ਕੋਰੋਨਾ ਖ਼ਿਲਾਫ਼ ਜੰਗ ‘ਚ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਦਿੱਤੇ 2 ਕਰੋੜ, ਜਾਣੋ ਹੋਰ ਕਿੰਨੇ ਕਰੋੜ ਦਾ ਕਰਨਗੇ ਸਹਿਯੋਗ

TeamGlobalPunjab
3 Min Read

ਮੁੰਬਈ : ਦੇਸ਼ ਇਸ ਸਮੇਂ ਕੋਰੋਨਾ ਵਾਇਰਸ ਕਾਰਨ ਗੰਭੀਰ ਸੰਕਟ ਵਿਚੋਂ ਲੰਘ ਰਿਹਾ ਹੈ। ਅਜਿਹੇ ਸਮੇਂ ਜਦੋਂ ਦਵਾਈਆਂ, ਵੈਕਸੀਨ ਅਤੇ ਆਕਸੀਜ਼ਨ ਦੀ ਘਾਟ ਲੋਕਾਂ ਦੀ ਜ਼ਿੰਦਗੀ ਤੇ ਭਾਰੀ ਪੈ ਰਹੀ ਹੈ, ਸਰਕਾਰਾਂ ਕੁਝ ਖਾਸ ਨਹੀਂ ਕਰ ਪਾ ਰਹੀਆਂ ਤਾਂ ਕਈ ਨਾਮਵਰ ਸ਼ਖਸੀਅਤਾਂ ਆਪਣਾ ਫ਼ਰਜ਼ ਦਿਲੋਂ ਨਿਭਾ ਰਹੀਆਂ ਹਨ । ਅਦਾਕਾਰ ਸੋਨੂੰ ਸੂਦ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਤੋਂ ਹਰ ਕੋਈ ਵਾਕਿਫ਼ ਹੈ। ਹੁਣ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਕੋਰੋਨਾ ਖਿਲਾਫ਼ ਜਾਰੀ ਜੰਗ ਵਿਚ ਸਹਿਯੋਗ ਕਰਨ ਲਈ ਅੱਗੇ ਆਏ ਹਨ।

ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਕੋਵਿਡ-19 ਮਹਾਂਮਾਰੀ ਵਿਰੁੱਧ ਜਾਰੀ ਜੰਗ ਵਿੱਚ ਸਹਿਯੋਗ ਲਈ ਦੋ ਕਰੋੜ ਰੁਪਏ ਦਾਨ ਕੀਤੇ ਹਨ। ਇੰਨਾਂ ਹੀ ਨਹੀਂ ਇਹਨਾਂ ਵੱਲੋਂ 5 ਕਰੋੜ ਰੁਪਏ ਹੋਰ ਇੱਕਠੇ ਕੀਤੇ ਜਾਣਗੇ । ਫਿਲਹਾਲ ਇਹਨਾਂ ਦਾ ਟੀਚਾ ਕੁੱਲ ਸੱਤ ਕਰੋੜ ਰੁਪਏ ਇਕੱਠਾ  ਕਰਨਾ ਹੈ। ਇਹ ਦੋਵੇਂ ਇੱਕ ਨਿੱਜੀ ਸੰਸਥਾ ਜਿਸਦਾ ਨਾਂ ‘ਕੇਟੋ’ ਹੈ, ਜ਼ਰੀਏ ਇਹ ਪੈਸਾ ਇਕੱਠਾ ਕਰ ਰਹੇ ਹਨ । ਦੋਵਾਂ ਨੇ ਆਪਣੇ ਪ੍ਰਸ਼ੰਸਕਾਂ ਅਤੇ ਆਮ ਲੋਕਾਂ ਨੂੰ ਉਨ੍ਹਾਂ ਦੀ ਮੁਹਿੰਮ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਹੈ। ਵਿਰਾਟ ਕੋਹਲੀ ਨੇ ਆਪਣੇ ਟਵਿੱਟਰ ‘ਤੇ ਵੀਡੀਓ ਸੁਨੇਹਾ ਵੀ ਸ਼ੇਅਰ ਕੀਤਾ ਹੈ ।

ਵਿਰਾਟ ਅਤੇ ਅਨੁਸ਼ਕਾ ਨੇ ਕਿਹਾ ਕਿ ਦੇਸ਼ ਦੀ ਮੌਜੂਦਾ ਸਥਿਤੀ ਕਾਰਨ ਉਹ ਕਾਫੀ ਦੁਖੀ ਅਤੇ ਚਿੰਤਤ ਹਨ। ਉਨ੍ਹਾਂ ਕੋਰੋਨਾ ਖਿਲਾਫ਼ ਮੋਰਚਾ ਸੰਭਾਲਣ ਵਾਲੇ ਹਰ ਵਿਅਕਤੀ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਇਸ ਜੰਗ ਵਿਚ ਆਪਣਾ ਸਹਿਯੋਗ ਕਰਨ ਲਈ ਤਿਆਰ ਹਨ। ਦੋਹਾਂ ਨੇ ਆਪਣੇ ਵੱਲੋਂ ਦੋ ਕਰੋੜ ਰੁਪਏ ਦਾਨ ਦੇਣ ਦਾ ਐਲਾਨ ਕੀਤਾ। ਉਹਨਾਂ ਦੱਸਿਆ ਕਿ ‘ਕੇਟੋ’ ਰਾਹੀਂ ਇੱਕਠਾ ਕੀਤਾ ਗਿਆ ਫੰਡ ਐਕਟ ਗਰਾਂਟ @actgrants ਨੂੰ ਦਿੱਤਾ ਜਾਵੇਗਾ । ਇਹ ਸੰਸਥਾ ਕੋਰੋਨਾ ਪੀੜਤਾਂ ਲਈ ਆਕਸੀਜ਼ਨ, ਦਵਾਈਆਂ ਅਤੇ ਹੋਰ ਸਾਜੋ ਸਾਮਾਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ।

- Advertisement -

ਵਿਰਾਟ ਅਤੇ ਅਨੁਸ਼ਕਾ ਨੇ ਵੀਡੀਓ ਸੁਨੇਹਾ ਸ਼ੇਅਰ ਕਰਦਿਆਂ ਆਪਣੇ ਸਾਰੇ ਪ੍ਰਸ਼ੰਸਕਾਂ ਨੂੰ ਇਸ ਮੁਹਿੰਮ ਵਿਚ ਵੱਧ ਤੋਂ ਵੱਧ ਸਹਿਯੋਗ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ “ਇਹ ਸਮਾਂ ਸਾਡੇ ਸਭ ਦੇ ਇਕੱਠੇ ਹੋ ਕੇ ਕੋਰੋਨਾ ਖਿਲਾਫ਼ ਲੜਾਈ ਲੜਨ ਦਾ ਹੈ। ਅਸੀਂ ਇਸ ਜੰਗ ਵਿੱਚ ਜ਼ਰੂਰ ਜਿੱਤ ਹਾਸਿਲ ਕਰਾਂਗੇ।”

ਵਿਰਾਟ ਕੋਹਲੀ ਨੇ ਇੱਕ ਲਿੰਕ ਵੀ ਸ਼ੇਅਰ ਕੀਤਾ ਹੈ ਅਤੇ ਲੋਕਾਂ ਨੂੰ ਇਸ ਲਿੰਕ ਜ਼ਰੀਏ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।

Share this Article
Leave a comment