ਵਿਧਾਨ ਸਭਾ ਸਪੀਕਰ ਕੋਲ ਪਹੁੰਚਿਆ ਵਾਇਰਲ ਆਡੀਓ ਦਾ ਮਾਮਲਾ, ਹਰਮਿੰਦਰ ਗਿੱਲ ਨੇ SHO ਨੂੰ ਬਰਖਾਸਤ ਕਰਨ ਦੀ ਕੀਤੀ ਮੰਗ

TeamGlobalPunjab
1 Min Read

ਪੱਟੀ: ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਐੱਸਐੱਚਓ ਨਾਲ ਫੋਨ ਰਿਕਾਰਡਿੰਗ ਵਾਇਰਲ ਹੋਣ ਦਾ ਮਾਮਲਾ ਵਿਧਾਨ ਸਭਾ ਸਪੀਕਰ ਕੋਲ ਪਹੁੰਚ ਗਿਆ ਹੈ। ਵਿਧਾਇਕ ਹਰਮਿੰਦਰ ਗਿੱਲ ਨੇ ਵਿਧਾਨ ਸਭਾ ਅਧਿਕਾਰ ਕਮੇਟੀ ਨੂੰ ਐੱਸਐੱਚਓ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਹੈ।

ਹਰਮਿੰਦਰ ਸਿੰਘ ਗਿੱਲ ਨੇ ਪੱਤਰ ਵਿਚ ਲਿਖਿਆ ਹੈ ਕਿ ਉਹ ਹਮੇਸ਼ਾ ਲੋਕਾਂ ਦੇ ਮਸਲਿਆਂ ਬਾਰੇ ਸਮੇਂ ਸਮੇਂ ਤੇ ਸਬੰਧਤ ਸਰਕਾਰੀ ਅਧਿਕਾਰੀਆਂ ਨਾਲ ਗੱਲ ਕਰਦੇ ਰਹਿੰਦੇ ਹਨ। ਇਸੇ ਤਹਿਤ ਹੀ ਉਨ੍ਹਾਂ ਨੇ 4 ਨੂੰ ਹਲਕਾ ਪੱਟੀ ਅਧੀਨ ਆਉਂਦੇ ਥਾਣਾ ਹਰੀਕੇ ਦੇ ਮੁਖੀ ਸਬ ਇੰਸਪੈਕਟਰ ਨਵਦੀਪ ਸਿੰਘ ਨੂੰ ਫੋਨ ਕੀਤਾ ਸੀ ਅਤੇ ਥਾਣੇ ਦਾ ਨਵਾਂ ਚਾਰਜ ਲੈਣ ਤੋਂ ਬਾਅਦ ਫੋਨ ਨਾ ਕਰਨ ਦਾ ਗਿਲਾ ਕੀਤਾ ਸੀ ਪਰ ਉਸਨੇ ਮੇਰੀ ਕਾਲ ਦੀ ਸਾਜਿਸ਼ ਅਧੀਨ ਰਿਕਾਰਡਿੰਗ ਕਰ ਕੇ ਉਸਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤਾ।

ਉਨ੍ਹਾਂ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਕਾਲ ਰਿਕਾਰਡਿੰਗ ਕਰਕੇ ਪੁਲਿਸ ਸਰਵਿਸ ਰੂਲ ਦੀ ਉਲੰਘਣਾ ਕੀਤੀ ਗਈ ਹੈ, ਅਤੇ ਵਿਧਾਇਕ ਦੀ ਆਡੀਓ ਵਾਇਰਲ ਕਰਕੇ ਉਨ੍ਹਾਂ ਦੇ ਵਿਸ਼ੇਸ਼ ਅਧਿਕਾਰਾਂ ਦਾ ਹਨਨ ਕੀਤਾ ਹੈ। ਇਹ ਮਾਮਲਾ ਬਹੁਤ ਸੰਗੀਨ ਹੈ, ਕਿਰਪਾ ਕਰਕੇ ਇਸ ਨੂੰ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਸੌਂਪਕੇ ਪੁਲਿਸ ਅਧਿਕਾਰੀ ਖਿਲਾਫ ਬਣਦਾ ਪਰਚਾ ਦਰਜ ਕਰਕੇ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ।

Share this Article
Leave a comment