਧੀਕ ਮੁੱਖ ਸਕੱਤਰ (ਗ੍ਰਹਿ) ਵੱਲੋਂ ਇੱਕ ਨੋਟਿਸ ਜਾਰੀ ਕਰਦਿਆਂ ਵੀਕੇ ਭਾਵਰਾ ਦੇ ਡੀਜੀਪੀ ਦੇ ਅਹੁਦੇ ’ਤੇ ਹੁੰਦਿਆਂ ਸੂਬੇ ਵਿੱਚ ਅਪਰਾਧ ਵਧਣ, ਪਟਿਆਲਾ ਵਿੱਚ ਅਣਸੁਖਾਵੀਂ ਘਟਨਾ ਹੋਣ ’ਤੇ ਢੁੱਕਵੀਂ ਕਾਰਵਾਈ ਨਾ ਕਰਨ ਅਤੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਸਬੰਧੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਗਏ ਸਨ। ਇਸ ਨੋਟਿਸ ਦਾ ਜਵਾਬ 2 ਸਤੰਬਰ ਤੱਕ ਮੰਗਿਆ ਗਿਆ ਸੀ। ਸੂਤਰਾਂ ਅਨੁਸਾਰ ਫਿਲਹਾਲ ਵੀਕੇ ਭਾਵਰਾ ਨੇ ਨੋਟਿਸ ਦਾ ਜਵਾਬ ਨਹੀਂ ਦਿੱਤਾ ਅਤੇ ਸਰਕਾਰ ਤੋਂ ਕੁੱਝ ਦਸਤਾਵੇਜ਼ ਮੰਗੇ ਹਨ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment